ਅੰਮ੍ਰਿਤਸਰ – ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹੋਣ ਤੋਂ ਬਾਅਦ ਤੋਂ ਹੀ ਰੂਪੋਸ਼ ਹਨ। ਉਨ੍ਹਾਂ ਦੀ ਜ਼ਮਾਨਤ ‘ਤੇ ਸੁਣਵਾਈ 5 ਜਨਵਰੀ ਨੂੰ ਹੈ। ਇਸ ਦੌਰਾਨ ਯੂਥ ਅਕਾਲੀ ਦਲ ਨੇ ਆਪਣੇ ਅਧਿਕਾਰਤ ਪੇਜ ‘ਤੇ ਮਜੀਠੀਆ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਤਸਵੀਰਾਂ ‘ਚ ਉਹ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਤੋਂ ਬਾਅਦ ਸਿਆਸਤ ਇਕਦਮ ਗਰਮਾ ਗਈ ਹੈ। ਐਤਵਾਰ ਨੂੰ ਹੀ ਸ਼ਹਿਰ ‘ਚ ਮਜੀਠੀਆ ਦੇ ਲਾਪਤਾ ਹੋਣ ਦੇ ਪੋਸਟਰ ਲੱਗੇ ਸਨ। ਜੇਕਰ ਸਖ਼ਤ ਸੁਰੱਖਿਆ ਘੇਰੇ ਦੇ ਬਾਵਜੂਦ ਮਜੀਠੀਆ ਨੇ ਦਰਬਾਰ ਸਾਹਿਬ ਮੱਥਾ ਟੇਕਿਆ ਹੈ ਤਾਂ ਇਹ ਪੰਜਾਬ ਸਰਕਾਰ ‘ਤੇ ਵੀ ਵੱਡਾ ਸਵਾਲੀਆ ਨਿਸ਼ਾਨ ਹੈ।ਦੱਸ ਦੇਈਏ ਕਿ ਮਜੀਠੀਆ ਖਿਲਾਫ 20 ਦਸੰਬਰ ਨੂੰ ਮੋਹਾਲੀ ‘ਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਵੈਸੇ ਤਾਂ ਮਜੀਠੀਆ ਹਮੇਸ਼ਾ ਨਵੇਂ ਸਾਲ ‘ਤੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਦੇ ਸਨ। ਇਸ ਦੌਰਾਨ ਅਕਾਲੀ ਵਰਕਰ ਅਤੇ ਸੁਰੱਖਿਆ ਹਮੇਸ਼ਾ ਉਨ੍ਹਾਂ ਦੇ ਨਾਲ ਰਹੀ। ਇਨ੍ਹਾਂ ਤਸਵੀਰਾਂ ‘ਚ ਉਹ ਇਕੱਲੀ ਨਜ਼ਰ ਆ ਰਹੀ ਹੈ। ਯੂਥ ਅਕਾਲੀ ਦਲ ਨੇ ਐਤਵਾਰ ਰਾਤ 10.34 ਵਜੇ ਆਪਣੇ ਅਧਿਕਾਰਤ ਪੇਜ ‘ਤੇ ਪੰਜ ਤਸਵੀਰਾਂ ਪੋਸਟ ਕੀਤੀਆਂ। ਇਕ ਵੀਡੀਓ ਵੀ ਪਾਈ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਕੁਝ ਸਮਾਂ ਲੱਗੇਗਾ ਪਰ ਧਮਾਕਾ ਜ਼ੋਰਦਾਰ ਹੋਵੇਗਾ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨਿੱਚਰਵਾਰ ਨੂੰ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਵੀ ਇਹ ਸਵਾਲ ਉਠਾਇਆ ਸੀ ਕਿ ਪੰਜਾਬ ਸਰਕਾਰ ਦੀ ਮਜੀਠੀਆ ‘ਤੇ ਕਾਰਵਾਈ ਸਿਰਫ ਲਿਪਾ-ਪੋਤੀ ਹੈ। ਸਾਬਕਾ ਮੰਤਰੀ ਮਜੀਠੀਆ ਦੀ ਜ਼ਮਾਨਤ ਰੱਦ ਹੋ ਚੁੱਕੀ ਹੈ ਤੇ ਅਜੇ ਤਕ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਦੇਸ਼ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੈ ਕਿ ਕਿਸੇ ਦੀ ਜ਼ਮਾਨਤ ਖਾਰਿਜ ਹੋਈ ਹੈ ਅਤੇ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ 5 ਜਨਵਰੀ ਨੂੰ ਪੇਸ਼ੀ ਤੋਂ ਪਹਿਲਾਂ ਮਜੀਠੀਆ ਨੂੰ ਗ੍ਰਿਫਤਾਰ ਕਰਨਾ ਕਾਂਗਰਸ ਸਰਕਾਰ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ।
previous post