India

ਅਫ਼ਗਾਨਿਸਤਾਨ ਤਕ ਮਦਦ ਪਹੁੰਚਾਉਣ ’ਚ ਭਾਰਤ ਦੀ ਮਦਦ ਲਈ ਈਰਾਨ ਤਿਆਰ

ਨਵੀਂ ਦਿੱਲੀ – ਈਰਾਨ ਨੇ ਭਾਰਤ ਨੂੰ ਗੰਭੀਰ ਮਨੁੱਖੀ ਸੰਕਟ ਨਾਲ ਜੂਝ ਰਹੇ ਅਫ਼ਗਾਨਿਸਤਾਨ ਤਕ ਕਣਕ, ਦਵਾਈਆਂ ਤੇ ਕੋਵਿਡ ਵੈਕਸੀਨ ਪਹੁੰਚਾਉਣ ’ਚ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ। ਪਾਕਿਸਤਾਨ ਦੇ ਸੜਕ ਮਾਰਗ ਜ਼ਰੀਏ ਅਫ਼ਗਾਨਿਸਤਾਨ ਤਕ ਮਦਦ ਸਮੱਗਰੀ ਪਹੁੰਚਾਉਣ ਦੇ ਮੁੱਦੇ ’ਤੇ ਇਮਰਾਨ ਖ਼ਾਨ ਸਰਕਾਰ ਫ਼ਿਲਹਾਲ ਕੋਈ ਫ਼ੈਸਲਾ ਨਹੀਂ ਲੈ ਸਕੀ।  ਈਰਾਨ ਵਿਦੇਸ਼ ਮੰਤਰਾਲੇ ਮੁਤਾਬਕ ਵਿਦੇਸ਼ ਮੰਤਰੀ ਹੁਸੈਨ ਆਮਿਰ-ਅਬਦੁੱਲਾਹਿਆਨ ਨੇ ਸ਼ਨਿਚਰਵਾਰ ਨੂੰ ਆਪਣੇ ਭਾਰਤੀ ਹਮ ਰੁਤਬਾ ਐੱਸ ਜੈਸ਼ੰਕਰ ਨਾਲ ਟੈਲੀਫੋਨ ’ਤੇ ਗੱਲਬਾਤ ਦੌਰਾਨ ਅਫ਼ਗਾਨਿਸਤਾਨ ’ਚ ਮਿਲੀ-ਜੁਲੀ ਸਰਕਾਰ ਦੇ ਗਠਨ ’ਤੇ ਵੀ ਜ਼ੋਰ ਦਿੱਤਾ। ਵਿਦੇਸ਼ ਮੰਤਰੀ ਨੇ ਇਕ ਬਿਆਨ ’ਚ ਕਿਹਾ ਕਿ ਅਬਦੁੱਲਾਹਿਆਨ ਨੇ ਮੁੱਖ ਦੁਵੱਲੇ, ਖੇਤਰੀ ਤੇ ਕੌਮਾਂਤਰੀ ਮੁੱਦਿਆਂ ’ਤੇ ਜੈਸ਼ੰਕਰ ਨਾਲ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਉਨ੍ਹਾਂ ਈਰਾਨ ’ਚ ਕੋਵਿਡ ਟੀਕਾਕਰਨ ਦੀ ਸਥਿਤੀ ’ਤੇ ਵੀ ਚਰਚਾ ਕੀਤੀ। ਜੈਸ਼ੰਕਰ ਨੇ ਮਹਾਮਾਰੀ ਖ਼ਿਲਾਫ਼ ਭਾਰਤ ਦੀ ਲੜਾਈ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੋਰੋਨਾ ਪੀੜਤਾਂ ਦੀ ਗਿਣਤੀ ’ਚ ਵਾਧਾ ਵਿਚਾਲੇ ਟੀਕਾਕਰਨ ਮੁਹਿੰਮ ਵੀ ਤੇਜ਼ ਰਫ਼ਤਾਰ ਨਾਲ ਅੱਗੇ ਵੱਧ ਰਹੀ ਹੈ। ਪੱਛਮੀ ਦੇਸ਼ਾਂ ਨਾਲ ਪਰਮਾਣੂ ਸਮਝੌਤੇ ਤੇ ਪਾਬੰਦੀਆਂ ’ਚ ਢਿੱਲ ਦੇ ਮੁੱਦੇ ’ਤੇ ਗੱਲਬਾਤ ਦੇ ਸਬੰਧ ’ਚ ਅਬਦੁੱਲਾਹਿਆਨ ਨੇ ਕਿਹਾ ਕਿ ਇਕ ‘ਚੰਗੇ ਸਮਝੌਤੇ’ ਦੀ ਉਮੀਦ ਹੈ। ਭਾਰਤ ਜੀਵਨ ਰੱਖਿਅਕ ਦਵਾਈਆਂ ਤੇ ਕੋਵਿਡ-19 ਟੀਕਿਆਂ ਦੀਆਂ ਤਿੰਨ ਵੱਖ-ਵੱਖ ਖੇਪਾਂ ਅਫ਼ਗਾਨਿਸਤਾਨ ਭੇਜ ਚੁੱਕਾ ਹੈ ਤੇ 50 ਹਜ਼ਾਰ ਟਨ ਕਣਕ ਦੀ ਸਪਲਾਈ ਦਾ ਵਾਅਦਾ ਕੀਤਾ ਸੀ ਪਰ ਪਾਕਿਸਤਾਨ ਦੇ ਸੜਕ ਮਾਰਗ ਜ਼ਰੀਏ ਅਫ਼ਗਾਨਿਸਤਾਨ ਨੂੰ ਸਹਾਇਤਾ ਪਹੁੰਚਾਉਣ ਦੇ ਤੌਰ-ਤਰੀਕਿਆਂ ਬਾਰੇ ਇਮਰਾਨ ਖ਼ਾਨ ਸਰਕਾਰ ਵੱਲੋਂ ਫ਼ੈਸਲਾ ਨਾ ਲਏ ਜਾਣ ਕਾਰਨ ਹੁਣ ਕਣਕ ਦੀ ਸਪਲਾਈ ਨਹੀਂ ਹੋ ਪਾਈ। ਭਾਰਤ ਕੋਲ ਈਰਾਨ ’ਚ ਚਾਬਹਾਰ ਬੰਦਰਗਾਹ ਜ਼ਰੀਏ ਅਫ਼ਗਾਨਿਸਤਾਨ ਨੂੰ ਸਹਾਇਤਾ ਭੇਜਣ ਦਾ ਬਦਲ ਮੌਜੂਦ ਹੈ। ਈਰਾਨ ਤੇ ਅਫ਼ਗਾਨਿਸਤਾਨ ਲਗਪਗ 920 ਕਿਲੋਮੀਟਰ ਲੰਬੀ ਸਰਹੱਦ ਸਾਂਝੀ ਕਰਦੇ ਹਨ। ਜੈਸ਼ੰਕਰ ਨੇ ਸ਼ਨਿਚਰਵਾਰ ਨੂੰ ਟਵੀਟ ਕੀਤਾ ਸੀ ਕਿ ਈਰਾਨੀ ਵਿਦੇਸ਼ ਮੰਤਰੀ ਨਾਲ ਵਿਵਹਾਰਕ ਗੱਲਬਾਤ ਹੋਈ। ਉਨ੍ਹਾਂ ਨਾਲ ਕੋਵਿਡ ਦੀਆਂ ਮੁਸ਼ਕਲਾਂ, ਅਫ਼ਗਾਨਿਸਤਾਨ ’ਚ ਚੁਣੌਤੀਆਂ, ਚਾਬਹਾਰ ਦੀਆਂ ਸੰਭਵਾਨਾਵਾਂ ਤੇ ਈਰਾਨੀ ਪਰਮਾਣੂ ਮੁੱਦੇ ਦੀਆਂ ਮੁਸ਼ਕਲਾਂ ’ਤੇ ਚਰਚਾ ਹੋਈ। ਬੀਤੇ ਸਾਲ 15 ਅਗਸਤ ਨੂੰ ਤਾਲਿਬਾਨ ਦੇ ਕਬਜ਼ੇ ’ਚ ਆਉਣ ਤੋਂ ਬਾਅਦ ਅਫ਼ਗਾਨਿਸਤਾਨ ਦੇ ਘਟਨਾਕ੍ਰਮ ਬਾਰੇ ਭਾਰਤ ਤੇ ਈਰਾਨ ਲਗਾਤਾਰ ਸੰਪਰਕ ’ਚ ਹੈ। ਈਰਾਨੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਦੋ ਮਹੀਨੇ ਪਹਿਲਾਂ ਅਫ਼ਗਾਨ ਸੰਕਟ ’ਤੇ ਭਾਰਤ ਵੱਲੋਂ ਕਰਵਾਏ ਇਕ ਖੇਤਰੀ ਸੰਮੇਲਨ ’ਚ ਵੀ ਹਿੱਸਾ ਲਿਆ ਸੀ।

Related posts

HAPPY DIWALI 2025 !

admin

ਭਾਰਤ ਦੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin