ਚੰਡੀਗਡ਼੍ਹ – ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਭੂਆ ਦੇ ਪੁੱਤਰ ਤੇ ਸਾਬਕਾ ਕਾਂਗਰਸੀ ਵਿਧਾਇਕ ਅਰਵਿੰਦ ਖੰਨਾ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਚਚੇਰੇ ਭਰਾ ਜਸਵਿੰਦਰ ਸਿੰਘ ਧਾਲੀਵਾਲ ਸਮੇਤ ਵੱਖ-ਵੱਖ ਪਾਰਟੀਆਂ ਤੇ ਸੰਗਠਨਾਂ ਦੇ ਕਈ ਆਗੂ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਏ। ਇਨ੍ਹਾਂ ’ਚ ਕੈਪਟਨ ਦੀ ਸਾਬਕਾ ਓਐੱਸਡੀ ਲਖਵਿੰਦਰ ਕੌਰ ਗਰਚਾ ਤੇ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਦੇ ਪੀਏ ਰਹੇ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ (ਐੱਸਐੱਸਐੱਫ) ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਇਕਬਾਲ ਸਿੰਘ ਤੁੰਗ ਦਾ ਨਾਂ ਵੀ ਸ਼ਾਮਲ ਹੈ।
ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਦੀ ਅਗਵਾਈ ’ਚ ਕਾਂਗਰਸ ਦੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਤੇ ਗੁਰਚਰਨ ਸਿੰਘ ਟੌਹਡ਼ਾ ਦੇ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਹੋਰ ਪਾਰਟੀਆਂ ਦੇ ਕਈ ਸੀਨੀਅਰ ਆਗੂ ਦਿੱਲੀ ’ਚ ਭਾਜਪਾ ਪਰਿਵਾਰ ’ਚ ਸ਼ਾਮਲ ਹੋਏ। ਉੱਥੇ ਕਈ ਹੋਰ ਦਿੱਗਜ ਆਗੂ ਚੰਡੀਗਡ਼੍ਹ ’ਚ ਭਾਜਪਾ ’ਚ ਸ਼ਾਮਲ ਹੋਏ ਹਨ। ਭਾਜਪਾ ਦੇ ਸੂਬਾਈ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਅਮਨ ਸ਼ਾਂਤੀ ਚਾਹੁੰਦਾ ਹੈ ਤੇ ਲੋਕਾਂ ਦੇ ਅਸ਼ੀਰਵਾਦ ਨਾਲ ਪੰਜਾਬ ’ਚ ਭਾਜਪਾ ਸਰਕਾਰ ਬਣੇਗੀ। ਸੂਬੇ ’ਚ ਮਜ਼ਬੂਤ ਕਾਨੂੰਨ ਵਿਵਸਥਾ ਲਾਗੂ ਕੀਤੀ ਜਾਵੇਗੀ। ਸੂਬੇ ਦਾ ਮਾਡ਼ਾ-ਚੰਗਾ ਚੰਗੀ ਤਰ੍ਹਾਂ ਜਾਣਨ ਵਾਲੇ ਲੋਕ ਭਾਜਪਾ ਨਾਲ ਜੁਡ਼ ਰਹੇ ਹਨ।
ਅਰਵਿੰਦ ਖੰਨਾ ਨੇ 2002 ’ਚ ਸੰਗਰੂਰ ਤੇ 2012 ’ਚ ਧੂਰੀ ਤੋਂ ਕਾਂਗਰਸ ਦੀ ਟਿਕਟ ’ਤੇ ਵਿਧਾਨ ਸਭਾ ਚੋਣ ਜਿੱਤੀ ਸੀ। ਖੰਨਾ ਨੇ 1998 ’ਚ ਅਕਾਲੀ ਦਲ ਤੋਂ ਸਿਆਸਤ ਦੀ ਸ਼ੁਰੂਆਤ ਕੀਤੀ ਸੀ। 2004 ’ਚ ਉਨ੍ਹਾਂ ਨੇ ਲੋਕ ਸਭਾ ਦੀ ਚੋਣ ਲਡ਼ੀ ਪਰ ਹਾਰ ਗਏ। 2015 ’ਚ ਘਰੇਲੂ ਸਮੱਸਿਆਵਾਂ ਕਾਰਨ ਉਨ੍ਹਾਂ ਨੇ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਦਿੱਲੀ ਦੇ ਵੱਡੇ ਕਾਰੋਬਾਰੀ ਅਰਵਿੰਦ ਖੰਨਾ ਨੇ 1997 ’ਚ ਸੰਗਰੂਰ ’ਚ ਉਮੀਦ ਫਾਊਂਡੇਸ਼ਨ ਸ਼ੁਰੂ ਕੀਤੀ ਸੀ। ਉਨ੍ਹਾਂ ਦਾ ਸੰਗਰੂਰ ਤੇ ਬਰਨਾਲਾ ’ਚ ਮਜ਼ਬੂਤ ਆਧਾਰ ਹੈ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਲੁਧਿਆਣਾ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ, ਯੂਥ ਕਾਂਗਰਸ ਦੇ ਹਲਕਾ ਸ਼ੁਤਰਾਣਾ ਦੇ ਮੀਤ ਪ੍ਰਧਾਨ ਬੇਅੰਤ ਸਿੰਘ, ਸਰਹੱਦੀ ਵੈਲਫੇਅਰ ਐਂਡ ਡਿਵੈਲਪਮੈਂਟ ਸੁਸਾਇਟੀ ਦੇ ਸਾਬਕਾ ਪ੍ਰਧਾਨ ਕੈਪਟਨ ਅਮਨਦੀਪ ਸਿੰਘ (ਗੁਰਦਾਸਪੁਰ), ਰਿਟਾਇਰਡ ਲੈਫਟੀਨੈਂਟ ਕਰਨਲ ਗੁਰਪ੍ਰਕਾਸ਼ ਸਿੰਘ ਵਿਰਕ, ਰਾਏ ਸਿੱਖ ਸੁਧਾਰ ਸਭਾ ਦੇ ਪੂਰਨ ਚੰਦ, ਰਣਵੀਰ ਸਿੰਘ ਰਾਣੀਆ, ਬਸਪਾ ਆਗੂ ਚੌਧਰੀ ਅਰਜੁਨ ਸਿੰਘ ਕਾਂਸਲ, ਆਲ ਇੰਡੀਆ ਜਾਟ ਮਹਾਸਭਾ ਚੰਡੀਗਡ਼੍ਹ ਦੇ ਸੂਬਾਈ ਪ੍ਰਧਾਨ ਰਾਜਿੰਦਰ ਸਿੰਘ ਬਧੇਰੀ ਸਮੇਤ ਵੱਖ-ਵੱਖ ਸਿਆਸੀ, ਸਮਾਜਿਕ ਤੇ ਹੋਰ ਸੰਗਠਨਾਂ ਦੇ 68 ਆਗੂ ਆਪਣੇ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਲ ਹੋਏ।
ਦਮਦਮੀ ਟਕਸਾਲ ਦੇ ਸਾਬਕਾ ਬੁਲਾਰੇ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਸਰਚਾਂਦ ਸਿੰਘ ਵੀ ਛੇਤੀ ਹੀ ਭਾਜਪਾ ’ਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਨੇ ਸਿੱਖਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਪਰ ਮੋਦੀ ਸਰਕਾਰ ਨੇ ਸਿੱਖਾਂ ਦੇ ਮੁੱਦਿਆਂ ’ਤੇ ਗੰਭੀਰਤਾ ਦਿਖਾਈ ਹੈ ਤੇ ਸਾਡਾ ਫ਼ਰਜ਼ ਬਣਦਾ ਹੈ ਕਿ ਉਨ੍ਹਾਂ ਦੇ ਹੱਥ ਮਜ਼ਬੂਤ ਕੀਤੇ ਜਾਣ।