ਲੁਧਿਆਣਾ – ਲੁਧਿਆਣਾ ਦੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਵਿੱਚ ਮਰਨ ਵਾਲੇ ਵਿਅਕਤੀ ਦੀ ਪਛਾਣ ਪੰਜਾਬ ਪੁਲਿਸ ਦੇ ਬਰਖ਼ਾਸਤ ਹੈੱਡ ਕਾਂਸਟੇਬਲ ਵਜੋਂ ਹੋਈ ਹੈ ਅਤੇ ਉਹ 30 ਸਾਲਾ ਗਗਨਦੀਪ ਸਿੰਘ ਸੀ ਜੋ ਖੰਨਾ ਦੇ ਲਲਹੇੜੀ ਰੋਡ ਦਾ ਰਹਿਣ ਵਾਲਾ ਸੀ। ਉਸ ਨੂੰ ਡਰੱਗ ਲਿੰਕ ਕੇਸ ‘ ਚ ਦੋ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ 2019 ਵਿਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਦੋ ਸਾਲ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਸਤੰਬਰ ਮਹੀਨੇ ਵਿੱਚ ਰਿਹਾਅ ਹੋਇਆ ਸੀ। ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸਦਰ ਥਾਣੇ ਵਿੱਚ ਹੁੰਦਿਆਂ, ਗਗਨਦੀਪ ਨੂੰ ਅਗਸਤ-2019 ਵਿੱਚ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਡਰੱਗ ਮਾਫੀਆ ਨਾਲ ਸਬੰਧਾਂ ਕਾਰਨ ਉਸ ਨੂੰ ਪੰਜਾਬ ਪੁਲਸ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਗਗਨਦੀਪ ਸਿੰਘ ਡਰੱਗ ਮਾਮਲੇ ‘ਚ 2 ਸਾਲ ਤੱਕ ਜੇਲ ‘ਚ ਰਿਹਾ ਅਤੇ ਉਹ 8 ਸਤੰਬਰ 2021 ਨੂੰ ਹੀ ਜ਼ਮਾਨਤ ‘ਤੇ ਬਾਹਰ ਆਇਆ ਸੀ। ਪੁਲਿਸ ਸੂਤਰਾਂ ਅਨੁਸਾਰ ਗਗਨਦੀਪ ਸਿੰਘ ਖੰਨਾ ਦੇ ਗੁਰੂ ਤੇਗ ਬਹਾਦਰ ਨਗਰ ਦਾ ਰਹਿਣ ਵਾਲਾ ਸੀ। ਉਸ ਦੇ ਪਿਤਾ ਦਾ ਨਾਂ ਅਮਰਜੀਤ ਸਿੰਘ ਹੈ। ਪੰਜਾਬ ਪੁਲਿਸ ਦੀ ਐਸਟੀਐਫ ਨੇ ਗਗਨਦੀਪ ਸਿੰਘ ਨੂੰ 785 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ। ਉਹ ਇਕ ਔਰਤ ਨਾਲ ਮਿਲ ਕੇ ਨਸ਼ੇ ਦੀ ਤਸਕਰੀ ਕਰਦਾ ਸੀ। ਉਸ ਵਿਰੁੱਧ 11 ਅਗਸਤ 2019 ਨੂੰ ਐਸਟੀਐਫ ਥਾਣਾ ਫੇਜ਼-4, ਮੁਹਾਲੀ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਗਗਨਦੀਪ ਦੇ ਖਾਲਿਸਤਾਨੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧ ਸਾਹਮਣੇ ਆ ਰਹੇ ਹਨ। ਇਸ ਧਮਾਕੇ ਪਿੱਛੇ ਪਾਕਿਸਤਾਨ ਬੈਠੇ ਹਰਵਿੰਦਰ ਸਿੰਘ ਰਿੰਦਾ ਸੰਧੂ ਦਾ ਨਾਂ ਆ ਰਿਹਾ ਹੈ, ਜੋ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਹੋਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗਗਨਦੀਪ ਅਦਾਲਤੀ ਕੰਪਲੈਕਸ ਦੇ ਬਾਥਰੂਮ ਵਿੱਚ ਪਹੁੰਚ ਕੇ ਆਪਣੇ ਮੋਬਾਈਲ ਫੋਨ ਰਾਹੀਂ ਬੰਬ ਨੂੰ ਐਕਟੀਵੇਟ ਕਰਨ ਦੀਆਂ ਹਦਾਇਤਾਂ ਲੈ ਰਿਹਾ ਸੀ। ਉਸੇ ਸਮੇਂ ਕੁਝ ਗੜਬੜ ਹੋਈ ਅਤੇ ਬੰਬ ਫਟ ਗਿਆ। ਇਸ ਵਿੱਚ ਗਗਨਦੀਪ ਸਿੰਘ ਖੁਦ ਵੀ ਮਾਰਿਆ ਗਿਆ ਸੀ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਧਮਾਕੇ ਵਿੱਚ ਗਗਨਦੀਪ ਦੇ ਸਰੀਰ ਦੇ ਟੁਕੜੇ-ਟੁਕੜੇ ਹੋ ਗਏ। ਏਜੰਸੀਆਂ ਇਸ ਦੀ ਜਾਂਚ ਕਰ ਰਹੀਆਂ ਹਨ। ਕੇਂਦਰੀ ਜਾਂਚ ਏਜੰਸੀ ਐਨਆਈਏ ਨੇ ਧਮਾਕੇ ਵਾਲੀ ਥਾਂ ਤੋਂ ਮਿਲੇ ਡੋਂਗਲ ਦੇ ਮੋਬਾਈਲ ਸਿਮ ਨੰਬਰ ਤੋਂ ਗਗਨਦੀਪ ਦੀ ਪਛਾਣ ਕੀਤੀ। ਲੁਧਿਆਣਾ ਕੋਰਟ ਕੰਪਲੈਕਸ ਵਿੱਚ ਬੰਬ ਧਮਾਕਾ ਪਾਕਿਸਤਾਨ ਵਿੱਚ ਬੈਠੇ ਬੱਬਰ ਖਾਲਸਾ ਦੇ ਅੱਤਵਾਦੀ ਰਿੰਦਾ ਸੰਧੂ ਦੀ ਸਾਜ਼ਿਸ਼ ਸੀ, ਜੋ ਉਸ ਨੇ ਖੰਨਾ ਪੁਲਿਸ ਦੇ ਡਰੱਗ ਮਾਮਲੇ ਵਿੱਚ ਬਰਖਾਸਤ ਹੈੱਡ ਕਾਂਸਟੇਬਲ ਗਗਨਦੀਪ ਸਿੰਘ ਰਾਹੀਂ ਕਰਵਾਇਆ। ਗਗਨਦੀਪ ਰਿੰਦਾ ਦੇ ਦੋ ਸਾਲਾਂ ਦੀ ਜੇਲ੍ਹ ਦੌਰਾਨ ਸੰਪਰਕ ਵਿੱਚ ਆਇਆ ਸੀ। ਗਗਨਦੀਪ 4 ਮਹੀਨੇ ਪਹਿਲਾਂ ਜ਼ਮਾਨਤ ‘ਤੇ ਬਾਹਰ ਆਇਆ ਸੀ ਉਸ ਦੀ ਅਗਲੀ ਪੇਸ਼ੀ 3 ਫਰਵਰੀ ਨੂੰ ਲੁਧਿਆਣਾ ਅਦਾਲਤ ਦੀ ਗਰਾਊਂਡ ਫਲੋਰ ‘ਤੇ ਹੋਣੀ ਸੀ ਅਤੇ ਉਸ ਨੇ ਉਸੇ ਕੋਰਟ ਕੰਪਲੈਕਸ ਦੀ ਦੂਜੀ ਮੰਜ਼ਿਲ ‘ਤੇ ਬੰਬ ਧਮਾਕਾ ਕਰ ਦਿੱਤਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਗਗਨਦੀਪ ਸਿੰਘ ਲੁਧਿਆਣਾ ਜੇਲ ‘ਚ 2 ਸਾਲਾਂ ਦੌਰਾਨ ਹੀ ਕਿਸੇ ਅੱਤਵਾਦੀ ਸੰਗਠਨ ਦੇ ਸੰਪਰਕ ‘ਚ ਆਇਆ ਹੋ ਸਕਦਾ ਹੈ, ਉਦੋਂ ਹੀ ਉਸ ਨੇ ਜੇਲ ਤੋਂ ਬਾਹਰ ਆਉਂਦੇ ਹੀ 4 ਮਹੀਨਿਆਂ ‘ਚ ਇਹ ਬੰਬ ਧਮਾਕਾ ਕਰ ਦਿੱਤਾ ਸੀ। ਗਗਨਦੀਪ ਬੰਬ ਫਿੱਟ ਕਰਵਾਉਣ ਲਈ ਅਦਾਲਤ ਪਹੁੰਚਿਆ ਸੀ। ਧਮਾਕੇ ਵਾਲੀ ਥਾਂ ‘ਤੇ ਮਿਲੇ ਅੱਧੇ ਸੜੇ ਹੋਏ ਇੰਟਰਨੈੱਟ ਡੌਂਗਲ ਦੇ ਸਿਮ ਨੂੰ ਟ੍ਰੈਕ ਕਰਨ ਤੋਂ ਪਤਾ ਲੱਗਾ ਹੈ ਕਿ ਇਸ ਡੋਂਗਲ ਤੋਂ ਅਦਾਲਤ ਨੂੰ 13 ਇੰਟਰਨੈੱਟ ਕਾਲਾਂ ਕੀਤੀਆਂ ਗਈਆਂ ਸਨ, ਜਿਨ੍ਹਾਂ ‘ਚੋਂ 4 ਬੰਬਾਂ ਨੂੰ ਐਕਟੀਵੇਟ ਕਰਨ ਲਈ ਸਨ। ਇਸ ਦੌਰਾਨ ਇਕ ਧਮਾਕਾ ਹੋਇਆ ਅਤੇ ਬਰਖਾਸਤ ਕਾਂਸਟੇਬਲ ਗਗਨਦੀਪ ਦੀ ਮੌਤ ਹੋ ਗਈ। ਸੂਤਰਾਂ ਅਨੁਸਾਰ ਲੁਧਿਆਣਾ ‘ਚ 23 ਮੋਬਾਈਲ ਟਾਵਰਾਂ ਦੇ ਡੰਪ ਦੀ ਤਲਾਸ਼ੀ ਲਈ ਗਈ ਅਤੇ ਉਥੋਂ 3 ਇੰਟਰਨੈਸ਼ਨਲ ਕਾਲਾਂ ਕੀਤੀਆਂ ਗਈਆਂ ਜੋ ਕਿ ਰਿੰਦਾ ਨੂੰ ਕੀਤੀਆਂ ਗਈਆਂ ਸਨ। ਏਜੰਸੀਆਂ ਨੂੰ ਸ਼ੱਕ ਹੈ ਕਿ ਇਸ ਦੇ ਭਾਈਵਾਲ ਯੂਪੀ, ਦਿੱਲੀ, ਹਿਮਾਚਲ ਵਿੱਚ ਹੋ ਸਕਦੇ ਹਨ। ਰਿੰਦਾ ਸੰਧੂ ਰੋਪੜ ਦਾ ਵਸਨੀਕ ਹੈ ਜੋ ਡੇਢ ਸਾਲ ਪਹਿਲਾਂ ਇਟਲੀ ਰਾਹੀਂ ਪਾਕਿਸਤਾਨ ਭੱਜ ਗਿਆ ਸੀ। ਉਥੇ ਹੁਣ ਬੱਬਰ ਖਾਲਸਾ ਮੁਖੀ ਵਧਾਵਾ ਸਿੰਘ ਦੀ ਮਦਦ ਨਾਲ ਪੰਜਾਬ ਵਿਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਰਚ ਰਿਹਾ ਹੈ।
ਦਰਅਸਲ, ਵੀਰਵਾਰ ਦੁਪਹਿਰ ਨੂੰ ਹੋਏ ਬੰਬ ਧਮਾਕਿਆਂ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਅਤੇ ਰਾਸ਼ਟਰੀ ਸੁਰੱਖਿਆ ਸਮੂਹ (ਐਨਐਸਜੀ) ਦੇ ਅਧਿਕਾਰੀ ਵੀਰਵਾਰ ਰਾਤ 10:15 ਵਜੇ ਨਵੀਂ ਦਿੱਲੀ ਤੋਂ ਲੁਧਿਆਣਾ ਅਦਾਲਤੀ ਕੰਪਲੈਕਸ ਪਹੁੰਚੇ। ਇਹ ਅਧਿਕਾਰੀ ਸਾਰੀ ਰਾਤ ਅਦਾਲਤੀ ਕੰਪਲੈਕਸ ਦੀ ਜਾਂਚ ਕਰਦੇ ਰਹੇ। ਰਾਤ ਨੂੰ ਹੀ ਘਟਨਾ ਸਥਾਨ ‘ਤੇ ਕੇਂਦਰੀ ਜਾਂਚ ਏਜੰਸੀਆਂ ਅਤੇ ਸਥਾਨਕ ਪੁਲਿਸ ਅਧਿਕਾਰੀਆਂ ਦੀਆਂ ਕਈ ਮੀਟਿੰਗਾਂ ਵੀ ਹੋਈਆਂ। ਜਾਂਚ ਦੌਰਾਨ ਜਾਂਚ ਏਜੰਸੀਆਂ ਨੂੰ ਮਲਬੇ ਤੋਂ ਕਾਫੀ ਜਾਣਕਾਰੀ ਮਿਲੀ ਹੈ। ਮਲਬੇ ਵਿੱਚ ਕੁਝ ਟੁੱਟੇ ਹੋਏ ਮੋਬਾਈਲ ਫੋਨ ਅਤੇ ਡੌਂਗਲ ਵੀ ਮਿਲੇ ਹਨ। ਜਦੋਂ ਜਾਂਚ ਅਧਿਕਾਰੀਆਂ ਨੇ ਮੋਬਾਈਲ ਫੋਨ ਅਤੇ ਡੋਂਗਲ ਦੀ ਸਿਮ ਸਬੰਧੀ ਜਾਂਚ ਸ਼ੁਰੂ ਕੀਤੀ ਤਾਂ ਸੁਰਾਗ ਮਿਲਣ ਲੱਗੇ। ਇਹ ਡੋਂਗਲ ਖੰਨਾ ਦੇ ਇਕ ਵਿਅਕਤੀ ਦੇ ਨਾਂ ‘ਤੇ ਸੀ। ਪੁਲੀਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਗਗਨਦੀਪ ਸਿੰਘ ਬਾਰੇ ਦੱਸਿਆ।
ਸ਼ੁੱਕਰਵਾਰ ਦੇਰ ਸ਼ਾਮ ਨੂੰ ਐਨ ਆਈ ਏ ਅਤੇ ਪੰਜਾਬ ਪੁਲਿਸ ਦੀ ਸਾਂਝੀ ਟੀਮ ਨੇ ਗਗਨਦੀਪ ਸਿੰਘ ਦੇ ਖੰਨਾ ਸਥਿਤ ਘਰ ‘ਤੇ ਛਾਪਾ ਮਾਰਿਆ ਅਤੇ ਗਗਨਦੀਪ ਸਿੰਘ ਦੇ ਘਰ ਤੋ ਉਸ ਦੇ ਭਰਾ ਨੂੰ, ਇਕ ਲੈਪਟਾਪ, ਮੋਬਾਇਲ ਫੋਨ ਤੇ ਕੁੱਝ ਕੈਸ਼ ਜ਼ਬਤ ਕੀਤਾ ਹੈ। ਪਰਿਵਾਰ ਨੇ ਗਗਨਦੀਪ ਸਿੰਘ ਦੀ ਲਾਸ਼ ਦੀ ਪਛਾਣ ਕਰ ਲਈ ਹੈ। ਮ੍ਰਿਤਕ ਦੇ ਸਰੀਰ ‘ਤੇ ਬਣੇ ਖੰਡੇ ਦੇ ਟੈਟੂ ਦੇ ਆਧਾਰ ‘ਤੇ ਕਿਹਾ ਗਿਆ ਕਿ ਉਹ ਗਗਨਦੀਪ ਸਿੰਘ ਸੀ। ਪੁਲਿਸ ਨੂੰ ਡੋਂਗਲ ਤੋਂ ਇਲਾਵਾ ਗਗਨਦੀਪ ਸਿੰਘ ਦੀ ਜੇਬ ‘ਚੋਂ 500 ਰੁਪਏ ਵੀ ਮਿਲੇ ਪਰ ਉਸ ਕੋਲ ਕੋਈ ਪਰਸ ਨਹੀਂ ਸੀ | ਧਮਾਕੇ ਸਮੇਂ ਗਗਨਦੀਪ ਸਿੰਘ ਨੇ ਟੀ-ਸ਼ਰਟ ਪਾਈ ਹੋਈ ਸੀ। ਸਾਲ 2019 ‘ਚ ਡਰੱਗ ਮਾਮਲੇ ‘ਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪੰਜਾਬ ਪੁਲਸ ‘ਚੋਂ ਬਰਖਾਸਤ ਕੀਤੇ ਗਏ ਗਗਨਦੀਪ ਸਿੰਘ ਦੇ ਨਾਲ ਉਸ ਸਮੇਂ ਕੁਝ ਹੋਰ ਲੋਕ ਵੀ ਸਨ। ਵੀਰਵਾਰ ਨੂੰ ਬੰਬ ਲਗਾਉਣ ਸਮੇਂ ਹੋਏ ਧਮਾਕੇ ਵਿੱਚ ਗਗਨਦੀਪ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਪੁਲਿਸ ਹੁਣ ਉਸਦੇ ਹੋਰ ਸਾਥੀਆਂ ਦੇ ਰਿਕਾਰਡ ਦੀ ਛਾਣਬੀਣ ਕਰ ਰਹੀ ਹੈ। ਪੰਜਾਬ ਪੁਲਿਸ ਨੂੰ ਸ਼ੱਕ ਹੈ ਕਿ ਇਸ ਧਮਾਕੇ ਵਿਚ ਉਨ੍ਹਾਂ ਵਿਚੋਂ ਕਈ ਹੋਰ ਵੀ ਸ਼ਾਮਲ ਹੋ ਸਕਦੇ ਹਨ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਇੱਕ ਹਫ਼ਤੇ ਤੋਂ ਲਗਾਤਾਰ ਅਦਾਲਤ ਦੇ ਗੇੜੇ ਮਾਰ ਰਿਹਾ ਸੀ। ਗਗਨਦੀਪ ਦੀ ਪਤਨੀ ਅਨੁਸਾਰ ਉਹ ਘਟਨਾ ਵਾਲੇ ਦਿਨ ਰਾਤ 10 ਵਜੇ ਬਿਨਾਂ ਦੱਸੇ ਘਰੋਂ ਚਲਾ ਗਿਆ ਸੀ। ਮੁੜ ਕੇ ਨਹੀਂ ਪਰਤਿਆ।
ਖੰਨਾ ਦੇ ਲਲਹੇੜੀ ਇਲਾਕੇ ਦੇ ਗੁਰੂ ਤੇਗ ਬਹਾਦਰ ਦਾ ਰਹਿਣ ਵਾਲਾ ਗਗਨਦੀਪ ਸਿੰਘ ਸਾਲ 2011 ਵਿੱਚ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਇਆ ਸੀ। ਨੌਕਰੀ ਦੌਰਾਨ ਉਹ ਮਾਛੀਵਾੜਾ ਅਤੇ ਸਮਰਾਲਾ ਥਾਣਿਆਂ ਵਿਚ ਤਾਇਨਾਤ ਰਿਹਾ ਅਤੇ ਉਥੋਂ ਉਸ ਦੀ ਬਦਲੀ ਖੰਨਾ ਸਦਰ ਥਾਣੇ ਵਿਚ ਹੋ ਗਈ। ਗਗਨਦੀਪ ਸਿੰਘ ਦੇ ਨਾਲ ਸਦਰ ਥਾਣੇ ਵਿੱਚ ਕੰਮ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਅਨੁਸਾਰ ਗਗਨਦੀਪ ਖੰਨਾ ਸਦਰ ਥਾਣੇ ਦਾ ਮੁੱਖ ਮੁਨਸ਼ੀ ਹੁੰਦਿਆਂ ਕਿਸੇ ਨਾਲ ਬਹੁਤਾ ਮੇਲ ਮਿਲਾਪ ਨਹੀਂ ਕਰਦਾ ਸੀ। ਉਸ ਦੀ ਇੱਕ ਬੇਟੀ ਹੈ। ਜਿਸ ਗੱਡੀ ਵਿੱਚ ਉਸ ਨੂੰ ਐਸਟੀਐਫ ਨੇ ਹੈਰੋਇਨ ਸਮੇਤ ਫੜਿਆ ਸੀ, ਉਸ ਨੇ ਉਹ ਗੱਡੀ ਖੰਨਾ ਸਦਰ ਥਾਣੇ ਵਿੱਚ ਲੱਗਣ ਤੋਂ ਬਾਅਦ ਹੀ ਖਰੀਦੀ ਸੀ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ‘ਚ ਮ੍ਰਿਤਕ ਵਿਅਕਤੀ ਦਾ ਪੋਸਟਮਾਰਟਮ ਕੀਤਾ ਗਿਆ ਸੀ। ਤਿੰਨ ਡਾਕਟਰਾਂ ਦੇ ਪੈਨਲ ਨੇ ਐਨਆਈਏ ਅਧਿਕਾਰੀਆਂ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਮੌਜੂਦਗੀ ਵਿੱਚ ਪੋਸਟਮਾਰਟਮ ਕੀਤਾ। ੀੲਸ ਪੈਨਲ ਵਿੱਚ ਫੋਰੈਂਸਿਕ ਮਾਹਿਰ, ਐਮਰਜੈਂਸੀ ਮੈਡੀਕਲ ਅਫ਼ਸਰ ਡਾ: ਵਿਸ਼ਾਲ ਡਾ: ਚਰਨਕਮਲ ਅਤੇ ਡਾ: ਰੋਹਿਤ ਰਾਮਪਾਲ ਸ਼ਾਮਲ ਸਨ।
ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨੇ ਦਿੱਲੀ ਵਿੱਚ ਅੰਦਰੂਨੀ ਸੁਰੱਖਿਆ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਕੀਤੀ। ਇਸ ਵਿੱਚ ਆਈਬੀ ਦੇ ਡਾਇਰੈਕਟਰ ਅਰਵਿੰਦ, ਐਨਆਈਏ ਮੁਖੀ ਕੁਲਦੀਪ ਸਿੰਘ, ਬੀਐਸਐਫ ਦੇ ਡੀਜੀ ਪੰਕਜ ਸਿੰਘ ਅਤੇ ਐਨਆਈਏ ਦੇ ਅਧਿਕਾਰੀ ਹਾਜ਼ਰ ਸਨ।
ਸ਼ੁੱਕਰਵਾਰ ਨੂੰ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਕਿਰਨ ਰਿਜਿਜੂ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਕਿਹਾ ਕਿ ਕੇਂਦਰ ਅਤੇ ਪੰਜਾਬ ਧਮਾਕੇ ਦੀ ਸਾਂਝੇ ਤੌਰ ‘ਤੇ ਜਾਂਚ ਕਰ ਰਹੇ ਹਨ। ਕਿਉਂਕਿ ਇਹ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ, ਇਸ ‘ਤੇ ਰਾਜਨੀਤੀ ਸਹੀ ਨਹੀਂ ਹੋਣੀ ਚਾਹੀਦੀ। ਜ਼ਿੰਮੇਵਾਰ ਅਹੁਦਿਆਂ ‘ਤੇ ਬੈਠੇ ਵਿਅਕਤੀਆਂ ਅਤੇ ਆਗੂਆਂ ਨੂੰ ਇਕਜੁੱਟ ਹੋ ਕੇ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀਆਂ ਦਾ ਹਾਲ-ਚਾਲ ਵੀ ਪੁੱਛਿਆ। ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਵਿਜੇ ਸਾਂਪਲਾ, ਸੈਸ਼ਨ ਜੱਜ ਸੁਨੀਸ਼ ਸਿੰਘਲ ਵੀ ਮੌਜੂਦ ਸਨ।