ਨਵੀਂ ਦਿੱਲੀ – ਬੈਂਗਲੁਰੂ ਸਥਿਤ ਭਾਰਤੀ ਖੇਡ ਅਥਾਰਟੀ (ਸਾਈ) ਦੇ ਦੱਖਣੀ ਕੇਂਦਰ ’ਚ ਸੋਮਵਾਰ ਨੂੰ ਸੀਨੀਅਰ ਮਹਿਲਾ ਰਾਸ਼ਟਰੀ ਹਾਕੀ ਕੈਂਪ ਸ਼ੁਰੂ ਹੋਇਆ, ਜਿਸ ’ਚ 60 ਖਿਡਾਰਨਾਂ ਹਿੱਸਾ ਲੈ ਰਹੀਆਂ ਹਨ। ਖਿਡਾਰੀਆਂ ਦੀ ਚੋਣ ਹਾਲ ’ਚ ਸੰਪੰਨ 11ਵੀਂ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ, ਅੰਤਰ ਵਿਭਾਗ ਰਾਸ਼ਟਰੀ ਚੈਂਪੀਅਨਸ਼ਿਪ ਤੇ ਹਾਕੀ ਇੰਡੀਆ ਤੋਂ ਮਨਜ਼ੂਰ ਹੋਰ ਘਰੇਲੂ ਮੁਕਾਬਲਿਆਂ ’ਚ ਪ੍ਰਦਰਸ਼ਨ ਦੇ ਆਧਾਰ ’ਤੇ ਕੀਤਾ ਗਿਆ ਹੈ। ਇਸ 60 ਮੈਂਬਰੀ ਸੂਚੀ ’ਚ ਸੀਨੀਅਰ ਮਹਿਲਾ ਕੋਰ ਸਮੂਹ ਦੀ ਖਿਡਾਰਨ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਅੰਤਰਰਾਸ਼ਟਰੀ ਟੂਰਨਾਮੈਂਟ ’ਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਬਰਕਰਾਰ ਰੱਖਿਆ ਗਿਆ ਹੈ। ਜੂਨੀਅਰ ਮਹਿਲਾ ਟੀਮ ਵੱਲੋਂ ਚੰਗਾ ਪ੍ਰਦਰਸ਼ਨ ਕਰਨ ਵਾਲੀਆਂ ਖਿਡਾਰਨਾਂ ਨੂੰ ਵੀ ਇਸ ਸੂਚੀ ’ਚ ਥਾਂ ਮਿਲੀ ਹੈ, ਜਿਸ ਨਾਲ ਅਗਲੇ ਸਾਲ ਹੋਣ ਵਾਲੇ ਮਹਿਲਾ ਏਸ਼ੀਆ ਕੱਪ ਦੀਆਂ ਤਿਆਰੀਆਂ ਨਾਲ ਪਹਿਲੇ 33 ਖਿਡਾਰੀਆਂ ਤਕ ਸੀਮਤ ਕੀਤਾ ਜਾਵੇਗਾ। ਮਹਿਲਾ ਟੀਮ ਦੀ ਮੁੱਖ ਕੋਚ ਜਾਨੇਕਾ ਸ਼ੋਪਮੈਨ ਨੇ ਕਿਹਾ ਕਿ ਖਿਡਾਰੀਆਂ ਦੀ ਚੋਣ ਸੀਨੀਅਰ ਤੇ ਜੂਨੀਅਰ ਮਹਿਲਾ ਅੰਤਰਰਾਸ਼ਟਰੀ ਟੂਰਨਾਮੈਂਟ ਤੋਂ ਇਲਾਵਾ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ 2021, ਪਹਿਲੀ ਸੀਨੀਅਰ ਮਹਿਲਾ ਅੰਤਰ ਵਿਭਾਗ ਰਾਸ਼ਟਰੀ ਚੈਂਪੀਅਨਸ਼ਿਪ 2021 ਤੇ ਹਾਕੀ ਇੰਡੀਆ ਤੋਂ ਮਨਜ਼ੂਰ ਹੋਰ ਘਰੇਲੂ ਮੁਕਾਬਲਿਆਂ ’ਚ ਪ੍ਰਦਰਸ਼ਨ ਦੇ ਆਧਾਰ ’ਤੇ ਕੀਤਾ ਗਿਆ ਹੈ। ਸੀਨੀਅਰ ਮਹਿਲਾ ਕੋਰ ਸੰਭਾਵਿਤ ਖਿਡਾਰਨਾਂ ’ਚ ਸ਼ਾਮਲ ਰਹੀ ਜ਼ਿਆਦਾਤਰ 33 ਖਿਡਾਰਨਾਂ ਨੂੰ ਇਸ ਸੂਚੀ ’ਚ ਥਾਂ ਮਿਲੀ ਹੈ ਪਰ ਉਨ੍ਹਾਂ ਨੂੰ ਪਤਾ ਹੈ ਕਿ ਟਰਾਇਲ ਦੌਰਾਨ ਉਨ੍ਹਾਂ ਨੂੰ ਆਪਣੀ ਸਮਰੱਥਾ ਸਾਬਿਤ ਕਰਨੀ ਹੋਵੇਗੀ, ਜਿਸ ਨਾਲ ਪੱਕਾ ਹੋਵੇ ਕਿ ਉਨ੍ਹਾਂ ਨੂੰ 33 ਖਿਡਾਰੀਆਂ ਦੀ ਅੰਤਿਮ ਸੂਚੀ ’ਚ ਥਾਂ ਮਿਲੇ। ਅਗਲੇ ਸਾਲ ਏਸ਼ੀਆ ਕੱਪ ਤੇ ਮਹੱਤਵਪੂਰਨ ਏਸ਼ੀਆਈ ਖੇਡਾਂ ਸਮੇਤ ਕਈ ਟੂਰਨਾਮੈਂਟ ਹੋਣੇ ਹਨ, ਇਸ ਲਈ ਸਾਡੇ ਲਈ ਮਹੱਤਵਪੂਰਨ ਹੈ ਕਿ ਸਾਡੇ ਕੋਲ 33 ਖਿਡਾਰੀਆਂ ਦਾ ਮਜ਼ਬੂਤ ਪੂਲ ਹੋਵੇ।