ਨਵੀਂ ਦਿੱਲੀ – ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਤਿੰਨ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ’ਚੋਂ ਦੋ ਮਰੀਜ਼ ਤੇਲੰਗਾਨਾ ਤੇ ਇਕ ਬੰਗਾਲ ਦਾ ਹੈ। ਤੇਲੰਗਾਨਾ ’ਚ ਓਮੀਕ੍ਰੋਨ ਤੋਂ ਇਨਫੈਕਟਿਡ ਪਾਏ ਗਏ ਦੋਵੇਂ ਮਰੀਜ਼ ਗ਼ੈਰ-ਜੋਖ਼ਮ ਵਾਲੇ ਦੇਸ਼ਾਂ ਤੋਂ ਆਏ ਹਨ, ਜਦੋਂਕਿ ਬਰਤਾਨੀਆ ਤੋਂ ਆਏ ਤਿੰਨ ਲੋਕਾਂ ਨੂੰ ਕੋਰੋਨਾ ਤੋਂ ਪੀੜਤ ਪਾਇਆ ਗਿਆ ਹੈ ਤੇ ਇਨ੍ਹਾਂ ਨੂੰ ਓਮੀਕ੍ਰੋਨ ਦਾ ਸ਼ੱਕੀ ਮਾਮਲਾ ਮੰਨ ਕੇ ਅੱਗੇ ਦੀ ਜਾਂਚ ਕਰਵਾਈ ਜਾ ਰਹੀ ਹੈ। ਤੇਲੰਗਾਨਾ ਦੇ ਲੋਕ ਸਿਹਤ ਤੇ ਪਰਿਵਾਰ ਭਲਾਈ ਨਿਰਦੇਸ਼ਕ ਡਾ. ਜੀ. ਸ਼੍ਰੀਨਿਵਾਸ ਰਾਓ ਨੇ ਦੱਸਿਆ ਕਿ ਕੀਨੀਆ ਦੀ 24 ਸਾਲ ਦੀ ਇਕ ਔਰਤ ਤੇ ਸੋਮਾਲੀਆ ਦੇ 23 ਸਾਲ ਦੇ ਇਕ ਲੜਕੇ ਨੂੰ ਓਮੀਕ੍ਰੋਨ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਹ ਲੋਕ ਨਿੱਜੀ ਕੰਮ ਤੋਂ ਹੈਦਰਾਬਾਦ ਆਏ ਸਨ ਤੇ ਕੌਮਾਂਤਰੀ ਹਵਾਈ ਅੱਡੇ ’ਤੇ ਜਾਂਚ ’ਚ ਕੋਰੋਨਾ ਪੀੜਤ ਪਾਏ ਗਏ ਸਨ। ਮੰਗਲਵਾਰ ਨੂੰ ਇਨ੍ਹਾਂ ਦੀ ਜੀਨੋਮ ਸੀਕਵੈਂਸਿੰਗ ਦੀ ਰਿਪੋਰਟ ਆਈ ਤਾਂ ਇਨ੍ਹਾਂ ਦੇ ਓਮੀਕ੍ਰੋਨ ਤੋਂ ਪੀੜਤ ਹੋਣ ਦਾ ਪਤਾ ਲੱਗਾ। ਇਨ੍ਹਾਂ ਨੂੰ ਹੈਦਰਾਬਾਦ ’ਚ ਕੁਆਰੰਟਾਈਨ ’ਚ ਰੱਖਿਆ ਗਿਆ ਹੈ ਤੇ ਠੀਕ ਹੋਣ ਤੋਂ ਬਾਅਦ ਵਾਪਸ ਉਨ੍ਹਾਂ ਦੇਸ਼ ਭੇਜ ਦਿੱਤਾ ਜਾਵੇਗਾ। ਓਮੀਕ੍ਰੋਨ ਦਾ ਤੀਸਰਾ ਮਾਮਲਾ ਬੰਗਾਲ ’ਚ ਮਿਲਿਆ ਹੈ। ਬੰਗਾਲ ’ਚ ਓਮੀਕ੍ਰੋਨ ਦਾ ਇਹ ਪਹਿਲਾ ਕੇਸ ਹੈ। ਇਹ ਸੱਤ ਸਾਲ ਦਾ ਬੱਚਾ ਹੈ ਜੋ ਹੈਦਰਾਬਾਦ ਹੁੰਦੇ ਹੋਏ ਆਬੂਧਾਬੀ ਤੋਂ ਬੰਗਾਲ ਦੇ ਮੁਰਸ਼ਿਦਾਬਾਦ ਪਹੁੰਚਿਆ ਹੈ। ਉਸ ਨੂੰ ਮੁਰਸ਼ਿਦਾਬਾਦ ਦੇ ਹੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਹੈਦਰਾਬਾਦ ਏਅਰਪੋਰਟ ’ਤੇ ਉਸ ਦੀ ਜਾਂਚ ਕਰਵਾਈ ਗਈ ਸੀ ਤੇ ਕੋਰੋਨਾ ਇਨਫੈਕਡਿਟ ਪਾਏ ਜਾਣ ’ਤੇ ਉਸ ਦੇ ਸੈਂਪਲ ਨੂੰ ਜੀਨੋਮ ਸੀਕਵੈਂਸਿੰਗ ਲਈ ਭੇਜਿਆ ਗਿਆ ਸੀ। ਮੰਗਲਵਾਰ ਨੂੰ ਜੀਨੋਮ ਸੀਕਵੈਂਸਿੰਗ ਦੀ ਰਿਪੋਰਟ ਆਉਣ ’ਤੇ ਉਸ ਦੇ ਓਮੀਕ੍ਰੋਨ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ। ਕਰਨਾਟਕ ਦੇ ਸਿਹਤ ਵਿਭਾਗ ਨੇ ਕਿਹਾ ਕਿ ਬੈਂਗਲੁਰੂ ਹਵਾਈ ਅੱਡੇ ’ਤੇ ਬਰਤਾਨੀਆ ਤੋਂ ਆਏ ਤਿੰਨ ਲੋਕਾਂ ਨੂੰ ਕੋਰੋਨਾ ਤੋਂ ਪੀੜਤ ਪਾਇਆ ਗਿਆ ਹੈ। ਇਨ੍ਹਾਂ ’ਚ ਨੌਂ ਸਾਲ ਦਾ ਇਕ ਬੱਚਾ ਵੀ ਸ਼ਾਮਲ ਹੈ। ਇਨ੍ਹਾਂ ਨੂੰ ਵਿਸ਼ੇਸ਼ ਕੋਰੋਨਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਤੇ ਇਨ੍ਹਾਂ ਦੇ ਨਮੂਨਿਆਂ ਦੀ ਜੀਨੋਮ ਸੀਕਵੈਂਸਿੰਗ ਕਰਵਾਈ ਜਾ ਰਹੀ ਹੈ। ਨਾਲ ਹੀ ਇਨ੍ਹਾਂ ਦੇ ਸੰਪਰਕ ’ਚ ਆਏ ਲੋਕਾਂ ਦੀ ਵੀ ਜਾਂਚ ਕਰਵਾਈ ਜਾ ਰਹੀ ਹੈ ਤੇ ਰਿਪੋਰਟ ਆਉਣ ਤਕ ਸਾਰਿਆਂ ਨੂੁੰ ਆਈਸੋਲੇਸ਼ਨ ’ਚ ਰਹਿਣ ਲਈ ਕਿਹਾ ਗਿਆ ਹੈ। ਬੈਂਗਲੁਰੂ ’ਚ ਇਕ ਹਫ਼ਤੇ ਦੌਰਾਨ ਜੋਖ਼ਮ ਵਾਲੇ ਦੇਸ਼ਾਂ ਤੋਂ ਆਏ 20 ਲੋਕਾਂ ਨੂੰ ਕੋਰੋਨਾ ਪੀੜਤ ਪਾਇਆ ਗਿਆ ਤੇ ਸਾਰਿਆਂ ਦੇ ਸੈਂਪਲ ਨੂੰ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਹਨ ਤੇ ਰਿਪੋਰਟ ਦੀ ਉਡੀਕ ਹੈ।
previous post