ਚੰਡੀਗਡ਼੍ਹ – ਮੰਗਲਵਾਰ ਸ਼ਾਮ ਨੂੰ ਲਾਪਤਾ ਹੋਈ ਔਰਤ ਦੀ ਮਲੋਇਆ ਸਥਿਤ ਘਰ ਤੋਂ ਕੁਝ ਦੂਰੀ ’ਤੇ ਬੁੱਧਵਾਰ ਸਵੇਰੇ ਨਗਨ ਹਾਲਤ ਵਿਚ ਲਾਸ਼ ਬਰਾਮਦ ਹੋਈ। ਔਰਤ ਦੇ ਮੰੂਹ ’ਚ ਮੋਜੇ ਤੁੰਨੇ ਹੋਏ ਸਨ। ਇਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਔਰਤ ਦੀ ਲਾਸ਼ ਨੂੰ ਜੀਐੱਮਐੱਸਐੱਚ-16 ’ਚ ਪਹੁੰਚਾਇਆ। ਪੁਲਿਸ ਨੇ ਮੁੱਢਲੀ ਜਾਂਚ ਦੇ ਆਧਾਰ ’ਤੇ ਜਬਰ ਜਨਾਹ ਤੋਂ ਬਾਅਦ ਹੱਤਿਆ ਦਾ ਖ਼ਦਸ਼ਾ ਪ੍ਰਗਟਾਇਆ ਹੈ। ਮਲੋਇਆ ਥਾਣਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਹੱਤਿਆ ਦੀ ਧਾਰਾ ਤਹਿਤ ਕੇਸ ਦਰਜ ਕਰਕੇ ਦੇਰ ਰਾਤ ਤਕ ਤਲਾਸ਼ ਵਿਚ ਲੱਗੀ ਸੀ। ਉਥੇ ਪੁਲਿਸ ਪੋਸਟਮਾਰਟਮ ਹੋਣ ਤੋਂ ਬਾਅਦ ਰਿਪੋਰਟ ਵਿਚ ਜਬਰ ਜਨਾਹ ਦੀ ਪੁਸ਼ਟੀ ਕਰਨ ਦਾ ਹਵਾਲਾ ਦੇ ਰਹੀ ਹੈ।
ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਉਹ ਮਲੋਇਆ ’ਚ ਪਰਿਵਾਰ ਸਮੇਤ ਰਹਿੰਦੇ ਹਨ। ਉਸ ਦੀਆਂ ਦੋ ਧੀਆਂ ਅਤੇ ਇਕ ਪੁੱਤਰ ਹੈ। ਮੰਗਲਵਾਰ ਸ਼ਾਮ ਨੂੰ ਪਤਨੀ ਨਾਲ ਖਰੀਦਦਾਰੀ ਕਰਨ ਗਿਆ ਸੀ। ਉਸ ਨੂੰ ਮਲੋਇਆ ਬੱਸ ਅੱਡੇ ’ਤੇ ਆਪਣੇ ਆਟੋ ’ਚ ਛੱਡਣ ਤੋਂ ਬਾਅਦ ਅੱਗੇ ਚਲਾ ਗਿਆ। ਪਤਨੀ ਦੇ ਦੇਰ ਸ਼ਾਮ ਤਕ ਘਰ ਵਾਪਸ ਨਾ ਆਉਣ ’ਤੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਇਸ ਦੀ ਸੂਚਨਾ ਵੀ ਮਲੋਇਆ ਥਾਣਾ ਪੁਲਿਸ ਨੂੰ ਦਿੱਤੀ ਗਈ। ਹਾਲਾਂਕਿ ਸਵੇਰੇ ਲਗਪਗ 9.30 ਵਜੇ ਉਸ ਦੀ ਪਤਨੀ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ। ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ’ਤੇ ਥਾਣੇ ਅੰਦਰ ਪੁੱਛਗਿੱਛ ਦੌਰਾਨ ਉਸ ਨੂੰ ਥੱਪਡ਼ ਮਾਰੇ ਜਾਣ ਦੇ ਦੋਸ਼ ਵੀ ਲਗਾਏ। ਹਾਲਾਂਕਿ ਪੁਲਿਸ ਉਸ ਨੇ ਉਸ ਦੇ ਦੋਸ਼ਾਂ ਨੂੰ ਗਲਤ ਕਰਾਰ ਦੇ ਕੇ ਸਿਰਫ ਪੁੱਛਗਿੱਛ ਕਰਕੇ ਬਿਆਨ ਦਰਜ ਕਰਨ ਦਾ ਹਵਾਲਾ ਦੇ ਰਹੀ ਹੈ।