ਵਾਸ਼ਿੰਗਟਨ – ਅਮਰੀਕਾ ਨੇ 2022 ਲਈ ਕਈ ਵੀਜ਼ਾ ਬਿਨੈਕਾਰਾਂ ਨੂੰ ਨਿੱਜੀ ਇੰਟਰਵਿਊ ਦੀ ਜ਼ਰੂਰਤ ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ। ਇਸ ਵਿਚ H-1B ਵੀਜ਼ਾ ਦੇ ਨਾਲ ਆਉਣ ਵਾਲੇ ਮੁਲਾਜ਼ਮ ਤੇ ਵਿਦਿਆਰਥੀ ਸ਼ਾਮਲ ਹਨ। ਵਿਦੇਸ਼ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਇਸ ਖੇਤਰ ਦੇ ਵੀਜ਼ਾ ਧਾਰਕਾਂ ਦੇ ਆਪਣੇ ਵੀਜ਼ਾ ਨੂੰ ਰੀਨਿਊ ਕਰਵਾਉਣ ਦੇ ਮਾਮਲੇ ‘ਚ ਵੀ ਇੰਟਰਵਿਊ ਰਾਹੀਂ ਦਿੱਤੀ ਜਾਣ ਵਾਲੀ ਛੋਟ ਨੂੰ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਅਮਰੀਕੀ ਸਰਕਾਰ ਦੇ ਇਸ ਫੈ਼ਸਲੇ ਨਾਲ ਦੁਨੀਆ ਭਰ ਦੇ ਲੋਕਾਂ ਨੂੰ ਰਾਹਤ ਮਿਲੇਗੀ ਜਿਨ੍ਹਾਂ ਵਿਚ ਵੱਡੀ ਗਿਣਤੀ ਭਾਰਤੀ ਅਤੇ ਚੀਨੀ ਨਾਗਰਿਕਾਂ ਦੀ ਹੁੰਦੀ ਹੈ।
ਵਿਦੇਸ਼ ਵਿਭਾਗ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ‘ਚ ਕਿਹਾ ਗਿਆ ਹੈ ਕਿ ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਕੌਂਸਲਰ ਅਧਿਕਾਰੀਆਂ ਨੂੰ ਆਰਜ਼ੀ ਤੌਰ ‘ਤੇ ਮਨਜ਼ੂਰੀ ਦਿੱਤੀ ਗਈ ਹੈ ਕਿ ਉਹ 31 ਦਸੰਬਰ, 2022 ਤਕ ਸ਼੍ਰੇਣੀਆਂ- ਐੱਚ-1ਬੀ ਵੀਜ਼ਾ, ਐੱਚ-3 ਵੀਜ਼ਾ, ਐੱਲ ਵੀਜ਼ਾ, ਓ ਵੀਜ਼ਾ ‘ਚ ਕੁਝ ਨਿੱਜੀ ਪਟੀਸ਼ਨ-ਆਧਾਰਤ ਗ਼ੈਰ-ਅਪਰਵਾਸੀ ਵਰਕ ਵੀਜ਼ਾ ਲਈ ਨਿੱਜੀ ਇੰਟਰਵਿਊ ਤੋਂ ਰਾਹਤ ਦੇਣਗੇ। ਬਿਆਨ ‘ਚ ਕਿਹਾ ਗਿਆ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਵਿਭਾਗ ਦੀ ਵੀਜ਼ਾ ਪ੍ਰੋਸੈਸਿੰਗ ਸਮਰੱਥਾ ‘ਚ ਕਮੀ ਆਈ ਹੈ। ਹੁਣ ਜਦੋਂ ਗਲੋਬਲ ਯਾਤਰਾ ਦੁਬਾਰਾ ਸ਼ੁਰੂ ਹੋ ਰਹੀ ਹੈ, ਅਸੀਂ ਇਹ ਅਸਥਾਈ ਕਦਮ ਚੁੱਕ ਰਹੇ ਹਾਂ ਤਾਂ ਜੋ ਵੀਜ਼ਾ ਲਈ ਉਡੀਕ ਸਮੇਂ ਨੂੰ ਸੁਰੱਖਿਅਤ ਤੇ ਪ੍ਰਭਾਵੀ ਤਰੀਕੇ ਨਾਲ ਘਟਾਇਆ ਜਾ ਸਕੇ। ਇਸ ਦੌਰਾਨ ਅਸੀਂ ਕੌਮੀ ਸੁਰੱਖਿਆ ਨੂੰ ਤਰਜੀਹੀ ਤੌਰ ‘ਤੇ ਰੱਖਾਂਗੇ।