ਸੁਨਾਮ – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਦੇਸ਼ ਦੇ ਵੱਡੇ ਧਨਾਢ ਕਿਸਾਨਾਂ ਨੂੰ ਟੈਕਸ ਦੇ ਦਾਇਰੇ ’ਚ ਲਿਆਉਣਾ ਜਾਇਜ਼ ਹੈ, ਸਰਕਾਰ ਦੇ ਅਜਿਹੇ ਫ਼ੈਸਲੇ ’ਤੇ ਯੂਨੀਅਨ ਨੂੰ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਢੇ ਸਤਾਰਾਂ ਏਕੜ ਜ਼ਮੀਨ ਤੋਂ ਜ਼ਿਆਦਾ ਜ਼ਮੀਨ ਦੇ ਮਾਲਕਾਂ ਪਾਸੋਂ ਜ਼ਮੀਨ ਲੈ ਕੇ ਬੇਜ਼ਮੀਨੇ ਕਿਸਾਨਾਂ ਨੂੰ ਦਿੱਤੀ ਜਾਵੇ, ਇਸ ਸਬੰਧੀ ਸਰਕਾਰ ਵੱਲੋਂ ਕਾਨੂੰਨ ਲਾਗੂ ਕੀਤਾ ਜਾਵੇ।ਸੋਮਵਾਰ ਨੂੰ ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਦੋ ਟੁੱਕ ਜਵਾਬ ਦਿੰਦਿਆਂ ਕਿਹਾ ਕਿ ਜਥੇਬੰਦੀ ਪੰਜਾਬ ਵਿਧਾਨ ਸਭਾ ਚੋਣਾਂ ’ਚ ਹਿੱਸਾ ਨਹੀਂ ਲਵੇਗੀ।ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬੇ ਅੰਦਰ ਚੱਲ ਰਹੀਆਂ ਅਟਕਲਾਂ ਬਿਲਕੁੱਲ ਬੇਬੁਨਿਆਦ ਅਤੇ ਬੇਹੂਦਾ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜਥੇਬੰਦੀ ਨੇ ਨਾ ਹੀ ਅਤੀਤ ’ਚ ਸਿਆਸਤ ’ਚ ਹਿੱਸਾ ਲਿਆ ਹੈ ਅਤੇ ਨਾ ਹੀ ਭਵਿੱਖ ’ਚ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਯੂਨੀਅਨ ਕਿਸੇ ਵੀ ਸਿਆਸੀ ਦਲ ਦਾ ਸਮੱਰਥਨ ਨਹੀਂ ਕਰੇਗੀ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਚੋਣਾਂ ਦੇ ਵਕਤ ਲੋਕਾਂ ਉੱਤੇ ਹੀ ਛੱਡਿਆ ਜਾਂਦਾ ਹੈ ਕਿ ਵੋਟ ਪਾਉਣੀ ਜਾਂ ਨਹੀਂ ਪਾਉਣੀ ਅਤੇ ਕਿਸ ਨੂੰ ਪਾਉਣੀ, ਇਹ ਆਪਣੇ ਆਪ ਲੋਕ ਆਪਣੀ ਮਰਜ਼ੀ ਨਾਲ ਤੈਅ ਕਰਦੇ ਹਨ।ਸਿਆਸਤ ਵਿੱਚ ਦਖਲਅੰਦਾਜ਼ੀ ਕਰਨਾ ਉਨ੍ਹਾਂ ਦੀ ਜਥੇਬੰਦੀ ਦਾ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਆਪਣੀ ਤਾਕਤ ਨੂੰ ਇਕਜੁੱਟ ਰੱਖਣ ਉੱਤੇ ਧਿਆਨ ਕੇਂਦਰਿਤ ਕਰਦੀ ਹੈ ਤਾਂ ਕਿ ਸਰਕਾਰਾਂ ਤੋਂ ਇਨਸਾਫ ਲੈ ਕੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਤਾਕਤ ਨੂੰ ਚੋਣ ਲੜਨ ਦੇ ਰਾਹ ’ਤੇ ਨਹੀਂ ਪਾਇਆ ਜਾਵੇਗਾ । ਉਨ੍ਹਾਂ ਅੱਜ ਤੋਂ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਸਾਹਮਣੇ 25 ਦਸੰਬਰ ਤਕ ਪੱਕੇ ਮੋਰਚੇ ਲਗਾਉਣ ਸਬੰਧੀ ਕਿਹਾ ਕਿ ਵਿਧਾਨ ਸਭਾ ਚੋਣਾਂ ਬਿਲਕੁੱਲ ਨਜ਼ਦੀਕ ਆ ਗਈਆਂ ਹਨ ਅਤੇ ਹੁਣ ਸਰਕਾਰ ਪਾਸੋਂ ਜ਼ਿਆਦਾ ਕੁਝ ਹਾਸਲ ਕਰਨ ਦਾ ਵਕਤ ਨਹੀਂ ਹੈ।ਉਨ੍ਹਾਂ ਕਿਹਾ ਕਿ ਪੰਜ ਦਿਨਾਂ ਧਰਨਿਆਂ ਦੌਰਾਨ ਮਾਨਸਾ ਵਿਖੇ ਬੇਰੁਜ਼ਗਾਰ ਨੌਜਵਾਨ ਮੁੰਡੇ ਕੁੜੀਆਂ ’ਤੇ ਗ਼ੈਰ ਮਨੁੱਖੀ ਤਸ਼ੱਦਦ ਕਰਨ ਵਾਲੇ ਡੀਐੱਸਪੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਟੋਲ ਨਾਕਿਆਂ ਦੀਆਂ ਪੁਰਾਣੀ ਦਰਾਂ ਹੀ ਵਸੂਲਣ ਦੀ ਮੰਗ ਵੀ ਸ਼ਾਮਲ ਹੈ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਅਤੇ ਪਾਲ ਸਿੰਘ ਦੌਲੇਵਾਲਾ ਵੀ ਹਾਜ਼ਰ ਸਨ।
previous post