Articles

ਸਚਿਆਰੇ ਮਨੁੱਖਾਂ ਦੀ ਘਾੜਤ !

Harkirat Kaur Sabhara
ਲੇਖਕ: ਹਰਕੀਰਤ ਕੌਰ, ਤਰਨਤਾਰਨ

ਕੂੜਅਿਾਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ॥ ੨੬॥” –ਪੰਨਾ ੩੧੪।

ਜਦੋਂ ਇਸ ਪੂਰੀ ਪਾਉੜੀ ਦੀ ਅਧਿਐਨ ਕਰੀਏ ਤਾਂ ਸੋਝੀ ਪੈਂਦੀ ਹੈ ਕਿ ਗੁਰੂ ਸਾਹਿਬ ਸਮਝਾਉਣ ਦਾ ਯਤਨ ਕਰਦੇ ਹਨ ਕਿ ਜਿਹੜੇ ਪੱਥਰ ਦਿਲ, ਕਰੜੇ ਅਤੇ ਨਿਰਦਈ ਮਨ ਵਾਲੇ ਹੁੰਦੇ ਹਨ ਉਹ ਸਤਿਗੁਰ ਦੇ ਕੋਲ ਨਹੀਂ ਬੈਠ ਸਕਦੇ ਕਿਉਂਕਿ ਉਥੇ ਤਾਂ ਸੱਚ ਦੀਆਂ ਗੱਲਾਂ ਹੁੰਦੀਆਂ ਹਨ। ਝੂਠਿਆਂ ਨੂੰ ਸੱਚ ਹਜ਼ਮ ਨਹੀਂ ਹੁੰਦਾ, ਉਨ੍ਹਾਂ ਨੂੰ ਉਦਾਸੀ ਲੱਗੀ ਰਹਿੰਦੀ ਹੈ। ਉਹ ਛਲ-ਫ਼ਰੇਬ ਕਰਕੇ ਵੇਲਾ ਟਪਾਉਂਦੇ ਹਨ ਅਤੇ ਉਥੋਂ ਉਠ ਕੇ ਫਿਰ ਝੂਠਿਆਂ ਕੋਲ ਜਾ ਬੈਠਦੇ ਹਨ। ਕੋਈ ਧਿਰ ਮਨ `ਚ ਨਿਰਣਾ ਕਰਕੇ ਵੇਖ ਲਉ ਸੱਚੇ ਮਨੁੱਖ ਉੱਤੇ ਝੂਠ ਪ੍ਰਭਾਵ ਨਹੀਂ ਪਾ ਸਕਦਾ। ਝੂਠੇ ਝੂਠਿਆਂ ਵਿੱਚ ਜਾ ਰਲਦੇ ਹਨ ਤੇ ਸੱਚੇ ਸਿੱਖ ਸਤਿਗੁਰ ਕੋਲ ਬੈਠਦੇ ਹਨ। ਇਸ ਤੋਂ ਇਲਾਵਾ ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ” ਕਿਵ ਸਚਿਆਰਾ ਹੋਈਐ ਕਿਵੇਂ ਕੂੜੈ ਤੁਰੇ ਪਾਲਿ।। ” ਭਾਵ ਕਿ ਅਸੀਂ ਕਿਵੇਂ ਸੱਚ ਦੇ ਰਾਹ ਉੱਪਰ ਚੱਲ ਸਚਿਆਰੇ ਹੋ ਸਕਦੇ ਹਾਂ ਅਤੇ ਕਿਸ ਤਰ੍ਹਾਂ ਕੂੜ ( ਝੂਠ) ਰੂਪੀ ਮਲ ਉਤਰ ਸਕਦੀ ਹੈ। ਸਿੱਖ ਫਿਲਾਸਫੀ ਸਾਨੂੰ ਸਚਿਆਰਾ ਹੋਣ ਲਈ ਹੀ ਪ੍ਰੇਰਿਤ ਕਰਦੀ ਹੈ । ਗੁਰੂ ਨਾਨਕ ਸਾਹਿਬ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜਿੰਨੇ ਵੀ ਉਪਦੇਸ਼ ਦਿੱਤੇ ਗਏ ਮਨੁੱਖੀ ਸ਼ਖਸੀਅਤ ਨੂੰ ਸਚਿਆਰਾ ਬਣਾਉਣ ਲਈ ਦਿੱਤੇ ਗਏ।ਇਸ ਗੱਲ ਦੀ ਗਵਾਹੀ ਸਾਡਾ ਇਤਹਾਸ ਬਾਖੂਬੀ ਭਰਦਾ ਹੈ ਕਿ ਕਿਵੇਂ ਸਾਡੇ ਗੁਰੂਆਂ, ਯੋਧਿਆਂ, ਸੂਰਬੀਰਾਂ ਨੇ ਆਪਣਾ ਸਚਿਆਰਾਪਣ ਬਰਕਰਾਰ ਰੱਖਣ ਲਈ ਆਪਾ ਤੱਕ ਕੁਰਬਾਨ ਕਰ ਦਿੱਤਾ ਸੀ। ਧਰਮ ਕੋਈ ਵੀ ਹੋਵੇ ਹਮੇਸ਼ਾ ਚੰਗੇ ਇਨਸਾਨ ਬਣਨ ਦਾ ਹੀ ਉਪਦੇਸ਼ ਦਿੰਦਾ ਹੈ। ਹਰ ਧਰਮ ਦਾ ਮਾਰਗ ਦਰਸ਼ਨ ਇੱਕ ਚੰਗੀ ਸ਼ਖਸੀਅਤ ਦੇ ਵਿਕਾਸ ਤੱਕ ਹੀ ਲੈਕੇ ਜਾਂਦਾ ਹੈ।
ਸੁਭਾਅ ਵਿੱਚ ਅਪਣੱਤ , ਭਰੋਸਾ, ਉੱਚਾ ਆਚਰਣ, ਸੱਚ ਤੇ ਪਹਿਰਾ, ਸਬਰ ,ਸੰਤੁਸ਼ਟੀ, ਸਿਦਕ, ਸਵੈ ਵਿਸ਼ਵਾਸ਼, ਸਹਿਜਤਾ, ਸਾਦਗੀ, ਨਿਰੋਲਤਾ , ਨਿਡਰਤਾ, ਸ਼ਹਿਣਸ਼ੀਲਤਾ ਆਦਿ ਸਾਰੇ ਸਚਿਆਰੇਪਣ ਦੇ ਗੁਣ ਹਨ।
ਜਦੋਂ ਸਚਿਆਰ ਦੀ ਗੱਲ ਆਉਦੀਂ ਹੈ ਤਾਂ ਇਹ ਸ਼ਬਦ ਸੱਚ ਤੋਂ ਹੋਂਦ ਵਿੱਚ ਆਇਆ ਪ੍ਰਤੀਤ ਹੁੰਦਾ ਹੈ। ਇੱਕ ਅਜਿਹੀ ਸ਼ਖਸੀਅਤ ਜਿਸ ਦੀ ਬੁਨਿਆਦ ਸੱਚ ਹੋਵੇ। ਇੱਕ ਅਜਿਹੀ ਸੁਹਜ ਸਿਆਣਪ ਜਿਸ ਵਿੱਚ ਝੂਠ ਦੀ ਲੇਪ ਨਾ ਚੜੀ ਹੋਵੇ ਤੇ ਸੱਚ ਦਾ ਨੂਰ ਚਿਹਰੇ ਤੋਂ ਝਲਕਦਾ ਹੋਵੇ।
ਪਿਛਲੇ ਸਮਿਆਂ ਤੋਂ ਕੁਝ ਅਜਿਹੇ ਬਦਲਾਅ ਸਾਡੇ ਜੀਵਨ ਵਿੱਚ ਆਏ ਹਨ ਕਿ ਅਸੀਂ ਸਾਰੇ ਸੋਚਣ ਲਈ ਮਜ਼ਬੂਰ ਹੋ ਗਏ ਕਿ ਕੀ ਪੰਜਾਬ ਦੇ ਸੁਚੱਜੇ ਵਾਰਿਸ ਰਹਿਣਗੇ ਹੀ ਨਹੀਂ? ਕੀ ਪੰਜਾਬ ਦੀ ਬਹੁਤਾਤ ਨੋਜਵਾਨ ਪੀੜ੍ਹੀ ਨਸ਼ਿਆ ਦੇ ਹੜ੍ਹ ਦਾ ਵੇਗ ਨਹੀਂ ਝੱਲ ਸਕੇਗੀ? ਕੀ ਪੰਜਾਬ ਦੀ ਮਹਿਕਦੀ ਨਵੀਂ ਫੁਲਵਾੜੀ ਬਾਹਰਲੇ ਮੁਲਕਾਂ ਵਿੱਚ ਸਜਾਵਟੀ ਫੁੱਲਾਂ ਵਾਂਗ ਬਣ ਕੇ ਰਹਿ ਜਾਵੇਗੀ। ਉਹ ਪੰਜਾਬੀ ਜਿੰਨਾ ਦੇ ਪੁਰਖਿਆਂ ਨੇ ਸ਼ਹਾਦਤਾਂ ਦੇਕੇ ਦੇਸ਼ ਨੂੰ ਅਜ਼ਾਦ ਕਰਵਾਇਆ ਕੀ ਉਹ ਪੰਜਾਬ ਤੋਂ ਹਮੇਸ਼ਾ ਲਈ ਕੂਚ ਕਰ ਜਾਣਗੇ। ਅਜਿਹੇ ਬਹੁਤ ਸਾਰੇ ਸਵਾਲ ਹਨ ਜਿੰਨਾ ਦੇ ਜਵਾਬਾਂ ਦੀ ਗੁੱਥੀ ਅਣਸੁਲਝੀ ਪਈ ਹੈ। ਕਿਸੇ ਵੀ ਸਮਾਜ ਦੇ ਸੁਨਿਹਰੀ ਭਵਿੱਖ ਲਈ ਜਰੂਰੀ ਹੁੰਦਾ ਹੈ ਕਿ ਉਥੋਂ ਦੀ ਨੌਜਵਾਨੀ ਵਿੱਚ ਸਚਿਆਰਤਾ ਹੋਵੇ। ਪਰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਸਾਡੇ ਨੋਜਵਾਨ ਸਚਿਆਰੇ ਬਣਨ ਵੱਲ ਨਹੀਂ ਬਲਕਿ ਨਿਘਾਰ ਵੱਲ ਜਾ ਰਹੇ ਹਨ। 20,21 ਸਾਲ ਦੇ ਨੌਜਵਾਨਾਂ ਨੂੰ ਸਾਹਿਬਜ਼ਾਦਿਆਂ ਦੇ ਨਾਮ ਨਹੀਂ ਪਤਾ! ਬਹੁਤ ਜਵਾਨ ਬੱਚੇ ਬੱਚੀਆਂ ਨੂੰ ਇਹ ਨਹੀਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਹੈ! ਬਹੁਤਾ ਜਵਾਨ ਵਰਗ ਇਸ ਗੱਲੋਂ ਅਣਜਾਣ ਹੈ ਕਿ ਭਗਤ ਸਿੰਘ ਦਾ ਜਨਮ ਕਦੋਂ, ਕਿੱਥੇ ਹੋਇਆ! ਸਾਡੀ ਪੁੰਗਰ ਰਹੀ ਪਨੀਰੀ ਨਹੀ ਜਾਣਦੀ ਕਿ ਸਮਾਜ ਨੂੰ ਦੇਸ਼ ਨੂੰ ਅੱਗੇ ਲੈਕੇ ਜਾਣ ਵਿੱਚ ਉਹਨਾਂ ਦੀ ਕੀ ਭੂਮਿਕਾ ਹੈ!
ਜੇਕਰ ਅਸੀਂ ਗੱਲ ਆਏ ਨਿਘਾਰ ਦੀ ਕੀਤੀ ਹੈ ਤਾਂ ਸਾਨੂੰ ਇਹ ਵੀ ਜਾਨਣਾ ਪਵੇਗਾ ਕਿ ਇਸ ਆ ਰਹੇ ਨਿਘਾਰ ਦਾ ਜਿੰਮੇਵਾਰ ਕੋਣ ਹੈ ਤੇ ਇਸਨੂੰ ਰੋਕਿਆ ਕਿਵੇਂ ਜਾ ਸਕਦਾ ਹੈ…ਸਭ ਤੋਂ ਵੱਡਾ ਕਾਰਣ ਇਹ ਹੈ ਕਿ ਬੱਚਿਆਂ ਦੀ ਸੁਹਿਰਦ ਪਰਵਰਿਸ਼ ਲਈ ਚੰਗਾ ਪਰਿਵਾਰਿਕ ਮਾਹੌਲ ਨਹੀਂ ਮਿਲ ਰਿਹਾ। ਪਰਿਵਾਰਾਂ ਵਿੱਚ ਬੈਠ ਕੇ ਵੱਡਿਆਂ ਦੁਆਰਾ ਗੁਰਬਾਣੀ, ਇਤਹਾਸ, ਨੈਤਿਕ ਸਿੱਖਿਆ ਦੀ ਗੱਲਾਂ ਕਰਨੀਆਂ, ਸਾਖੀਆਂ ਸੁਨਾਉਣੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਜਿਹੜੇ ਬਜ਼ੁਰਗ ਸੁਣਾਉਣਾ ਵੀ ਚਾਹੁੰਦੇ ਹਨ ਉਹਨਾਂ ਕੋਲ ਬੱਚਿਆਂ ਨੂੰ ਬੈਠਣ ਹੀ ਨਹੀਂ ਦਿੱਤਾ ਜਾਂਦਾ। ਬੱਚਿਆਂ ਦੇ ਸਾਹਮਣੇ ਹੁੰਦੇ ਘਰੇਲੂ ਕਲੇਸ਼ ਬੱਚਿਆਂ ਉੱਤੇ ਬੁਰਾ ਪ੍ਰਭਾਵ ਪਾਉਂਦੇ ਹਨ, ਜਵਾਨ ਹੁੰਦੇ ਬੱਚੇ ਉਸੇ ਤਰ੍ਹਾਂ ਦਾ ਵਿਵਹਾਰ ਕਰਨਾ ਸ਼ੁਰੂ ਕਰ ਦਿੰਦੇ ਹਨ। ਭਾਈ ਵੀਰ ਸਿੰਘ, ਭਗਤ ਸਿੰਘ, ਭਗਤ ਪੂਰਨ ਸਿੰਘ, ਪ੍ਰਿਸੀਪਲ ਤੇਜਾ ਸਿੰਘ, ਗਿਆਨੀ ਸੋਹਣ ਸਿੰਘ ਸ਼ੀਤਲ, ਪ੍ਰੋ ਸਾਹਿਬ ਸਿੰਘ ਵਰਗੇ ਵੱਡੇ ਵਿਦਵਾਨਾਂ ਦੀ ਜੀਵਨੀ ਪੜੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਪਰਿਵਾਰਿਕ ਮਾਹੌਲ ਗੁਰਮਤਿ ਤੇ ਸ਼ਾਂਤੀ ਵਾਲੇ ਸਨ। ਅਜਿਹੇ ਵਿਦਵਾਨਾਂ ਦੇ ਘਰਾਂ ਦਾ ਮਾਹੌਲ ਹੂਬਹੂ ਸਤਿਸੰਗ ਵਰਗਾ ਸੀ। ਜਦੋਂ ਉਹਨਾਂ ਦੀਆਂ ਜੀਵਨੀਆਂ ਪੜ੍ਹਦੇ ਹਾਂ ਲਿਖਾਰੀ ਲਿਖਦੇ ਹਨ ਕਿ ਉਹ ਆਪਣੇ ਮਾਤਾ ਪਿਤਾ ਅਤੇ ਬਜ਼ੁਰਗਾਂ ਦਾ ਬਹੁਤ ਸਤਿਕਾਰ ਕਰਦੇ ਸਨ, ਜੇਕਰ ਕਦੇ ਇਹਨਾਂ ਵਿਦਵਾਨਾਂ ਨੇ ਆਪਣੀਆਂ ਲਿਖਤਾਂ ਵਿੱਚ ਆਪਣੇ ਮਾਤਾ ਪਿਤਾ ਦਾ ਜ਼ਿਕਰ ਕੀਤਾ ਤਾਂ ਬਹੁਤ ਹੀ ਸਤਿਕਾਰ ਨਾਲ ਕੀਤਾ। ਉਹਨਾਂ ਦਾ ਬਚਪਨ ਗੁਰਬਾਣੀ, ਗੁਰਮਤਿ, ਇਤਹਾਸ, ਕਿਤਾਬਾਂ ਸਤਸੰਗ ਵਿੱਚ ਬਤੀਤ ਹੋਇਆ ਤਾਂ ਇਸੇ ਕਾਰਣ ਉਹ ਪੰਥ ਰਤਨ ਬਣੇ, ਸਿਰਮੌਰ ਵਿਦਵਾਨ ਬਣੇ। ਸਚਿਆਰੇ ਮਨੁੱਖ ਬਣੇ। ਪਰ ਅੱਜ ਬੱਚਿਆਂ ਨੂੰ ਪੱਛਮੀ ਸੱਭਿਅਤਾ ਨਾਲ ਲਬਰੇਜ਼ ਪਰਿਵਾਰਿਕ ਮਾਹੌਲ ਮਿਲ ਰਿਹਾ ਹੈ, ਜਿੰਨਾ ਵਿੱਚ ਮਾਪਿਆਂ ਨੂੰ ਖੁਦ ਨੈਤਿਕ ਕਦਰਾਂ ਕੀਮਤਾਂ ਦਾ ਗਿਆਨ ਨਹੀਂ ਹੈ ।ਇਸ ਦਾ ਦੂਸਰਾ ਸਭ ਤੋਂ ਵੱਡਾ ਕਾਰਣ ਸਾਡਾ ਵਿੱਦਿਅਕ ਢਾਚਾਂ ਹੈ। ਅੱਜ ਸਾਡੀ ਸਿੱਖਿਆ ਪ੍ਰਣਾਲੀ ਵਿਚੋਂ ਪੁਰਾਤਨ ਵਿਦਿਅਕ ਸਿਧਾਂਤ ਪੂਰੀ ਤਰ੍ਹਾਂ ਹਟਾ ਦਿੱਤੇ ਗਏ ਹਨ। ਵਿਦਿਅਕ ਸੰਸਥਾਵਾਂ ਸ਼ਾਪਿੰਗ ਮਾਲ ਦਾ ਰੂਪ ਧਾਰਨ ਕਰ ਚੁੱਕੀਆਂ ਹਨ, ਜਿੰਨਾ ਵਿੱਚ ਗਿਆਨ ਦਾ ਵਪਾਰ ਕੀਤਾ ਜਾ ਰਿਹਾ ਹੈ। ਇੱਕ ਬ੍ਰਿਟਿਸ਼ ਇਤਹਾਸਕਾਰ ਗੋਟਲਿਬ ਵਿਲੀਅਮ ਲਾਈਟਨਰ ਪੰਜਾਬ ਦੇ ਪੁਰਾਤਨ ਵਿਦਿਅਕ ਢਾਂਚੇ ਬਾਰੇ ਲਿਖਦਾ ਹੈ ਕਿ “ਪੰਜਾਬ ਦੀ ਸਿੱਖਿਆ ਪ੍ਰਣਾਲੀ ਦੀ ਬੁਨਿਆਦ ਅਧਿਆਤਮਕ ਸਿੱਖਿਆ ਹੈ, ਜਿਸਨੂੰ ਅਸੀਂ ਨੈਤਿਕ ਸਿੱਖਿਆ ਵੀ ਕਹਿ ਸਕਦੇ ਹਾਂ। ਇਸਦੇ ਨਾਲ ਹੀ ਉਹ ਲਿਖਦਾ ਹੈ ਕਿ ਪੰਜਾਬ ਵਿੱਚ ਅਜਿਹਾ ਕੋਈ ਵੀ ਧਾਰਮਿਕ ਸਥਾਨ (ਮੰਦਿਰ, ਮਸਜਿਦ, ਗੁਰੂਦੁਆਰਾ /ਧਰਮਸ਼ਾਲਾ ) ਨਹੀ ਸੀ ਜਿੱਥੇ ਵਿਦਿਆਰਥੀਆਂ ਨੂੰ ਪੜਾਇਆ ਨਹੀਂ ਸੀ ਜਾਂਦਾ। ਇੱਥੋਂ ਤੱਕ ਕਿ ਕਿਸੇ ਵੀ ਧਰਮ ਨੂੰ ਧਾਰਮਿਕ ਸਥਾਨ ਬਣਾਉਣ ਦੀ ਮਨਜ਼ੂਰੀ ਤਾਂ ਹੀ ਦਿੱਤੀ ਜਾਂਦੀ ਸੀ ਜਦ ਉਥੇ ਬੱਚਿਆਂ ਨੂੰ ਸਿੱਖਿਆ ਦੇਣ ਦੀ ਵਿਵਸਥਾ ਹੁੰਦੀ ਸੀ। ਭਾਵ ਕਿ ਸਿੱਖਿਆ ਦਾ ਸੰਬੰਧ ਅਧਿਆਤਮਕਤਾ ਨਾਲ ਸੀ। ਫਿਰ ਉੱਥੇ ਪੜ੍ਹਨ ਵਾਲੇ ਵਿਦਿਆਰਥੀ ਵੀ ਉਨੇ ਹੀ ਸੁਹਜ, ਸੁਹਿਰਦ ਹੁੰਦੇ ਸਨ। ਪਰ ਅੱਜ ਅਸੀਂ ਜਿੱਥੇ ਖੜ੍ਹੇ ਹਾਂ, ਉੱਥੇ ਵਿਦਿਅਕ ਅਦਾਰਿਆਂ ਵਿੱਚ ਨੈਤਿਕ ਸਿੱਖਿਆ, ਅਧਿਆਤਮਕ ਸਿੱਖਿਆ ਤਾਂ ਕੀ ਦਿੱਤੀ ਜਾਣੀ ਹੈ ਬਲਕਿ ਵਿਦਿਆਰਥੀ ਨੂੰ ਪੰਜਾਬੀ ਮਾਂ ਬੋਲੀ ( ਮੁੱਢ) ਤੋਂ ਹੀ ਦੂਰ ਕੀਤਾ ਜਾ ਰਿਹਾ। ਪੰਜਾਬ ਵਿੱਚ ਰਹਿ ਕੇ ਹੀ ਪੰਜਾਬੀ ਬੋਲਣ ਤੇ ਜ਼ੁਰਮਾਨਾ ਭਰਨਾ ਪੈ ਰਿਹਾ ਹੈ। ਬੱਚਿਆਂ ਨੂੰ ਪੈਸਾ ਕਿਵੇਂ ਕਮਾਉਣਾ ਹੈ ਉਹ ਤਾਂ ਬਾਖੂਬੀ ਪੜਾਇਆ ਤੇ ਸਿਖਾਇਆ ਜਾ ਰਿਹਾ, ਪਰ ਇੱਕ ਸਚਿਆਰੇ ਮਨੁੱਖ ਕਿਵੇਂ ਬਣਨਾ ਹੈ ਉਸ ਵਿੱਚ ਅਸੀਂ ਪੂਰੀ ਤਰ੍ਹਾਂ ਪੱਛੜੇ ਹੋਏ ਹਾਂ।
ਇਹ ਦੋ ਮੁੱਖ ਕਾਰਣਾ ਨੂੰ ਜਾਨਣ ਤੋਂ ਬਾਅਦ ਜੇਕਰ ਗੱਲ ਹੱਲ ਦੀ ਕਰੀਏ ਤਾਂ ਸਭ ਤੋਂ ਪਹਿਲਾਂ ਪਰਿਵਾਰਿਕ ਮਾਹੌਲ ਦਾ ਵਧੀਆ ਹੋਣਾ ਬਹੁਤ ਜਰੂਰੀ ਹੈ । ਪਰਿਵਾਰਿਕ ਮਾਹੌਲ ਅਜਿਹਾ ਹੋਣਾ ਚਾਹੀਦਾ ਹੈ ਜਿਸ ਨੂੰ ਅਸੀਂ ਸਤਿਸੰਗ ਕਹਿ ਸਕੀਏ। ਪੁਰਾਣੇ ਸਮਿਆਂ ਵਿੱਚ ਜਦੋਂ ਬਜ਼ੁਰਗਾਂ ਕੋਲ ਬੈਠ ਬੱਚੇ ਸਾਖੀਆਂ ਸੁਣਦੇ ਸਨ ਤਾਂ ਉਸਨੂੰ ਵੀ ਸਤਿਸੰਗ ਹੀ ਕਿਹਾ ਜਾਂਦਾ ਸੀ ਪਰ ਹੁਣ ਕੋਈ ਵਿਰਲਾ ਹੀ ਪਰਿਵਾਰ ਹੋਵੇਗਾ ਜਿੱਥੇ ਗੁਰੂ ਦਾ ਜਸ ਹੁੰਦਾ ਹੋਵੇਗਾ। ਮਾਪਿਆਂ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਉਹਨਾਂ ਦੇ ਘਰ ਵਿੱਚ ਇੱਕ ਮਨੁੱਖ ਦੀ ਸ਼ਖਸੀਅਤ ਦਾ ਨਿਰਮਾਣ ਹੋ ਰਿਹਾ ਹੈ। ਬੱਚਿਆਂ ਨੂੰ ਮੋਬਾਈਲ ਤੇ ਹੋਰ ਅਧੁਨਿਕ ਚੀਜ਼ਾਂ ਦੇ ਲਾਲਚ ਤੇ ਤੋਹਫ਼ੇ ਦੇਣ ਦੀ ਬਜਾਇ ਕਿਤਾਬਾਂ ਤੋਹਫ਼ੇ ਵੱਜੋਂ ਦਿੱਤੀਆਂ ਜਾਣ।ਬੱਚਿਆਂ ਨੂੰ ਸਚਿਆਰੇ ਬਣਾਉਣ ਵਿੱਚ ਮਾਪੇ ਬਹੁਤ ਵੱਡੀ ਭੂਮਿਕਾ ਨਿਭਾਅ ਸਕਦੇ ਹਨ।ਮਾਪੇ ਖੁਦ ਸਾਹਿਤ ਗੁਰਬਾਣੀ,ਇਤਹਾਸ ਨਾਲ ਜੁੜਣ ਤਾਂ ਜੋ ਉਹਨਾਂ ਵੱਲ ਦੇਖ ਬੱਚਿਆਂ ਵਿੱਚ ਵੀ ਕਿਤਾਬਾਂ ਪੜ੍ਹਣ ਦੀ ਰੁਚੀ ਪੈਦਾ ਹੋ ਸਕੇ ।
ਇਸ ਉਪਰੰਤ ਜੇਕਰ ਗੱਲ ਵਿਦਿਅਕ ਸੰਸਥਾਵਾਂ ਦੀ ਜਿੰਮੇਵਾਰੀ ਦੀ ਕੀਤੀ ਜਾਵੇ ਤਾਂ ਵਿਦਿਅਕ ਸੰਸਥਾਵਾਂ ਦਾ ਮਨੋਰਥ ਪੈਸਾ ਕਮਾਉਣ ਤੱਕ ਸੀਮਤ ਨਾ ਹੋਕੇ ਸੁਚੱਜੇ ਮਨੁੱਖਾਂ ਦੀ ਸਿਰਜਣਾ ਹੋਣਾ ਚਾਹੀਦਾ ਹੈ। ਘੱਟੋ ਘੱਟ ਪੰਜਾਬ ਦੇ ਹਰ ਸਕੂਲ ਵਿੱਚ ਅਧਿਆਤਮਕ, ਨੈਤਿਕ ਸਿੱਖਿਆ ਦਾ ਪ੍ਰਬੰਧ, ਪ੍ਰਚਾਰ ਤੇ ਪਸਾਰ ਜਰੂਰ ਹੋਣਾ ਚਾਹੀਦਾ ਹੈ। ਪੁਰਾਤਣ ਸਿੱਖਿਆ ਪ੍ਰਣਾਲੀ ਅਨੁਸਾਰ ਵਿਦਿਆਰਥੀਆਂ ਦੇ ਧਾਰਮਿਕ ਮੁਕਾਬਲੇ , ਇਤਹਾਸ ਦੇ ਮੁਕਾਬਲੇ ਜਰੂਰ ਹੋਣੇ ਚਾਹੀਦੇ ਹਨ। ਸਚਿਆਰੇ ਮਨੁੱਖਾਂ ਦੀ ਘਾੜਤ ਹਰੇਕ ਵਿਦਿਅਕ ਸੰਸਥਾ ਦੀ ਪਹਿਲ ਹੋਣੀ ਚਾਹੀਦੀ ਹੈ। ਇਹ ਗੱਲ ਧਿਆਨ ਵਿੱਚ ਰੱਖਣੀ ਹੋਵੇਗੀ ਕਿ ਅਸੀਂ ਪੈਸੇ ਕੁਮਾਉਣ ਵਾਲੀਆਂ ਮਸ਼ੀਨਾਂ ਨਹੀ ਬਲਕਿ ਸਮਾਜ ਨੂੰ ਸੇਧ ਦੇਣ ਵਾਲੀਆਂ ਸ਼ਖਸੀਅਤ ਪੈਦਾ ਕਰਨੀਆਂ ਹਨ। ਅਜਿਹੀਆਂ ਸ਼ਖਸੀਅਤਾਂ ਜਿੰਨਾ ਦੀ ਅਗਵਾਈ ਵਿੱਚ ਪੰਜਾਬ ਵੱਧਫੁਲ ਸਕੇ । ਅਜਿਹੀਆਂ ਸ਼ਖਸੀਅਤਾਂ ਜਿੰਨਾ ਦੀ ਛਤਰ ਛਾਇਆ ਹੇਠ ਦੇਸ਼ ਦੀ ਸੁਚੱਜੀ ਅਗਵਾਈ ਹੋ ਸਕੇ। ਅਜਿਹੇ ਸਚਿਆਰੇ ਮਨੁੱਖ ਸਿਰਜੀਏ ਜੋ ਮਾਨਵਤਾ ਦੀ ਸੇਵਾ ਲਈ ਹਮੇਸ਼ਾ ਤਿਆਰ ਬਰ ਤਿਆਰ ਹੋਣ । ਸਾਨੂੰ ਸਾਰਿਆਂ ਨੂੰ ਰਲਮਿਲ ਕੇ ਸੁਚੱਜਾ ਸਮਾਜ ਸਿਰਜਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ ਜਿੱਥੇ ਵਰਤਮਾਨ ਵਿੱਚ ਸਚਿਆਰੇ ਮਨੁੱਖਾਂ ਦੀ ਘਾੜਤ ਹੋਵੇ ਤੇ ਭਵਿੱਖ ਵਿੱਚ ਉਹੀਓ ਮਨੁੱਖ ਰਾਹ ਦਸੇਰੇ ਬਣ ਸਮਾਜ ਦਾ ਮਾਰਗ ਦਰਸ਼ਨ ਕਰਨ। ਇੱਕ ਅਜਿਹੇ ਮਨੁੱਖਾਂ ਦਾ ਕਾਫਲਾ ਤਿਆਰ ਕਰੀਏ ਜਿੰਨਾ ਬਾਬਤ ਗੁਰੂ ਸਾਹਿਬ ਫਰਮਾਉਂਦੇ ਹਨ
” ਸਚਿਆਰ ਸਿਖੁ ਬੈਠੇ ਸਤਿਗੁਰ ਪਾਸਿ।। “

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin