ਇਸਲਾਮਾਬਾਦ – ਪਾਕਿਸਤਾਨ ਨੇ ਅਫ਼ਗਾਨਿਸਤਾਨ ਲਈ ਸਹਾਇਤਾ ਦੇ ਰੂਪ ‘ਚ 1800 ਮੀਟਿ੍ਕ ਟਨ ਕਣਕ ਦੀ ਪਹਿਲੀ ਖੇਪ ਭੇਜੀ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਹ ਖੇਪ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਐਲਾਨੀ ਪੰਜ ਅਰਬ ਪਾਕਿਸਤਾਨੀ ਰੁਪਏ ਦੀ ਮਨੁੱਖੀ ਸਹਾਇਤਾ ਤਹਿਤ ਭੇਜੀ ਗਈ ਹੈ। ਇਸ ਮਨੁੱਖੀ ਪੈਕੇਜ ‘ਚ 50 ਹਜ਼ਾਰ ਮੀਟਿ੍ਕ ਟਨ ਕਣਕ, ਠੰਢ ਤੋਂ ਬਚਣ ਦੀ ਸਮਗੱਰੀ ਤੇ ਐਮਰਜੈਂਸੀ ਦਵਾਈਆਂ ਦੀ ਸਪਲਾਈ ਸ਼ਾਮਲ ਹੈ। ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਸ਼ਹਿਜ਼ਾਦ ਅਰਬਾਬ ਨੇ ਅਫ਼ਗਾਨੀ ਪੱਖ ਨੂੰ ਇਹ ਪਹਿਲੀ ਖੇਪ ਸੌਂਪੀ। ਪਹਿਲਾਂ ਤੋਂ ਹੀ ਮਨੁੱਖੀ ਸੰਕਟ ‘ਚੋਂ ਲੰਘ ਰਹੇ ਅਫ਼ਗਾਨਿਸਤਾਨ ਦੀ ਸੱਤਾ ‘ਤੇ ਤਾਲਿਬਾਨ ਦੇ ਕਾਬਜ਼ ਹੋਣ ਤੋਂ ਬਾਅਦ ਤੋਂ ਇਸ ਦੇਸ਼ ‘ਚ ਹਾਲਾਤ ਹੋਰ ਬਦਲਾਅ ਹੋ ਗਏ ਹਨ। ਤਾਲਿਬਾਨ ਨੂੰ ਦੇਸ਼ ਦੀ ਜਾਇਦਾਦ ਦੀ ਵਰਤੋਂ ਕਰਨ ਤੋਂ ਰੋਕਣ ਲਈ ਅਮਰੀਕਾ ਨੇ ਵਿਦੇਸ਼ ‘ਚ ਜਮ੍ਹਾਂ ਲਗਪਗ 10 ਅਰਬ ਡਾਲਰ (ਲਗਪਗ 75 ਹਜ਼ਾਰ ਕਰੋੜ ਰੁਪਏ) ਨੂੰ ਫ੍ਰੀਜ਼ ਕਰ ਦਿੱਤਾ ਹੈ। ਇਸ ਨਾਲ ਪਹਿਲਾਂ ਤੋਂ ਹੀ ਗ਼ਰੀਬੀ ਨਾਲ ਜੂਝ ਰਿਹਾ ਇਹ ਦੇਸ਼ ਹੋਰ ਸੰਕਟ ‘ਚ ਫਸ ਗਿਆ ਹੈ।