ਕੋਲਕਾਤਾ – ਕੋਰੋਨਾ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਤੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਦੀ ਹਾਲਤ ਸਥਿਰ ਬਣੀ ਹੋਈ ਹੈ। ਗਾਂਗੁਲੀ ਦਾ ਕੋਲਕਾਤਾ ਦੇ ਜਿਸ ਵੁਡਲੈਂਡਜ਼ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਉਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਵਿਡ-19 ਲਈ ਆਰਟੀ-ਪੀਸੀਆਰ ਜਾਂਚ ਦਾ ਨਤੀਜਾ ਪਾਜ਼ੇਟਿਵ ਆਉਣ ਤੋਂ ਬਾਅਦ ਗਾਂਗੁਲੀ ਨੂੰ ਅਹਿਤਿਆਤ ਵਜੋਂ ਸੋਮਵਾਰ ਰਾਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਵੁਡਲੈਂਡਜ਼ ਹਸਪਤਾਲ ਦੀ ਡਾਇਰੈਕਰ ਤੇ ਸੀਈਓ ਡਾ. ਰੂਪਾਲੀ ਬਸੂ ਨੇ ਕਿਹਾ ਕਿ ਹਸਪਤਾਲ ਵਿਚ ਭਰਤੀ ਹੋਣ ਦੇ ਦੂਜੇ ਦਿਨ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਦੀ ਦਿਲ ਦੀ ਰਫ਼ਤਾਰ ਸਥਿਰ ਹੈ ਤੇ ਬੁਖ਼ਾਰ ਨਹੀਂ ਹੈ ਤੇ ਬਿਨਾਂ ਬਣਾਉਟੀ ਸਹਾਇਤਾ ਦੇ ਸਰੀਰ ਵਿਚ ਆਕਸੀਜ਼ਨ ਦਾ ਪੱਧਰ 99 ਫ਼ੀਸਦੀ ਬਣਿਆ ਹੋਇਆ ਹੈ।
ਮੰਗਲਵਾਰ ਰਾਤ ਉਨ੍ਹਾਂ ਨੇ ਚੰਗੀ ਨੀਂਦ ਲਈ ਤੇ ਬੁੱਧਵਾਰ ਨੂੰ ਨਾਸ਼ਤਾ ਤੇ ਦੁਪਹਿਰ ਦਾ ਭੋਜਨ ਕੀਤਾ। ਗਾਂਗੁਲੀ ਨੂੰ ਸੋਮਵਾਰ ਰਾਤ ਮੋਨੋਕਲੋਨਲ ਐਂਟੀਬਾਡੀ ਕਾਕਟੇਲ ਥੈਰੇਪੀ ਦਿੱਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਮੈਡੀਕਲ ਬੋਰਡ ਨੇ ਉਨ੍ਹਾਂ ਦੀ ਸਿਹਤ ‘ਤੇ ਨਜ਼ਰ ਰੱਖੀ ਹੋਈ ਹੈ। ਜ਼ਿਕਰਯੋਗ ਹੈ ਕਿ ਗਾਂਗੁਲੀ ਨੂੰ ਇਸ ਸਾਲ ਪਹਿਲਾਂ ਵੀ ਦੋ ਵਾਰ ਹਸਪਤਾਲ ਵਿਚ ਭਰਤੀ ਕਰਵਾਇਆ ਜਾ ਚੁੱਕਾ ਹੈ ਤੇ ਦਿਲ ਨਾਲ ਜੁੜੀਆਂ ਪਰੇਸ਼ਾਨੀਆਂ ਤੋਂ ਬਾਅਦ ਉਨ੍ਹਾਂ ਦੀ ਐਮਰਜੈਂਸੀ ਏਂਜੀਓਪਲਾਸਟੀ ਵੀ ਹੋਈ ਸੀ। ਇਸੇ ਸਾਲ ਉਨ੍ਹਾਂ ਦੇ ਵੱਡੇ ਭਰਾ ਸਨੇਹਾਸ਼ੀਸ਼ ਗਾਂਗੁਲੀ ਵੀ ਕੋਵਿਡ ਪਾਜ਼ੇਟਿਵ ਪਾਏ ਗਏ ਸਨ।