ਅੰਮ੍ਰਿਤਸਰ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਮੌਜੂਦਾ ਵਿਧਾਇਕ ਹਨ। ਇਹ ਪੰਜਾਬ ਦੀਆਂ ਹਾਟ ਵਿਧਾਨ ਸਭਾ ਸੀਟਾਂ ਵਿੱਚੋਂ ਇਕ ਹੈ। ਸਿੱਧੂ ਨੂੰ ਇੱਥੋਂ ਕਾਂਗਰਸ ਦੀ ਟਿਕਟ ਮਿਲੀ ਹੈ। ਦੂਜੇ ਪਾਸੇ ਸਿੱਧੂ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹਨ। ਚਾਹੇ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਅਕਾਲੀ ਦਲ। ਇਹੀ ਕਾਰਨ ਹੈ ਕਿ ਵਿਧਾਨ ਸਭਾ ਚੋਣਾਂ ‘ਚ ਇਸ ਸੀਟ ‘ਤੇ ਮੁਕਾਬਲਾ ਦਿਲਚਸਪ ਹੋਣ ਜਾ ਰਿਹਾ ਹੈ। ਅਕਾਲੀ ਦਲ ਨੇ ਵੀ ਅਜੇ ਤਕ ਇੱਥੋਂ ਕੋਈ ਉਮੀਦਵਾਰ ਐਲਾਨਿਆ ਨਹੀਂ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅਕਾਲੀ ਦਲ ਦੀ ਟਿਕਟ ‘ਤੇ ਸਿੱਧੂ ਨੂੰ ਟੱਕਰ ਦੇਣ ਲਈ ਹੁਣ ਬਿਕਰਮ ਸਿੰਘ ਮਜੀਠੀਆ ਇੱਥੋਂ ਚੋਣ ਲੜ ਸਕਦੇ ਹਨ। ਅਸਲ ‘ਚ ਸਿੱਧੂ ਪਰਿਵਾਰ ਨੇ 2017 ‘ਚ ਦੂਜੀ ਵਾਰ ਇਸ ਹਲਕੇ ਤੋਂ ਜਿੱਤ ਦਰਜ ਕੀਤੀ ਸੀ ਤੇ ਤੀਜੀ ਵਾਰ ਜਿੱਤ ਲਈ ਮੈਦਾਨ ‘ਚ ਉਤਰੇਗੀ। ਸਾਲ 2012 ਵਿਚ ਸਿੱਧੂ ਦੀ ਪਤਨੀ ਡਾ.ਨਵਜੋਤ ਕੌਰ ਸਿੱਧੂ ਇੱਥੇ ਤਿਕੋਣੇ ਮੁਕਾਬਲੇ ਵਿੱਚ ਭਾਜਪਾ ਦੀ ਟਿਕਟ ‘ਤੇ ਜਿੱਤੀ ਸੀ। ਫਿਰ 15 ਜਨਵਰੀ 2017 ਨੂੰ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਨਵਜੋਤ ਸਿੱਧੂ ਨੇ ਇੱਥੋਂ ਚੋਣ ਲੜੀ ਅਤੇ ਭਾਜਪਾ ਦੇ ਐਡਵੋਕੇਟ ਰਾਜੇਸ਼ ਹਨੀ ਨੂੰ 42,809 ਵੋਟਾਂ ਨਾਲ ਹਰਾਇਆ ਸੀ। ਪੂਰਬੀ ਖੇਤਰ ‘ਚ 1951 ਤੋਂ ਹੁਣ ਤਕ ਹੋਈਆਂ ਅੱਠ ਵਾਰ ਦੀਆਂ ਚੋਣਾਂ ਵਿਚ ਭਾਜਪਾ ਚਾਰ ਵਾਰ ਤੇ ਕਾਂਗਰਸ ਤਿੰਨ ਵਾਰ ਜੇਤੂ ਰਹੀ ਹੈ। ਸਾਲ 1977 ਵਿਚ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਨੂੰ ਵੇਰਕਾ ਵਿਧਾਨ ਸਭਾ ‘ਚ ਸ਼ਾਮਲ ਕੀਤਾ ਗਿਆ ਸੀ ਪਰ 2012 ਵਿਚ ਵੇਰਕਾ ਹਲਕਾ ਖ਼ਤਮ ਹੋਣ ਮਗਰੋਂ ਇਸ ਨੂੰ ਮੁੜ ਅੰਮ੍ਰਿਤਸਰ ਪੂਰਬੀ ਬਣਾ ਦਿੱਤਾ ਗਿਆ।