ਨਵੀਂ ਦਿੱਲੀ – ਦੇਸ਼ ’ਚ ਓਮੀਕ੍ਰੋਨ ਸਬੰਧੀ ਫੈਲੀ ਦਹਿਸ਼ਤ ਵਿਚਾਲੇ ਕੋਰੋਨਾ ਇਨਫੈਕਸ਼ਨ ਦੇ ਸਰਗਰਮ ਮਾਮਲਿਆਂ ’ਚ ਲਗਾਤਾਰ ਗਿਰਾਵਟ ਜਾਰੀ ਹੈ। ਪਿਛਲੇ ਇਕ ਦਿਨ ’ਚ 1600 ਤੋਂ ਜ਼ਿਆਦਾ ਸਰਗਰਮ ਮਾਮਲੇ ਘਟੇ ਹਨ ਤੇ ਮੌਜੂਦਾ ਸਮੇਂ ਇਨ੍ਹਾਂ ਦੀ ਗਿਣਤੀ 82267 ਰਹਿ ਗਈ ਹੈ ਜੋ 572 ਦਿਨਾਂ ’ਚ ਸਭ ਤੋਂ ਘੱਟ ਤੇ ਕੁੱਲ ਮਾਮਲਿਆਂ ਦਾ 0.24 ਫ਼ੀਸਦੀ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਸਾਢੇ ਛੇ ਹਜ਼ਾਰ ਨਵੇਂ ਮਰੀਜ਼ ਮਿਲੇ ਹਨ ਤੇ 132 ਲੋਕਾਂ ਦੀ ਜਾਨ ਗਈ ਹੈ। ਮਿ੍ਰਤਕਾਂ ’ਚ 96 ਕੇਰਲ ਤੋਂ ਹਨ ਜਦੋਂਕਿ ਮਹਾਰਾਸ਼ਟਰ ਤੇ ਬੰਗਾਲ ’ਚ ਨੌਂ-ਨੌਂ ਮੌਤਾਂ ਹੋਈਆਂ ਹਨ। ਕੇਰਲ ਦੇ ਅੰਕੜੇ ਇਸ ਲਈ ਜ਼ਿਆਦਾ ਹਨ ਕਿਉਂਕਿ ਸੂਬਾ ਸਰਕਾਰ ਪਹਿਲਾਂ ਹੋਈਆਂ ਮੌਤਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਨਵੇਂ ਅੰਕੜਿਆਂ ਨਾਲ ਮਿਲਾ ਕੇ ਜਾਰੀ ਕਰ ਰਹੀ ਹੈ। ਓਮੀਕ੍ਰੋਨ ਵੇਰੀਐਂਟ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਬ੍ਰਹਨਮੁੰਬਈ ਮਹਾਨਗਰ ਪਾਲਿਕਾ (ਬੀਐੱਮਸੀ) ਨੇ ਲੋਕਾਂ ਨੂੰ ਕ੍ਰਿਸਮਸ ਤੇ ਨਵੇਂ ਸਾਲ ’ਤੇ ਪਾਰਟੀਆਂ ’ਚ ਜਾਣ ਤੋਂ ਬਚਣ ਲਈ ਕਿਹਾ ਹੈ। ਹੁਣ ਤਕ ਓਮੀਕ੍ਰੋਨ ਦੇ ਜਿੰਨੇ ਵੀ ਮਾਮਲੇ ਸਾਹਮਣੇ ਆਏ ਹਨ ਉਨ੍ਹਾਂ ’ਚ ਸਭ ਤੋਂ ਜ਼ਿਆਦਾ ਮਹਾਰਾਸ਼ਟਰ ਤੋਂ ਹੀ ਹਨ।ਕੋਵਿਨ ਪੋਰਟਲ ਦੇ ਸ਼ਾਮ ਛੇ ਵਜੇ ਦੇ ਅੰਕੜਿਆਂ ਮੁਤਾਬਕ ਦੇਸ਼ ’ਚ ਹੁਣ ਤਕ ਕੋਰੋਨਾ ਰੋਕੂ ਵੈਕਸੀਨ ਦੇ 138.29 ਕਰੋੜ ਟੀਕੇ ਲਗਾਏ ਗਏ ਹਨ। ਇਨ੍ਹਾਂ ’ਚ 82.98 ਕਰੋੜ ਪਹਿਲੀ ਤੇ 55.31 ਕਰੋੜ ਦੂਸਰੀ ਡੋਜ਼ ਸ਼ਾਮਲ ਹਨ।