Punjab

ਸ੍ਰੀ ਹਰਿਮੰਦਰ ਸਾਹਿਬ ਬੇਅਦਬੀ ਮਾਮਾਲਾ: ਐਸ ਆਈ ਟੀ ਮਿੱਥੇ ਸਮੇਂ ‘ਚ ਰਿਪੋਰਟ ਪੇਸ਼ ਨਾ ਸਕੀ

ਅੰਮ੍ਰਿਤਸਰ – ਸ੍ਰੀ ਹਰਿਮੰਦਰ ਸਾਹਿਬ ਵਿੱਚ 18 ਦਸੰਬਰ ਨੂੰ ਵਾਪਰੀ ਬੇਅਦਬੀ ਦੀ ਘਟਨਾ ਨੂੰ 6 ਦਿਨ ਹੋ ਗਏ ਹਨ ਪਰ ਇਸ ਘਟਨਾ ਦੀ ਜਾਂਚ ਦੇ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਆਪਣੇ ਮਿੱਥੇ ਸਮੇਂ ਦੇ ਵਿੱਚ ਰਿਪੋਰਟ ਪੇਸ਼ ਕਰਨ ਦੇ ਵਿੱਚ ਨਾਕਾਮ ਰਹੀ ਹੈ। ਇਸ ਘਟਨਾ ਸਬੰਧੀ ਪੰਜਾਬ ਦੇ ਗ੍ਰਹਿ ਤੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਨੂੰ ਦਿੱਤਾ ਗਿਆ 48 ਘੰਟਿਆਂ ਦਾ ਸਮਾਂ ਪੂਰਾ ਹੋ ਗਿਆ ਹੈ ਪਰ ਵਿਸ਼ੇਸ਼ ਜਾਂਚ ਟੀਮ ਆਪਣੀ ਰਿਪੋਰਟ ਮੁਕੰਮਲ ਨਹੀਂ ਕਰ ਸਕੀ ਹੈ। ਜਿਵੇਂ-ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ, ਮ੍ਰਿਤਕ ਦੋਸ਼ੀ ਦੀ ਪਛਾਣ ਕਰਨੀ ਔਖੀ ਹੁੰਦੀ ਜਾ ਰਹੀ ਹੈ। ਇ ਸਬੰਧੀ ਡੀ ਸੀ ਪੀ ਲਾਅ ਐਂਡ ਆਰਡਰ ਅਤੇ ਐਸ ਆਈ ਟੀ ਦੇ ਮੁਖੀ ਪਰਮਿੰਦਰ ਸਿੰਘ ਬੰਡਾਲ ਦਾ ਕਹਿਣਾ ਹੈ ਕਿ ਪੁਲਿਸ ਮ੍ਰਿਤਕ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਰ ਕੋਈ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਜਿਵੇਂ ਹੀ ਕੋਈ ਸਫਲਤਾ ਮਿਲਦੀ ਹੈ, ਸਭ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇਗਾ।

ਇਸੇ ਦੌਰਾਨ ਮ੍ਰਿਤਕ ਦੇ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਸਖ਼ਤ ਸੁਰੱਖਿਆ ਦੇ ਵਿਚਕਾਰ ਸ਼੍ਰੀ ਦੁਰਗਿਆਨਾ ਤੀਰਥ ਦੇ ਸ਼ਿਵਪੁਰੀ ਧਾਮ ਵਿਖੇ ਲਿਆਂਦਾ ਗਿਆ ਤੇ ਪੁਲਿਸ ਫੋਰਸ ਦੀ ਮੌਜੂਦਗੀ ਵਿਚ ਉਸਦਾ ਸਸਕਾਰ ਕਰ ਦਿੱਤਾ ਗਿਆ।

ਸ੍ਰੀ ਹਰਿਮੰਦਰ ਸਾਹਿਬ ‘ਚ ਬੇਅਦਬੀ ਦੇ ਦੋਸ਼ ‘ਚ ਮਾਰੇ ਗਏ ਮ੍ਰਿਤਕ ਨੌਜਵਾਨ ਦੀ ਲਾਸ਼ ਦਾ ਬੁੱਧਵਾਰ ਨੂੰ ਸਿਵਲ ਹਸਪਤਾਲ ‘ਚ ਪੋਸਟਮਾਰਟਮ ਕਰਵਾਇਆ ਗਿਆ। ਪੋਸਟਮਾਰਟਮ ਤੋਂ ਪਤਾ ਲੱਗਾ ਹੈ ਕਿ ਉਸਦੇ ਦੀ ਸਿਰ ‘ਤੇ ਗੰਭੀਰ ਸੱਟ ਲੱਗਣ ਕਾਰਨ ਮੌਤ ਹੋਈ ਸੀ। ਇਹ ਸੱਟ ਲੋਹੇ ਦੀ ਵਸਤੂ ਜਾਂ ਸਖ਼ਤ ਕਾਰਨ ਹੋ ਸਕਦੀ ਹੈ। ਸਿਰ ‘ਤੇ ਗੰਭੀਰ ਸੱਟਾਂ ਦੇ ਨਿਸ਼ਾਨ ਮਿਲੇ ਹਨ। ਇਸ ਤੋਂ ਇਲਾਵਾ ਸਰੀਰ ਦਾ ਕੋਈ ਹਿੱਸਾ ਅਜਿਹਾ ਨਹੀਂ ਹੈ ਜਿੱਥੇ ਕੋਈ ਸੱਟ ਨਾ ਲੱਗੀ ਹੋਵੇ। ਸਰੀਰ ਦੇ ਕਈ ਹਿੱਸਿਆਂ ਵਿਚ ਹੱਡੀਆਂ ਵੀ ਟੁੱਟ ਗਈਆਂ। ਮ੍ਰਿਤਕ ਦੀ ਛਾਤੀ, ਪੇਡੂ, ਲੱਤਾਂ ਤੇ ਬਾਹਾਂ ‘ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ। ਇਸ ਤੋਂ ਪਹਿਲਾਂ ਸਵੇਰ ਤੋਂ ਹੀ ਪੁਲਿਸ ਵੱਲੋਂ ਸਿਵਲ ਹਸਪਤਾਲ ਦੀ ਚਾਰਦੀਵਾਰੀ ਨੂੰ ਸੁਰੱਖਿਆ ਘੇਰੇ ਵਿਚ ਰੱਖਿਆ ਗਿਆ ਸੀ। ਪੋਸਟਮਾਰਟਮ ਹਾਊਸ ਵੱਲ ਕਿਸੇ ਨੂੰ ਵੀ ਨਹੀਂ ਆਉਣ ਦਿੱਤਾ ਗਿਆ। ਇੱਥੋਂ ਤਕ ਕਿ ਹਸਪਤਾਲ ਵਿਚ ਕੰਮ ਕਰ ਰਹੇ ਡਾਕਟਰਾਂ ਅਤੇ ਸਹਾਇਕ ਸਟਾਫ ਨੂੰ ਵੀ ਦੂਜੇ ਰਸਤੇ ਰਾਹੀਂ ਦਾਖਲ ਹੋਣ ਲਈ ਕਿਹਾ ਗਿਆ। ਸਿਵਲ ਹਸਪਤਾਲ ਦੇ ਫੋਰੈਂਸਿਕ ਵਿਭਾਗ ਦੇ ਡਾ: ਅਸ਼ੀਸ਼ ਸ਼ਰਮਾ, ਡਾ: ਕੁਲਵਿੰਦਰ, ਡਾ: ਰਵੀ ਤੇਜਪਾਲ, ਡਾ: ਜੈਸਮੀਨ ਅਤੇ ਡਾ: ਅਰਸ਼ਦੀਪ ਸਿੰਘ ‘ਤੇ ਆਧਾਰਿਤ ਮੈਡੀਕਲ ਬੋਰਡ ਨੇ ਕਰੀਬ 12:30 ਵਜੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦੀ ਵੀਡੀਓਗ੍ਰਾਫੀ ਕੀਤੀ ਗਈ। ਪੋਸਟ ਮਾਰਟਮ ਦੇ ਦੌਰਾਨ ਮ੍ਰਿਤਕ ਦੀ ਛਾਤੀ ਵਿੱਚੋਂ ਹੱਡੀ ਦਾ ਨਮੂਨਾ ਲਿਆ ਗਿਆ ਹੈ ਤਾਂ ਜੋ ਲੋੜ ਪੈਣ ‘ਤੇ ਡੀ ਐਨ ਏ ਟੈਸਟ ਲਈ ਉਸੇ ਸੈਂਪਲ ਤੋਂ ਬੋਨ ਮੈਰੋ ਲਿਆ ਜਾ ਸਕੇ। ਇਸ ਤੋਂ ਇਲਾਵਾ ਮ੍ਰਿਤਕ ਦੇ ਹੱਥਾਂ ਦੇ ਉਂਗਲਾਂ ਦੇ ਨਿਸ਼ਾਨ ਦੁਬਾਰਾ ਲਏ ਗਏ ਹਨ ਤਾਂ ਜੋ ਜਾਂਚ ਕਰ ਰਹੀ ਐਸ ਆਈ ਟੀ ਇੱਕ ਵਾਰ ਫਿਰ ਤੋਂ ਬਾਇਓਮੈਟ੍ਰਿਕ ਡਾਟਾ ਸਿਸਟਮ ਰਾਹੀਂ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਸਕੇ।

ਵਰਨਣਯੋਗ ਹੈ ਕਿ 18 ਦਸੰਬਰ ਦੀ ਸ਼ਾਮ ਨੂੰ ਇਕ ਨੌਜਵਾਨ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਹਾਲ ਦੀ ਗਰਿੱਲ ‘ਤੇ ਚੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਸ਼ੋਭਿਤ ਸਥਾਨ ‘ਤੇ ਪਹੁੰਚ ਗਿਆ ਸੀ। ਉਸ ਨੇ ਉਥੇ ਰੱਖੀ ਕਿਰਪਾਨ ਚੁੱਕ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਉੱਥੇ ਮੌਜੂਦ ਸੇਵਾਦਾਰਾਂ ਨੇ ਉਸ ਨੂੰ ਕਾਬੂ ਕਰ ਲਿਆ। ਬਾਅਦ ‘ਚ ਭੀੜ ਨੇ ਉਸ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ। 18 ਦਸੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਦਰ ਬੇਅਦਬੀ ਤੋਂ ਬਾਅਦ ਮਾਰਿਆ ਗਿਆ ਨੌਜਵਾਨ ਸਾਰਾ ਦਿਨ ਅੰਦਰ ਹੀ ਰਿਹਾ ਸੀ। ਉਹ ਸਵੇਰੇ 8:40 ‘ਤੇ ਹਰਿਮੰਦਰ ਸਾਹਿਬ ‘ਚ ਦਾਖਲ ਹੋਇਆ ਸੀ ਅਤੇ ਸ਼ਾਮ 5:45 ‘ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਪੁਲੀਸ ਨੇ 17 ਦਸੰਬਰ ਦੀ ਫੁਟੇਜ ਚੈੱਕ ਕੀਤੀ ਤਾਂ ਉਸ ਵਿੱਚ ਵੀ ਮੁਲਜ਼ਮ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਬਾਜ਼ਾਰਾਂ ਵਿੱਚ ਘੁੰਮਦਾ ਨਜ਼ਰ ਆਇਆ। ਹੁਣ ਪੁਲਿਸ 16 ਦਸੰਬਰ ਦੀ ਫੁਟੇਜ ਵਿੱਚ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Related posts

ਸੁਰਜੀਤ ਪਾਤਰ ਦੀ ਯਾਦ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਣੇਗਾ ਏਆਈ ਸੈਂਟਰ !

admin

ਮਾਘੀ ਮੇਲੇ ‘ਤੇ ਵੱਖ-ਵੱਖ ਅਕਾਲੀ ਦਲਾਂ ਵਲੋਂ ਕਾਨਫਰੰਸਾਂ !

admin

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin