Sport

ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਤੇ ਐੱਚਐੱਸ ਪ੍ਰਣਯ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ

ਨਵੀਂ ਦਿੱਲੀ – ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਤੇ ਐੱਚਐੱਸ ਪ੍ਰਣਯ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪੁੱਜ ਗਏ ਜਦਕਿ ਸਾਇਨਾ ਨੇਹਵਾਲ ਹਾਰ ਕੇ ਬਾਹਰ ਹੋ ਗਈ। ਸਾਬਕਾ ਚੈਂਪੀਅਨ ਤੇ 2012 ਓਲੰਪਿਕ ਕਾਂਸੇ ਦਾ ਮੈਡਲ ਜੇਤੂ ਸਾਇਨਾ ਨੂੰ ਵਿਸ਼ਵ ਰੈਂਕਿੰਗ ਵਿਚ 11ਵੇਂ ਸਥਾਨ ‘ਤੇ ਮੌਜੂਦ ਮਾਲਵਿਕਾ ਬੰਸੋੜ ਨੇ 34 ਮਿੰਟ ਤਕ ਚੱਲੇ ਮੁਕਾਬਲੇ ਵਿਚ 21-17, 21-19 ਨਾਲ ਹਰਾਇਆ। ਇਸ ਤੋਂ ਪਹਿਲਾਂ ਸਿਖਰਲਾ ਦਰਜਾ ਹਾਸਲ ਸਿੰਧੂ ਨੇ ਹਮਵਤਨ ਇਰਾ ਸ਼ਰਮਾ ਨੂੰ 21-10, 21-10 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਅਸ਼ਮਿਤਾ ਚਾਲਿਹਾ ਨਾਲ ਹੋਵੇਗਾ ਜਿਨ੍ਹਾਂ ਨੇ ਯਾਏਲੇ ਹੋਯਾਊ ਨੂੰ 21-17, 21-14 ਨਾਲ ਮਾਤ ਦਿੱਤੀ। ਬੰਸੋੜ ਦਾ ਸਾਹਮਣਾ ਭਾਰਤ ਦੀ ਆਕਰਸ਼ੀ ਕਸ਼ਯਪ ਨਾਲ ਹੋਵੇਗਾ। ਆਕਰਸ਼ੀ ਨੇ ਹਮਵਤਨ ਕੇਯੂਰਾ ਮੋਪਾਟਿਨ ਨੂੰ 21-10, 21-10 ਨਾਲ ਮਾਤ ਦਿੱਤੀ। ਪ੍ਰਣਯ ਨੂੰ ਵਾਕਓਵਰ ਮਿਲਿਆ ਕਿਉਂਕਿ ਮਿਥੁਨ ਮੰਜੂਨਾਥ ਨੇ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ। ਪ੍ਰਣਯ ਦਾ ਸਾਹਮਣਾ ਲਕਸ਼ੇ ਸੇਨ ਤੇ ਸਵੀਡਨ ਦੇ ਫੇਲਿਕਸ ਬੁਸਟੇਟ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਸਮੀਰ ਵਰਮਾ ਦੀ ਮੁਹਿੰਮ ਦਾ ਵੀ ਦੂਜੇ ਗੇੜ ਵਿਚ ਅੰਤ ਹੋ ਗਿਆ ਜਿਨ੍ਹਾਂ ਨੇ ਮਾਂਸਪੇਸ਼ੀ ਵਿਚ ਖਿਚਾਅ ਕਾਰਨ ਕੈਨੇਡਾ ਦੇ ਬ੍ਰੇਨ ਯਾਂਗ ਖ਼ਿਲਾਫ਼ ਮੁਕਾਬਲਾ ਵਿਚਾਲੇ ਛੱਡ ਦਿੱਤਾ। ਇੰਡੀਆ ਓਪਨ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਿਆ ਹੈ ਜਿਸ ਨਾਲ ਵਿਸ਼ਵ ਚੈਂਪੀਅਨਸ਼ਿਪ ਦੇ ਸਿਲਵਰ ਮੈਡਲ ਜੇਤੂ ਕਿਦਾਂਬੀ ਸ਼੍ਰੀਕਾਂਤ ਸਮੇਤ ਸੱਤ ਭਾਰਤੀ ਖਿਡਾਰੀਆਂ ਨੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਨਾਂ ਵਾਪਸ ਲੈ ਲਿਆ। ਵਿਸ਼ਵ ਬੈਡਮਿੰਟਨ ਮਹਾਸੰਘ ਨੇ ਇਸ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਭਾਰਤੀ ਬੈਡਮਿੰਟਨ ਮਹਾਸੰਘ ਨੇ ਨਾਵਾਂ ਦਾ ਖ਼ੁਲਾਸਾ ਕੀਤਾ। ਸ਼੍ਰੀਕਾਂਤ ਤੋਂ ਇਲਾਵਾ ਅਸ਼ਵਨੀ ਪੋਨੱਪਾ, ਰਿਤਿਕਾ ਰਾਹੁਲ ਠਕਾਰ, ਤਿ੍ਸ਼ਾ ਜਾਲੀ, ਮਿਥੁਨ ਮੰਜੂਨਾਥ, ਸਿਮਰਨ ਅਮਨ ਸਿੰਘ ਤੇ ਖ਼ੁਸ਼ੀ ਗੁਪਤਾ ਵੀ ਪਾਜ਼ੇਟਿਵ ਪਾਏ ਗਏ ਹਨ। ਬੀਡਬਲਯੂਐੱਫ ਨੇ ਕਿਹਾ ਕਿ ਇਹ ਖਿਡਾਰੀ ਵੀਰਵਾਰ ਨੂੰ ਹੋਏ ਜ਼ਰੂਰੀ ਆਰਟੀ ਪੀਸੀਆਰ ਟੈਸਟ ਵਿਚ ਪਾਜ਼ੇਟਿਵ ਪਾਏ ਗਏ। ਇਨ੍ਹਾਂ ਦੇ ਜੋੜੀਦਾਰਾਂ ਨੇ ਵੀ ਕਰੀਬੀ ਸੰਪਰਕ ਵਿਚ ਰਹਿਣ ਕਾਰਨ ਨਾਂ ਵਾਪਸ ਲੈ ਲਿਆ। ਐੱਨ ਸਿੱਕੀ ਰੈੱਡੀ, ਧਰੁਵ ਕਪਿਲਾ, ਗਾਇਤ੍ਰੀ ਗੋਪੀਚੰਦ, ਅਕਸ਼ਨ ਸ਼ੈੱਟੀ ਤੇ ਕਾਵਿਆ ਗੁਪਤਾ ਨੂੰ ਵੀ ਟੂਰਨਾਮੈਂਟ ਤੋਂ ਨਾਂ ਵਾਪਸ ਲੈਣਾ ਪਿਆ। ਹਾਲਾਂਕਿ ਇਹ ਪਾਜ਼ੇਟਿਵ ਨਹੀਂ ਸਨ ਪਰ ਕਰੀਬੀ ਸੰਪਰਕ ਵਿਚ ਸਨ।

Related posts

HAPPY DIWALI 2025 !

admin

ਪੂਰੇ ਪੰਜਾਬ ਵਿੱਚ ਬਣਨ ਵਾਲੇ 3000 ਤੋਂ ਵੱਧ ਖੇਡ ਮੈਦਾਨਾਂ ਦੀ ਸ਼ੁਰੂਆਤ ਦਾ ਨੀਂਹ ਪੱਥਰ ਰੱਖਿਆ !

admin

ਗਗਨਦੀਪ ਸਿੰਘ ਨੇ ਜ਼ਿਲ੍ਹਾ ਰੈੱਡ ਰਨ 2025 ’ਚ ਪਹਿਲਾ ਇਨਾਮ ਹਾਸਲ ਕੀਤਾ !

admin