ਨਵੀਂ ਦਿੱਲੀ – ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਦੱਖਣੀ ਅਫਰੀਕਾ ਖ਼ਿਲਾਫ਼ 26 ਦਸੰਬਰ ਤੋਂ ਸ਼ੁਰੂ ਹੋ ਰਹੀ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ ਦੇ ਉੱਪ-ਕਪਤਾਨ ਹੋਣਗੇ। ਬੀਸੀਸੀਆਈ ਦੇ ਸਕੱਤਰ ਜੈਅ ਸ਼ਾਹ ਨੇ ਸ਼ਨਿਚਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਰੋਹਿਤ ਸ਼ਰਮਾ ਨੂੰ ਟੈਸਟ ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਸੀ ਪਰ ਜ਼ਖ਼ਮੀ ਹੋਣ ਕਾਰਨ ਉਹ ਅਗਲੀ ਸੀਰੀਜ਼ ‘ਚੋਂ ਬਾਹਰ ਹੋ ਗਏ ਹਨ। ਰਾਹੁਲ ਨੇ ਹੁਣ ਤਕ 40 ਟੈਸਟ ਖੇਡੇ ਹਨ। ਇਸ 29 ਸਾਲ ਦੇ ਖਿਡਾਰੀ ਨੇ ਇਸ ਫਾਰਮੈਟ ਵਿਚ ਛੇ ਸੈਂਕੜਿਆਂ ਦੀ ਮਦਦ ਨਾਲ 35.16 ਦੀ ਔਸਤ ਨਾਲ 2321 ਦੌੜਾਂ ਬਣਾਈਆਂ ਹਨ। ਰਾਹੁਲ ਨੂੰ ਭਵਿੱਖ ਦੇ ਭਾਰਤੀ ਕਪਤਾਨ ਵਜੋਂ ਦੇਖਿਆ ਜਾ ਰਿਹਾ ਹੈ। ਸ਼ਾਹ ਨੇ ਕਿਹਾ ਕਿ ਸਰਬ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਦੱਖਣੀ ਅਫਰੀਕਾ ਖ਼ਿਲਾਫ਼ ਅਗਲੀ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਲਈ ਲੋਕੇਸ਼ ਰਾਹੁਲ ਨੂੰ ਉਪ-ਕਪਤਾਨ ਬਣਾਇਆ ਹੈ। ਲੋਕੇਸ਼ ਨੂੰ ਰੋਹਿਤ ਸ਼ਰਮਾ ਦੀ ਥਾਂ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ ਜੋ ਮਾਸਪੇਸ਼ੀਆਂ ‘ਚ ਖਿਚਾਅ ਕਾਰਨ ਇਸ ਟੈਸਟ ਸੀਰੀਜ਼ ‘ਚੋਂ ਬਾਹਰ ਹੋ ਗਏ ਹਨ। ਅਜਿੰਕੇ ਰਹਾਣੇ ਦੀ ਥਾਂ ਰੋਹਿਤ ਨੂੰ ਟੈਸਟ ਸੀਰੀਜ਼ ਲਈ ਉਪ-ਕਪਤਾਨ ਬਣਾਇਆ ਗਿਆ ਸੀ ਪਰ ਦੌਰੇ ਤੋਂ ਪਹਿਲਾਂ ਮੁੰਬਈ ਵਿਚ ਨੈੱਟ ਸੈਸ਼ਨ ਦੌਰਾਨ ਉਨ੍ਹਾਂ ਦੀ ਖੱਬੇ ਪੈਰ ਦੀਆਂ ਮਾਸਪੇਸ਼ੀਆਂ ‘ਚ ਖਿਚਾਅ ਆ ਗਿਆ। ਉਸ ਤੋਂ ਠੀਕ ਹੋਣ ਵਿਚ ਉਨ੍ਹਾਂ ਨੂੰ ਘੱਟੋ-ਘੱਟ ਤਿੰਨ ਤੋਂ ਚਾਰ ਹਫ਼ਤੇ ਦਾ ਸਮਾਂ ਲੱਗੇਗਾ। ਚੋਣਕਾਰਾਂ ਲਈ ਮੁੜ ਅਜਿੰਗੇ ਰਹਾਣੇ ਨੂੰ ਇਹ ਜ਼ਿੰਮੇਵਾਰੀ ਦੇਣਾ ਮੁਸ਼ਕਲ ਹੁੰਦਾ ਕਿਉਂਕਿ ਉਨ੍ਹਾਂ ਦੀ ਥਾਂ ਆਖ਼ਰੀ ਇਲੈਵਨ ਵਿਚ ਪੱਕੀ ਨਹੀਂ ਹੈ। ਇਸ ਨਾਲ ਹੀ ਰਿਸ਼ਭ ਪੰਤ ਨੂੰ ਰਾਸ਼ਟਰੀ ਟੀਮ ਦੇ ਉਪ-ਕਪਤਾਨ ਦੇ ਰੂਪ ਵਿਚ ਤਰੱਕੀ ਦਿੱਤੀ ਜਾਣੀ ਜਲਦਬਾਜ਼ੀ ਹੋਵੇਗੀ। ਰਾਹੁਲ ਫਿਲਹਾਲ ਉਨ੍ਹਾਂ ਚੋਣਵੇਂ ਮਾਹਿਰ ਬੱਲੇਬਾਜ਼ਾਂ ਵਿਚੋਂ ਇਕ ਹਨ ਜੋ ਸਾਰੇ ਫਾਰਮੈਟਾਂ ਵਿਚ ਖੇਡਦੇ ਹਨ। ਰਾਹੁਲ ਦੀ ਉਮਰ ਤੇ ਤਜਰਬਾ ਵੀ ਉਨ੍ਹਾਂ ਦੇ ਪੱਖ ਵਿਚ ਜਾਂਦਾ ਹੈ ਜੋ ਕੋਹਲੀ ਤੋਂ ਬਾਅਦ ਲੰਬੇ ਸਮੇਂ ਤਕ ਟੀਮ ਦੀ ਵਾਗਡੋਰ ਸੰਭਾਲ ਸਕਦੇ ਹਨ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਰਾਹੁਲ ਆਉਣ ਵਾਲੇ ਦਿਨਾਂ ਵਿਚ ਸੀਮਤ ਓਵਰਾਂ ਦੇ ਫਾਰਮੈਟ ਵਿਚ ਉੱਪ ਕਪਤਾਨ ਨਿਯੁਕਤ ਹੋਣਗੇ। ਆਈਪੀਐੱਲ ਦੀ ਲਖਨਊ ਦੀ ਨਵੀਂ ਫਰੈਂਚਾਈਜ਼ੀ ਟੀਮ ਦੇ ਕਪਤਾਨ ਲਈ ਵੀ ਉਨ੍ਹਾਂ ਦੇ ਨਾਂ ਦੀ ਚਰਚਾ ਹੋ ਰਹੀ ਹੈ।ਸੈਂਚੂਰੀਅਨ (ਪੀਟੀਆਈ) : ਭਾਰਤੀ ਕ੍ਰਿਕਟ ਟੀਮ 26 ਦਸੰਬਰ ਤੋਂ ਇੱਥੇ ਦੱਖਣੀ ਅਫਰੀਕਾ ਖ਼ਿਲਾਫ਼ ਹੋਣ ਵਾਲੇ ਸ਼ੁਰੂਆਤੀ ਟੈਸਟ ਤੋਂ ਪਹਿਲਾਂ ਹੌਲੀ-ਹੌਲੀ ਆਪਣੇ ਅਭਿਆਸ ਦੀ ਰਫ਼ਤਾਰ ਤੇਜ਼ ਕਰ ਰਹੀ ਹੈ। ਭਾਰਤੀ ਟੀਮ ਮੁੰਬਈ ਵਿਚ ਤਿੰਨ ਦਿਨ ਦੇ ਸਖ਼ਤ ਕੁਆਰੰਟਾਈਨ ਤੋਂ ਬਾਅਦ ਸ਼ੁੱਕਰਵਾਰ ਦੀ ਸਵੇਰ ਇੱਥੇ ਚਾਰਟਰਡ ਜਹਾਜ਼ ਰਾਹੀਂ ਪੁੱਜੀ। ਖਿਡਾਰੀਆਂ ਨੇ ਇੱਥੇ ਇਕ ਰਿਜ਼ਾਰਟ ਵਿਚ ਇਕ ਦਿਨ ਲਈ ਵੱਖ ਰਹਿਣਾ ਸੀ ਜਿਸ ਤੋਂ ਬਾਅਦ ਹੀ ਉਹ ਆਊਟਡੋਰ ਸੈਸ਼ਨ ਵਿਚ ਹਿੱਸਾ ਲੈ ਸਕੇ। ਇਹ ਸੀਰੀਜ਼ ਕੋਵਿਡ-19 ਦੇ ਅਫਰੀਕਾ ਵਿਚ ਨਵੇਂ ਵੇਰੀਏਂਟ ਓਮੀਕ੍ਰੋਨ ਦੇ ਆਉਣ ਕਾਰਨ ਵਧੇ ਖ਼ਤਰੇ ਵਿਚਾਲੇ ਖੇਡੀ ਜਾ ਰਹੀ ਹੈ। ਇਨ੍ਹਾਂ ਹਾਲਾਤ ਕਾਰਨ ਭਾਰਤ ਦੇ ਦੌਰੇ ‘ਤੇ ਸ਼ੱਕ ਬਣਿਆ ਹੋਇਆ ਸੀ ਪਰ ਦੋਵਾਂ ਬੋਰਡਾਂ ਨੇ ਦੌਰੇ ਨੂੰ ਕਾਇਮ ਰੱਖਣ ਦੀ ਸਹਿਮਤੀ ਜ਼ਾਹਰ ਕੀਤੀ। ਭਾਰਤੀ ਟੀਮ ਇਕ ਰਿਜ਼ਾਰਟ ਵਿਚ ਰੁਕੀ ਹੋਈ ਹੈ ਤੇ ਪੂਰੇ ਰਿਜ਼ਾਰਟ ਨੂੰ ਕ੍ਰਿਕਟ ਦੱਖਣੀ ਅਫਰੀਕਾ ਨੇ ਉਨ੍ਹਾਂ ਲਈ ਬੁੱਕ ਕੀਤਾ ਹੈ ਤਾਂਕਿ ਪੂਰੀ ਸੀਰੀਜ਼ ਦੌਰਾਨ ਬਾਇਓ-ਬਬਲ (ਕੋਰੋਨਾ ਤੋਂ ਬਚਾਅ ਲਈ ਬਣਾਇਆ ਗਿਆ ਸੁਰੱਖਿਅਤ ਮਾਹੌਲ) ਦਾ ਸਖ਼ਤੀ ਨਾਲ ਪਾਲਣ ਕੀਤਾ ਜਾ ਸਕੇ। ਇਹ ਇਕ ਆਮ ਪੰਜ ਤਾਰਾ ਹੋਟਲ ਨਹੀਂ ਹੈ ਤੇ ਖਿਡਾਰੀਆਂ ਲਈ ਰਿਜ਼ਾਰਟ ਵਿਚ ਘੁੰਮਣ ਲਈ ਕਾਫੀ ਥਾਂ ਮੌਜੂਦ ਹੈ। ਖਿਡਾਰੀ ਬਾਇਓ-ਬਬਲ ਵਿਚ ਮੁਸ਼ਕਲਾਂ ਬਾਰੇ ਕਾਫੀ ਚੌਕਸ ਰਹੇ ਹਨ।
previous post