ਚੰਡੀਗੜ੍ਹ – ਚੰਡੀਗੜ੍ਹ ‘ਚ ਕੋਰੋਨਾ ਇਨਫੈਕਸ਼ਨ ਦਾ ਖਤਰਾ ਫਿਰ ਵਧਣ ਲੱਗਾ ਹੈ। ਸ਼ਨਿਚਰਵਾਰ ਨੂੰ ਚੰਡੀਗੜ੍ਹ ਵਿੱਚ ਇਕੱਠੇ 17 ਨਵੇਂ ਮਰੀਜ਼ ਮਿਲੇ ਹਨ। ਇਸ ਦੇ ਨਾਲ ਹੀ ਲੰਬੇ ਸਮੇਂ ਬਾਅਦ ਇਨਫੈਕਸ਼ਨ ਕਾਰਨ ਮੌਤ ਵੀ ਹੋਈ ਹੈ। ਦੂਜੇ ਪਾਸੇ ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਚੱਲ ਰਿਹਾ ਹੈ, ਜਿਸ ਵਿਚ ਕੋਰੋਨਾ ਰੋਕਥਾਮ ਨਿਯਮਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਅਜਿਹੇ ‘ਚ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਹਨ। ਇਸ ਦੇ ਨਾਲ ਹੀ ਹੁਣ ਪ੍ਰਸ਼ਾਸਨ ਸਖ਼ਤੀ ਦੇ ਮੂਡ ਵਿਚ ਆ ਗਿਆ ਹੈ।ਸਿਹਤ ਡਾਇਰੈਕਟਰ ਡਾ: ਸੁਮਨ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ ਨਗਰ ਨਿਗਮ ਦੀਆਂ ਚੋਣਾਂ ਚੱਲ ਰਹੀਆਂ ਹਨ। ਲੋਕ ਚੋਣ ਪ੍ਰਚਾਰ ਵਿਚ ਕੋਵਿਡ ਪ੍ਰੋਟੋਕੋਲ ਦਾ ਪਾਲਣ ਨਹੀਂ ਕਰ ਰਹੇ ਹਨ। ਉਮੀਦਵਾਰਾਂ ਦੇ ਨਾਲ-ਨਾਲ ਉਨ੍ਹਾਂ ਦੇ ਸਮਰਥਕ ਮਾਸਕ ਪਹਿਨੇ ਬਿਨਾਂ ਸਰੀਰਕ ਦੂਰੀ ਤੇ ਹੋਰ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਚੋਣ ਰੈਲੀਆਂ ਵਿਚ ਲੋਕ ਲਗਾਤਾਰ ਇਕ ਦੂਜੇ ਦੇ ਸੰਪਰਕ ਵਿਚ ਆ ਰਹੇ ਹਨ। ਇਸ ਨਾਲ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੀ ਜਾਰੀ ਰਿਹਾ ਤਾਂ ਕੋਰੋਨਾ ਕਾਰਨ ਸਥਿਤੀ ਹੋਰ ਵਿਗੜ ਸਕਦੀ ਹੈ। ਅਜਿਹੇ ‘ਚ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।ਸਿਹਤ ਵਿਭਾਗ ਨੇ ਹੁਣ ਤਕ 8,52,355 ਲੋਕਾਂ ਦੇ ਕੋਵਿਡ ਸੈਂਪਲ ਲੈ ਕੇ ਟੈਸਟ ਕੀਤੇ ਹਨ। ਇਨ੍ਹਾਂ ਵਿੱਚੋਂ 7,85,248 ਲੋਕਾਂ ਦੀ ਕੋਵਿਡ ਰਿਪੋਰਟ ਨੈਗੇਟਿਵ ਆਈ ਹੈ। ਟੈਸਟਿੰਗ ਵਿਚ ਤਕਨੀਕੀ ਖਾਮੀਆਂ ਕਾਰਨ 1,412 ਲੋਕਾਂ ਦੇ ਕੋਵਿਡ ਸੈਂਪਲ ਰੱਦ ਕਰ ਦਿੱਤੇ ਗਏ ਹਨ। ਛੇ ਸੰਕਰਮਿਤ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਹੁਣ ਤਕ 64,534 ਸੰਕਰਮਿਤ ਮਰੀਜ਼ ਕੋਰੋਨਾ ਨੂੰ ਹਰਾ ਚੁੱਕੇ ਹਨ। ਇਨਫੈਕਸ਼ਨ ਕਾਰਨ 1,076 ਲੋਕਾਂ ਦੀ ਮੌਤ ਹੋ ਚੁੱਕੀ ਹੈ।ਸ਼ਨਿਚਰਵਾਰ ਨੂੰ ਸ਼ਹਿਰ ਵਿਚ ਤਿੰਨ ਹਜ਼ਾਰ ਲੋਕਾਂ ਨੇ ਕੋਰੋਨਾ ਟੀਕਾਕਰਨ ਕਰਵਾਇਆ। ਪਿਛਲੇ ਇਕ ਹਫ਼ਤੇ ਵਿਚ ਰੋਜ਼ਾਨਾ ਔਸਤਨ 3,237 ਲੋਕਾਂ ਦਾ ਟੀਕਾਕਰਨ ਕੀਤਾ ਗਿਆ। ਹੁਣ ਤਕ 113.68 ਫੀਸਦੀ ਭਾਵ 9,58,287 ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਤੇ 81.99 ਫੀਸਦੀ ਯਾਨੀ 6,91,192 ਲੋਕਾਂ ਨੂੰ ਦੂਜੀ ਖੁਰਾਕ ਮਿਲ ਚੁੱਕੀ ਹੈ। ਦਸੰਬਰ ਤਕ ਸਿਹਤ ਵਿਭਾਗ ਨੇ 8.43 ਲੱਖ ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਦਾ ਟੀਚਾ ਰੱਖਿਆ ਹੈ।
previous post