International

ਜੰਗ ’ਚ ਰੋਬੋਟ ਦੀ ਵਰਤੋਂ ਹੋਈ ਤਾਂ ਮਨੁੱਖ ਜਾਤੀ ਨੂੰ ਹੋਵੇਗਾ ਵੱਡਾ ਖ਼ਤਰਾ

ਸਵਿਟਜ਼ਲੈਂਡ – ਸੁਪਰ ਸਟਾਰ ਰਜਨੀਕਾਂਤ ਦੀ ਫਿਲਮ ‘ਰੋਬੋਟ’ ਤਾਂ ਯਾਦ ਹੋਵੇਗੀ ਤੁਹਾਨੂੰ। ਮਨੁੱਖ ਵਰਗਾ ਦਿਖਾਈ ਦੇਣ ਵਾਲਾ ਰੋਬੋਟ ‘ਚਿੱਟੀ’ ਗ਼ਲਤ ਸ਼ਕਤੀਆਂ ਦੇ ਹੱਥਾਂ ’ਚ ਆਉਣ ਕਾਰਨ ਤਬਾਹਕੁੰਨ ਬਣ ਜਾਂਦਾ ਹੈ। ਹਾਲੀਵੁੱਡ ’ਚ ਟਰਮੀਨੇਟਰ ਸੀਰੀਜ਼ ਤੇ ਰੋਬੋਕਾਪ ਫਿਲਮਾਂ ’ਚ ਵੀ ਅਜਿਹੇ ਰੋਬੋਟ ਦਿਖਾਏ ਗਏ ਹਨ, ਪਰ ਹੁਣ ਅਸਲ ਜੀਵਨ ’ਚ ਜੰਗੀ ਰੋਬੋਟ ਤੇ ਹਥਿਆਰਾਂ ਬਾਰੇ ਚਿੰਤਾ ਦਾ ਮਾਹੌਲ ਹੈ। ਪੜ੍ਹੋ ਅਜਿਹੇ ਰੋਬੋਟ, ਹਥਿਆਰਾਂ ਤੇ ਉਨ੍ਹਾਂ ਨੂੰ ਰੋਕਣ ਦੇ ਯਤਨਾਂ ਬਾਰੇ ਸਮਝਾਉਂਦੀ ਇਹ ਰਿਪੋਰਟ  ਜੰਗੀ ਤਕਨੀਕ ਦੀ ਹੋੜ ’ਚ ਅਮਰੀਕਾ, ਰੂਸ ਤੇ ਕਿਸੇ ਹੱਤ ਤੱਕ ਚੀਨ ਅੱਗੇ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਤੇ ਰੋਬੋਟਿਕਸ ਦੇ ਇਸਤੇਮਾਲ ਨਾਲ ਅਜਿਹੇ ਰੋਬੇਟ ਤੇ ਮਸ਼ੀਨਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਜਿਹੜੀਆਂ ਮਨੁੱਖ ਵਾਂਗ ਜੰਗ ਕਰਨਗੀਆਂ। ਉਨ੍ਹਾਂ ’ਚ ਦਿਮਾਗ਼ ਨਹੀਂ ਹੋਵੇਗਾ। ਉਹ ਸਿਗਨਲ ਦੇ ਆਧਾਰ ’ਤੇ ਹਮਲਾ ਕਰਨਗੇ। ਅਜਿਹੇ ਰੋਬੋਟ ਤੇ ਮਸ਼ੀਨਾਂ ਨੂੰ ਜੰਗ ’ਚ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ। ਜਿਵੇਂ ਬਾਰੂਦ ਤੇ ਪਰਮਾਣੂ ਬੰਬ ਦੀ ਖੋਜ ਨੇ ਹਾਲਾਦ ਬਦਲ ਦਿੱਤੇ ਸਨ। ਜੰਗ ’ਚ ਰੋਬੋਟ ਤੇ ਆਟੋਮੈਟਿਕ ਮਸ਼ੀਨਾਂ ਦੀ ਵਰਤੋਂ ਰੋਕਣ ਲਈ ਹੁਣੇ ਜਿਹੇ ਸਵਿਟਜ਼ਲੈਂਡ ਦੇ ਜਨੇਵਾ ’ਚ ਦੁਨੀਆ ਦੇ 125 ਦੇਸ਼ਾਂ ਦੀ ਕਾਨਫਰੰਸ ਹੋਈ। ਅਸਲ ’ਚ ਇਨ੍ਹਾਂ ਦੇਸ਼ਾਂ ਦਾ ਇਕ ਸੰਗਠਨ ਹੈ ਜਿਸ ਨੂੰ ਰਵਾਇਤੀ ਹਥਿਆਰਾਂ ਦਾ ਸੰਮੇਲਲਨ (ਕਨਵੈਨਸ਼ਨ ਆਨ ਸਰਟੇਨ ਕਨਵੈਨਸ਼ਨਲ ਵੈਪਨਸ) ਕਿਹਾ ਗਿਆ ਹੈ। ਇਹ ਕਾਨਫਰੰਸ ਮਨੁੱਖ ਜਾਤੀ ਲਈ ਜੰਗ ਦੇ ਖ਼ਤਰੇ ਨੂੰ ਘੱਟ ਕਰਨ ’ਤੇ ਕੰਮ ਕਰਦੀ ਹੈ। ਇਸ ਦੇ ਮੈਂਬਰਾਂ ਨੇ ਮੰਗ ਰੱਖੀ ਕਿ ਜੰਗ ’ਚ ਇਸਤੇਮਾਲ ਲਈ ਬਣ ਰਹੇ ‘ਕਿਲਰ ਰੋਬੋਟਸ’ ’ਤੇ ਰੋਕ ਲਗਾਈ ਜਾਵੇ। ਅਜਿਹੇ ਰੋਬਟ ਤੇ ਮਸ਼ੀਨਾਂ ਬਣਾਉਣ ਵਾਲੇ ਦੇਸ਼ਾਂ ਨੇ ਇਸ ਮਤੇ ਦਾ ਵਿਰੋਧ ਕੀਤਾ।

 

ਜੰਗ ਦੇ ਰਣਨੀਤੀਕਾਰ ਮੰਨਦੇ ਹਨ ਕਿ ਅਜਿਹੇ ਰੋਬੋਟ ਨਾਲ ਫ਼ੌਜੀਆਂ ਦੇ ਖ਼ਤਰੇ ਨੂੰ ਦੂਰ ਕੀਤਾ ਜਾ ਸਕੇਗਾ। ਮਨੁੱਖ ਦੇ ਮੁਕਾਬਲੇ ਫ਼ੈਸਲੇ ਵੀ ਤੇਜ਼ੀ ਨਾਲ ਕੀਤੇ ਜਾ ਸਕਣਗੇ। ਮਨੁੱਖ ਰਹਿਤ ਡ੍ਰੋਨ ਤੇ ਟੈਂਕ ਨਾਲ ਜੰਗੀ ਖੇਤਰ ਦਾ ਨਕਸ਼ਾ ਹੀ ਬਦਲ ਜਾਵੇਗਾ। ਹਾਲਾਂਕਿ ਆਲੋਚਕਾਂ ਦਾ ਕਹਿਣਾ ਹੈ ਕਿ ਮਸ਼ੀਨਾਂ ਨੂੰ ਮਾਰੂ ਫੈਸਲੇ ਲੈਣ ਦਾ ਅਧਿਕਾਰ ਦੇਣਾ ਇਖ਼ਲਾਕੀ ਤੌਰ ’ਤੇ ਗ਼ਲਤ ਹੈ। ਅਜਿਹੇ ਰੋਬੋਟ ਬਾਲਗ ਤੇ ਬੱਚਿਆਂ ਵਿਚਕਾਰ ਫ਼ਰਕ ਨਹੀਂ ਕਰ ਸਕਣਗੇ, ਨਾ ਹੀ ਕਿਸੇ ਫ਼ੌਜੀ ਤੇ ਨਾਗਰਿਕਾਂ ’ਚ ਫ਼ਰਕ ਕਰ ਸਕਣਗੇ। ਅਜਿਹੇ ’ਚ ਉਹ ਬੱਸ ਸਾਹਮਣੇ ਦਿਖਾਈ ਦੇ ਰਹੇ ਲਕਸ਼ ਨੂੰ ਨਿਸ਼ਾਨਾ ਬਣਾਉਣਗੇ। ਇਹੀ ਮਨੁੱਖ ਜਾਤੀ ਲਈ ਵੱਡਾ ਖ਼ਤਰਾ ਹੈ। ਕਾਨਫਰੰਸ ’ਚ ਰੈੱਡ ਕ੍ਰਾਂਸ ਕੌਮਾਂਤਰੀ ਕਮੇਟੀ ਦੇ ਮੁਖੀ ਪੀਟਰ ਮਾਰਰ ਨੇ ਕਿਹਾ ਕਿ ਮਨੁੱਖ ਦੇ ਸਥਾਨ ’ਤੇ ਜੰਗ ’ਚ ਆਟੋਮੈਟਿਕ ਹਥਿਆਰਾਂ ਨੂੰ ਅੱਗੇ ਕਰਨ ਦੀ ਗੱਲ ਨੈਤਿਕ ਆਧਾਰ ’ਤੇ ਇਕ ਵੱਡਾ ਸਵਾਲ ਹੈ।

ਲਾਕਹੀਡ ਮਾਰਟਿਨ, ਬੋਇੰਗ, ਰੇਥਾਨ ਤੇ ਨਾਥਾਰਪ ਵਰਗੇ ਹਥਿਆਰ ਨਿਰਮਾਤਾ ਕੰਪਨੀਆਂ ਨਾਲ ਅਮਰੀਕੀ ਖੇਤਰ ’ਚ ਭਾਰੀ ਨਿਵੇਸ਼ ਕਰ ਰਿਹਾ ਹੈ। ਇਸ ’ਚ ਰੇਡੀਓ ਫਿ੍ਰਕਵੈਂਸੀ ਦੇ ਆਧਾਰ ’ਤੇ ਗਤੀਮਾਨ ਟੀਚਿਆਂ ਦਾ ਪਤਾ ਲਗਾਉਣ ਵਾਲੀ ਲੰਬੀ ਦੂਰੀ ਦੀ ਮਿਜ਼ਾਈਲ, ਹਮਲਾ ਕਰਨ ਵਾਲਾ ਡ੍ਰੋਨ ਦਾ ਝੁੰਡ ਤੇ ਆਟੋਮੈਟਿਕ ਮਿਜ਼ਾਈਲ ਰੱਖਿਆ ਪ੍ਰਣਾਲੀ ਸ਼ਾਮਿਲ ਹਨ। ਕੌਮਾਂਤਰੀ ਰਣਨੀਤਕ ਅਧਿਐਨ ਕੇਂਦਰ ਦੇ ਖੋਜੀ ਫਰੈਂਜ ਸਟੀਫਨ ਗਾਡੀ ਦਾ ਕਹਿਣਾ ਹੈ ਕਿ ਆਟੋਮੈਟਿਕ ਹਥਿਆਰ ਪ੍ਰਣਾਲੀ ਦੇ ਵਿਕਾਸ ਦੀ ਹੋੜ ਆਉਣ ਵਾਲੇ ਸਮੇਂ ’ਚ ਰੁਕਣ ਵਾਲੀ ਨਹੀਂ ਹੈ।

ਸੰਯੁਕਤ ਰਾਸ਼ਟਰ ਦੇ ਜਾਂਚ ਕਰਤਾਵਾਂ ਮੁਤਾਬਕ ਲੀਬੀਆ ’ਚ ਮਿਲੀਸ਼ੀਆ ਲੜਾਕਿਆਂ ਖ਼ਿਲਾਫ਼ ਆਟੋਮੈਟਿਕ ਹਥਿਆਰ ਪ੍ਰਣਾਲੀ ਦਾ ਇਸਤੇਮਾਲ ਕੀਤਾ ਗਿਆ। ਡ੍ਰੋਨ ਨੇ ਇਕ ਰਾਕੇਟ ਹਮਲੇ ਤੋਂ ਬਾਅਦ ਭੱਜਦੇ ਲੜਾਕਿਆਂ ਦਾ ਪਤਾ ਲਗਾ ਕੇ ਹਮਲਾ ਕੀਤਾ। 2020 ’ਚ ਅਜਰਬੈਜਾਨ ਨੇ ਆਰਮੇਨੀਆ ਖ਼ਿਲਾਫਞ ਅਜਿਹੀ ਮਿਜ਼ਾਈਲ ਤੇ ਡ੍ਰੋਨ ਦਾ ਇਸਤੇਮਾਲ ਕੀਤਾ ਜੋ ਹਵਾ ’ਚ ਉੱਡਦੇ ਰਹਿੰਦੇ ਹਨ ਤੇ ਨਿਸ਼ਾਨਾ ਦਿਖਾਈ ਦੇਣ ’ਤੇ ਹਮਲਾ ਕਰਦੇ ਹਨ।

ਕਿਲਰ ਰੋਬੋਟ ’ਤੇ ਰੋਕ ਲਗਾਉਣ ਜਾਂ ਵਰਤੋਂ ਸੀਮਤ ਕਰਨ ਦੀ ਦਿਸ਼ਾ ’ਚ ਕਾਨਫਰੰਸ ਨੂੰ ਅਹਿਮ ਮੰਨਿਆ ਜਾ ਰਿਹਾ ਸੀ। ਹਾਲਾਂਕਿ ਵੱਡੇ ਫ਼ੈਸਲੇ ਦੀ ਉਮੀਦ ਪੂਰੀ ਨਹੀਂ ਹੋ ਸਕੀ। ਆਧੁਨਿਕ ਹਥਿਆਰ ਤੇ ਤਕਨੀਕ ਬਣਾਉਣ ਵਾਲੇ ਦੇਸ਼ਾਂ (ਰੂਸ ਆਦਿ) ਦਾ ਕਹਿਣਾ ਹੈ ਕਿ ਅਜਿਹੇ ਹਥਿਆਰਾਂ ’ਤੇ ਰੋਕ ਦਾ ਫ਼ੈਸਲਾ ਸਰਬ ਸੰਮਤੀ ਨਾਲ ਹੋਵੇ। ਅਮਰੀਕਾ ਦਾ ਕਹਿਣਾ ਹੈ ਕਿ ਆਟੋਮੈਟਿਕ ਹਥਿਆਰ ਤਕਨੀਕ ’ਤੇ ਪਾਬੰਦੀ ਕਾਹਲੀ ’ਚ ਲਿਆ ਗਿਆ ਫ਼ੈਸਲਾ ਹੋਵੇਗਾ।

ਹਥਿਆਰ ਤੇ ਜੰਗ ’ਚ ਤਕਨੀਕ ਦੇ ਇਸਤੇਮਾਲ ਦਾ ਮਾਮਲਾ ਅਮਰੀਕੀ ਦੀ ਸਿਲੀਕਨ ਵੈਲੀ ਤਕ ਪਹੁੰਚ ਚੁੱਕਿਆ ਹੈ। 2018 ’ਚ ਗੂਗਲ ਨੇ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨਾਲ ਸਮਝੌਤੇ ਤੋਂ ਮਨ੍ਹਾਂ ਕਰ ਦਿੱਤਾ ਸੀ। ਇਸ ਤਹਿਤ ਤਸਵੀਰਾਂ ਪਛਾਣ ਕੇ ਹਮਲਾ ਕਰਨ ਵਾਲੇ ਡ੍ਰੋਨ ਲਈ ਏਆਈ ਦਾ ਇਸਤੇਮਾਲ ਕੀਤਾ ਜਾਣਾ ਸੀ। ਗੂਗਲ ਦੇ ਹਜ਼ਾਰਾਂ ਮੁਲਾਜ਼ਮਾਂ ਨੇ ਇਸ ਦਾ ਵਿਰੋਧ ਕੀਤਾ ਸੀ। ਕੰਪਨੀ ਨੇ ਹਥਿਆਰਾਂ ਤੇ ਜੰਗ ’ਚ ਤਕਨੀਕ ਦੇ ਇਸਤੇਮਾਲ ਬਾਰੇ ਆਪਣੀ ਨੀਤੀ ’ਚ ਸੁਧਾਰ ਵੀ ਕੀਤਾ ਸੀ।

Related posts

ਕੈਨੇਡਾ ਹੁਣ ਜਾਂ ਕਦੇ ਵੀ ਵਿਕਾਊ ਨਹੀਂ ਹੈ: ਜਗਮੀਤ ਸਿੰਘ

admin

ਅਮਰੀਕਾ ‘ਚ H-1B ਵੀਜ਼ਾ ਚਾਹਵਾਨਾਂ ਲਈ ਅਨਿਸ਼ਚਿਤਤਾ ਦਾ ਮਾਹੌਲ !

admin

ਵਿਸ਼ਵ ਪਾਸਪੋਰਟ ਸੂਚੀ ’ਚ ਸਿੰਗਾਪੁਰ ਸਿਖਰ ’ਤੇ ਬਰਕਰਾਰ !

admin