ਕੋਲਕਾਤਾ – ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਵਿਚਾਲੇ ਟਕਰਾਅ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਹਾਲ ’ਚ ਗੋਆ ਦੌਰੇ ਦੌਰਾਨ ਮਮਤਾ ਨੇ ਧਨਖੜ ’ਤੇ ਵਿਅੰਗ ਕਰਦੇ ਹੋਏ ਕਿਹਾ ਸੀ ਕਿ ਰਾਜਭਵਨ ਵਿਚ ਇਕ ਰਾਜਾ ਬੈਠਦਾ ਹੈ। ਸਖ਼ਤ ਇਤਰਾਜ਼ ਪ੍ਰਗਟਾਉਂਦੇ ਹੋਏ ਰਾਜਪਾਲ ਨੇ ਇਸ ਨੂੰ ਅਪਮਾਨਜਨਕ ਦੱਸਿਆ ਹੈ। ਧਨਖੜ ਨੇ ਬੁੱਧਵਾਰ ਨੂੰ ਟਵੀਟ ਕੀਤਾ ਕਿ ਗੋਆ ’ਚ ਪਾਰਟੀ ਲਈ ਪ੍ਰਚਾਰ ਕਰਦੇ ਹੋਏ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜਪਾਲ ਨੂੰ ‘ਰਾਜਭਵਨ ਦਾ ਰਾਜਾ’ ਦੱਸ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ। ਰਾਜਪਾਲ ਨੇ ਇਕ ਤੋਂ ਬਾਅਦ ਇਕ ਤਿੰਨ ਟਵੀਟ ਕੀਤੇ ਅਤੇ ਮਮਤਾ ਦੀ ਉਨ੍ਹਾਂ ਖ਼ਿਲਾਫ਼ ਕੀਤੀ ਗਈ ਟਿੱਪਣੀ ਦਾ ਵੀਡੀਓ ਵੀ ਸਾਂਝਾ ਕੀਤਾ।ਰਾਜਪਾਲ ਨੇ ਲਿਖਿਆ, ‘ਹੈਰਾਨ ਕਰਨ ਵਾਲਾ! 16 ਦਸੰਬਰ ਨੂੰ ਗੋਆ ਦੀ ਆਪਣੀ ਯਾਤਰਾ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਸ ਤਰ੍ਹਾਂ ਦੇ ਮੁਹਾਵਰੇ ਦਾ ਇਸਤੇਮਾਲ ਕੀਤਾ? ਕੀ ਮੁਹਾਵਰਾ ਹੈ ‘ਰਾਜਭਵਨ ਵਿਚ ਇਕ ਰਾਜਾ ਬੈਠਦਾ ਹੈ’, ਮੁੱਖ ਮੰਤਰੀ ਨਹੀਂ ਜਾਣਦੀ, ਰਾਜਪਾਲ ਦਾ ਅਹੁਦਾ ਇਕ ਸੰਵਿਧਾਨਕ ਅਹੁਦਾ ਹੈ ਅਤੇ ਇਹ ਜ਼ਿੰਮੇਵਾਰੀ ਇਕ ਸੰਵਿਧਾਨਕ ਜ਼ਿੰਮੇਵਾਰੀ ਹੈ। ਇਕ ਹੋਰ ਟਵੀਟ ’ਚ ਧਨਖੜ ਨੇ ਲਿਖਿਆ, ‘ਮਮਤਾ ਬੈਨਰਜੀ ਵੱਲੋਂ ਰਾਜਪਾਲ ਖ਼ਿਲਾਫ਼ ਕੀਤੀ ਗਈ ਟਿੱਪਣੀ ਬਹੁਤ ਹੀ ਭੱਦੀ ਅਤੇ ਅਪਮਾਨਜਨਕ ਹੈ। ਇਸ ਤਰ੍ਹਾਂ ਦੀ ਟਿੱਪਣੀ ਕਰਕੇ ਉਨ੍ਹਾਂ ਨਾ ਸਿਰਫ਼ ਅਪਮਾਨ ਕੀਤਾ ਹੈ ਬਲਕਿ ਸੰਵਿਧਾਨਕ ਸਥਿਤੀ ਨੂੰ ਵੀ ਕਮਜ਼ੋਰ ਕੀਤਾ ਹੈ। ਇਸ ਤਰ੍ਹਾਂ ਦੀਆਂ ਟਿੱਪਣੀਆਂ ਅਸੰਵਿਧਾਨਕ ਹਨ। ਇਕ ਹੋਰ ਟਵੀਟ ’ਚ ਵੀ ਰਾਜਪਾਲ ਨੇ ਇਸ ਬਿਆਨ ਦੀ ਸਖ਼ਤ ਨਿੰਦਾ ਕੀਤੀ। ਇਕ ਦਿਨ ਪਹਿਲਾਂ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਨੇ ਆਪਣੇ ਅਖ਼ਬਾਰ ‘ਜਾਗੋ ਬਾਂਗਲਾ’ ਦੇ ਸੰਪਾਦਕੀ ਵਿਚ ਧਨਖੜ ਨੂੰ ਬੰਗਾਲ ਦਾ ਦੁਸ਼ਮਣ ਅਤੇ ਰਾਜਪਾਲ ਅਹੁਦੇ ਲਈ ਅਯੋਗ ਦੱਸਿਆ ਹੈ।
previous post