ਚੰਡੀਗੜ੍ਹ – ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂਆਂ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੰਗਲਵਾਰ ਸਵੇਰੇ ਹੋਣ ਵਾਲੀ ਮੀਟਿੰਗ ਸਮੇਂ ਦੀ ਤੰਗੀ ਦੀ ਭੇਟ ਚੜ੍ਹ ਗਈ। ਮੁੱਖ ਮੰਤਰੀ ਨੇ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਵਫ਼ਦ ਨੂੰ ਦਸ ਵੀਹ ਮਿੰਟ ’ਚ ਗੱਲ ਕਰਨ ਦੀ ਗੱਲ ਕਹੀ, ਜਦਕਿ ਕਿਸਾਨ ਆਗੂਆਂ ਨੇ ਗੱਲਬਾਤ ਲਈ ਖੁੱਲ੍ਹਾ ਸਮਾਂ ਮੰਗਿਆ। ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਵਫ਼ਦ ਨੂੰ ਦੱਸਿਆ ਕਿ ਅਸਲ ਵਿਚ ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਸਾਨ ਮਸਲਿਆਂ ਬਾਰੇ ਖਾਕਾ ਤਿਆਰ ਕਰਨ ਨੂੰ ਕਿਹਾ ਸੀ ਪਰ ਅਧਿਕਾਰੀਆਂ ਨੇ ਯੂਨੀਅਨ ਨੂੰ ਸਮਾਂ ਦੇ ਦਿੱਤਾ। ਇਹ ਤਾਲਮੇਲ ਦੀ ਕਮੀ ਕਾਰਨ ਹੋਇਆ ਹੈ। ਮੁੱਖ ਮੰਤਰੀ ਨੇ ਯੂਨੀਅਨ ਨੂੰ 30 ਦਸੰਬਰ ਨੂੰ ਖੁੱਲ੍ਹੇ ਸਮੇਂ ਲਈ ਮੀਟਿੰਗ ਕਰਨ ਦਾ ਵਾਅਦਾ ਕੀਤਾ ਅਤੇ ਮੌਕੇ ’ਤੇ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਕਰਨ ਦੀ ਗੱਲ ਕਹੀ। ਕੋਕਰੀ ਕਲਾਂ ਨੇ ਦੱਸਿਆ ਕਿ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਨੇ ਸਰਕਾਰੀ ਹੁਕਮਾਂ ਦੀਆਂ ਨਕਲਾਂ, ਮੁਆਵਜ਼ਿਆਂ ਨੌਕਰੀਆਂ ਦੀਆਂ ਸੂਚੀਆਂ ਆਗੂਆਂ ਨੂੰ ਦੇਣ ਤੋਂ ਇਲਾਵਾ ਮਾਨਸਾ ਵਿਖੇ ਬੇਰੁਜ਼ਗਾਰ ਟੀਚਰਾਂ ’ਤੇ ਕਹਿਰ ਢਾਹੁਣ ਵਾਲੇ ਡੀ ਐੱਸ ਐੱਸ ਪੀ ਦੇ ਮੁਅੱਤਲੀ ਹੁਕਮਾਂ ਦੀ ਨਕਲ ਤਹਿਸ਼ੁਦਾ ਅਗਲੀ ਮੀਟਿੰਗ ਵਿਚ ਦੇਣ ਦਾ ਵਾਅਦਾ ਕੀਤਾ। ਕੋਕਰੀ ਕਲਾਂ ਨੇ ਦੱਸਿਆ ਕਿ ਜਥੇਬੰਦੀ ਦੇ ਫੈਸਲੇ ਅਨੁਸਾਰ 15 ਥਾਂਵਾਂ’ਤੇ ਡੀ ਸੀ ਜਾਂ ਐੱਸ ਡੀ ਐੱਮ ਦਫ਼ਤਰਾਂ ਅੱਗੇ ਜਥੇਬੰਦੀ ਵੱਲੋਂ ਦਿਨ ਰਾਤ ਦੇ ਧਰਨੇ ਜਾਰੀ ਰਹਿਣਗੇ।
next post