ਚੰਡੀਗੜ੍ਹ – ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਪਾਰਟੀ ਦੇ ਅੰਦਰ ਵੰਡ ਪੈਦਾ ਕਰਨ ਦੀ ਕੋਸ਼ਿਸ਼ ਕਰਨ ਤੇ ਸੱਚੇ ਤੇ ਰਵਾਇਤੀ ਕਾਂਗਰਸੀਆਂ ਦੀ ਵਫ਼ਾਦਾਰੀ ’ਤੇ ਸਵਾਲ ਚੁੱਕਣ ਖ਼ਿਲਾਫ਼ ਉਨ੍ਹਾਂ ’ਤੇ ਸ਼ਬਦੀ ਵਾਰ ਕੀਤਾ ਹੈ।ਰਾਣਾ ਨੇ ਸਿੱਧੂ ਨੂੰ ਕਿਹਾ, ‘ਇਕ ਸੱਚੇ ਕਾਂਗਰਸੀ ਬਾਰੇ ਗੱਲ ਕਰਦਿਆਂ ਉਹ ਆਪਣੀ ਭਾਸ਼ਾ ’ਤੇ ਧਿਆਨ ਦੇਣ। ਰਾਣਾ ਨੇ ਸਿੱਧੂ ਨੂੰ ਕਿਹਾ, ‘ਤੁਸੀਂ ਇਕ ਭਾੜੇ ਦੇ ਵਿਅਕਤੀ ਵਾਂਗ ਹੋ, ਜੋ ਸਿਰਫ਼ ਮੁੱਖ ਮੰਤਰੀ ਬਣਨ ਦੇ ਇੱਕੋ ਇਕ ਉਦੇਸ਼ ਨਾਲ ਪਾਰਟੀ ’ਚ ਸ਼ਾਮਲ ਹੋਏ ਹਨ, ਜਦਕਿ ਮੈਂ ਜਨਮ ਤੋਂ ਹੀ ਪਾਰਟੀ ’ਚ ਰਿਹਾ ਹਾਂ।’ ਸ਼ਨਿਚਰਵਾਰ ਨੂੰ ਸੁਲਤਾਨਪੁਰ ਲੋਧੀ ’ਚ ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਦੇ ਹੱਕ ’ਚ ਕੀਤੀ ਗਈ ਰੈਲੀ ’ਚ ਉਨ੍ਹਾਂ ਵੱਲੋਂ ਰਾਣਾ ਗੁਰਜੀਤ ’ਤੇ ਕੀਤੀ ਗਈ ਟਿੱਪਣੀ ਦਾ ਰਾਣਾ ਜਵਾਬ ਦੇ ਰਹੇ ਹਨ। ਰਾਣਾ ਨੇ ਕਿਹਾ ਕਿ ਮੈਂ ਜਨਮ ਤੋਂ ਕਾਂਗਰਸੀ ਹਾਂ ਤੇ ਕਦੀ ਕਿਸੇ ਹੋਰ ਪਾਰਟੀ ’ਚ ਨਹੀਂ ਗਿਆ। ਜਿਵੇਂ ਕਿ ਸਿੱਧੂ ਮੁੱਖ ਮੰਤਰੀ ਬਣਨ ਲਈ ਕਾਂਗਰਸ ’ਚ ਸ਼ਾਮਲ ਹੋਏ ਹਨ।ਰਾਣਾ ਨੇ ਕਿਹਾ ਕਿ ਜੋ ਵਿਅਕਤੀ ਸਿਰਫ਼ ਪੰਜ ਸਾਲ ਪਹਿਲਾਂ ਪਾਰਟੀ ’ਚ ਸ਼ਾਮਲ ਹੋਇਆ ਹੋਵੇ ਉਹ ਉਨ੍ਹਾਂ ਲੋਕਾਂ ਨੂੰ ਗਿਆਨ ਨਾ ਦੇਵੇ ਜੋ ਜਨਮਜਾਤ ਕਾਂਗਰਸੀ ਹਨ। ਸਿੱਧੂ ਦੀ ਨਾ ਤਾਂ ਕੋਈ ਵਿਚਾਰਧਾਰਾ ਹੈ ਤੇ ਨਾ ਹੀ ਉਨ੍ਹਾਂ ਦਾ ਕੋਈ ਟੀਚਾ ਹੈ। ਸਿੱਧੂ ’ਤੇ ਤਿੱਖੀ ਟਿੱਪਣੀ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਨੂੰ ਸਿੱਧੂ ਦੇ ਵਿਵਹਾਰ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ ਕਿਉਂਕਿ ਕੋਈ ਨਹੀਂ ਜਾਣਦਾ ਕਿ ਉਹ ਵਿਧਾਨ ਸਭਾ ਚੋਣਾਂ ਤਕ ਟਿਕੇਗਾ ਕਿ ਨਹੀਂ ਜਾਂ ਫਿਰ ਚੋਣਾਂ ਤੋਂ ਪਹਿਲਾਂ ਹੀ ਭੱਜ ਜਾਵੇਗਾ।ਰਾਣਾ ਨੇ ਅੱਗੇ ਕਿਹਾ, ‘ਪਰ ਜਿੰਨੀ ਜਲਦੀ ਹੋ ਸਕੇ ਤੁਸੀਂ ਪਾਰਟੀ ਨੂੰ ਛੱਡ ਦਿਓ। ਇਹ ਪਾਰਟੀ ਲਈ ਬਿਹਤਰ ਹੋਵੇਗਾ ਕਿਉਂਕਿ ਤੁਸੀਂ ਪਾਰਟੀ ਦੇ ਅੰਦਰ ਵੰਡ ਕੀਤੀ ਹੈ ਤੇ ਨੁਕਸਾਨ ਪਹੁੰਚਾਇਆ ਹੈ।ਲਗਦਾ ਹੈ ਤੁਸੀਂ ਆਪਣੇ ‘ਅਸਲੀ’ ਸਿਆਸੀ ਆਕਿਆਂ ਦੇ ਕਿਸੇ ਲੁਕੇ ਹੋਏ ਏਜੰਡੇ ’ਤੇ ਕੰਮ ਕਰ ਰਹੇ ਹੋ, ਜੋ ਹਾਲੇ ਵੀ ਤੁਹਾਡੇ ਤਾਰ ਖਿੱਚ ਰਹੇ ਹਨ।’ ਕਾਂਗਰਸ ਦੇ ਸੀਨੀਅਰ ਆਗੂ ਨੇ ਸਿੱਧੂ ਦੀ ਆਪਣੀ ਸਰਕਾਰ ਤੇ ਮੁੱਖ ਮੰਤਰੀ ਦਾ ਵਿਰੋਧ ਕਰਨ ਦੀ ਮੰਸ਼ਾ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਹੁਣ ਉਨ੍ਹਾਂ ਦਾ ਪਰਦਾਫਾਸ਼ ਹੋ ਗਿਆ ਹੈ। ਰਾਣਾ ਨੇ ਸਿੱਧੂ ਨੂੰ ਕਿਹਾ, ‘ਤੁਸੀਂ ਖੁੱਲ੍ਹੇ ਤੌਰ ’ਤੇ ਸਾਡੇ ਮੁੱਖ ਮੰਤਰੀ ਦੀ ਆਲੋਚਨਾ ਕਰ ਰਹੇ ਹੋ ਕਿਉਂਕਿ ਤੁਸੀਂ ਜਨਤਾ ਵਿਚਕਾਰ ਉਨ੍ਹਾਂ ਦੀ ਹਰਮਨਪਿਆਰਤਾ ਨੂੰ ਲੈ ਕੇ ਈਰਖਾ ਤੇ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹੋ।’ ਰਾਣਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਦੇ ਰੂਪ ’ਚ ਤੁਹਾਡੀ ਮੁੱਖ ਜ਼ਿੰਮੇਵਾਰੀ ਪਾਰਟੀ ਨੂੰ ਇਕਜੁੱਟ ਰੱਖਣਾ ਹੈ, ਪਰ ਤੁਸੀਂ ਪਾਰਟੀ ਹਾਈ ਕਮਾਨ ਵੱਲੋਂ ਗਠਿਤ ਚੋਣ ਪ੍ਰਚਾਰ ਕਮੇਟੀ, ਮੈਨੀਫੈਸਟੋ ਕਮੇਟੀ ਤੇ ਸਕ੍ਰੀਨਿੰਗ ਕਮੇਟੀ ’ਚ ਦਰਾਰ ਪੈਦਾ ਕਰਨ ’ਚ ਵੀ ਕੋਈ ਕਸਰ ਨਹੀਂ ਛੱਡੀ ਹੈ।