Punjab

ਗਿੱਦੜਬਾਹਾ ਤੋਂ ਪਹਿਲੀ ਵਾਰ ਹਰਚਰਨ ਬਰਾੜ ਤੋਂ 57 ਵੋਟਾਂ ਨਾਲ ਹਾਰੇ ਸੀ ਪ੍ਰਕਾਸ਼ ਸਿੰਘ ਬਾਦਲ

ਸ੍ਰੀ ਮੁਕਤਸਰ ਸਾਹਿਬ – ਗਿੱਦੜਬਾਹਾ ਪੰਜਾਬ ਦਾ ਉਹ ਵਿਧਾਨ ਸਭਾ ਹਲਕਾ ਹੈ, ਜਿੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਗਾਤਾਰ ਪੰਜ ਵਾਰ ਚੋਣ ਜਿੱਤ ਚੁੱਕੇ ਹਨ। ਹਾਲਾਂਕਿ ਉਹ ਇਕ ਵਾਰ ਇਸ ਹਲਕੇ ਤੋਂ ਚੋਣ ਵੀ ਹਾਰੇ ਵੀ ਹਨ। ਇਹ ਉਨ੍ਹਾਂ ਦੀ ਹੁਣ ਤਕ ਦੀ ਪਹਿਲੀ ਤੇ ਆਖਰੀ ਹਾਰ ਰਹੀ ਹੈ। ਇਹ ਗੱਲ ਸਾਲ 1967 ਦੀਆਂ ਵਿਧਾਨ ਸਭਾ ਚੋਣਾਂ ਦੀ ਹੈ। ਉਦੋਂ ਗਿੱਦੜਬਾਹਾ ਪਹਿਲੀ ਵਾਰ ਵਿਧਾਨ ਸਭਾ ਹਲਕਾ ਬਣਿਆ ਸੀ। ਗਿੱਦੜਬਾਹਾ ਹਲਕੇ ਦੀ ਪਹਿਲੀ ਚੋਣ ‘ਚ ਬਾਦਲ ਅਕਾਲੀ ਦਲ (ਸੰਤ) ਵੱਲੋਂ ਕਾਂਗਰਸ ਦੇ ਹਰਚਰਨ ਸਿੰਘ ਬਰਾੜ ਨਾਲ ਚੋਣ ਲੜ ਰਹੇ ਸਨ। ਹਰਚਰਨ ਬਰਾੜ ਵੀ ਸਾਲ 1995 ‘ਚ ਕਰੀਬ ਇਕ ਸਾਲ ਲਈ ਸੂਬੇ ਦੇ ਮੁੱਖ ਮੰਤਰੀ ਬਣੇ ਸਨ। 1967 ਦੀ ਇਸ ਚੋਣ ‘ਚ ਹਰਚਰਨ ਬਰਾੜ ਨੂੰ 21,692 ਵੋਟਾਂ ਮਿਲੀਆਂ ਸਨ, ਜਦਕਿ ਪ੍ਰਕਾਸ਼ ਸਿੰਘ ਬਾਦਲ ਨੂੰ 21,635 ਵੋਟਾਂ। ਇਸ ਤਰ੍ਹਾਂ ਬਾਦਲ ਕਾਂਗਰਸ ਦੇ ਹਰਚਰਨ ਬਰਾੜ ਤੋਂ 57 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ ਸਨ। ਹਾਲਾਂਕਿ ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਮਲੋਟ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ‘ਤੇ ਪਹਿਲੀ ਵਾਰ ਚੋਣ ਲੜੀ ਸੀ ਤੇ ਸੀਪੀਆਈ ਦੇ ਚਿਰੰਜੀ ਲਾਲ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ। ਦੂਜੀ ਵਾਰ ਗਿੱਦੜਬਾਹਾ ਹਲਕੇ ਤੋਂ ਚੋਣ ਮੈਦਾਨ ‘ਚ ਉਤਰੇ ਸਨ। ਉਹ 1985 ਤਕ ਗਿੱਦੜਬਾਹਾ ਹਲਕੇ ਤੋਂ ਚੋਣ ਲੜਦੇ ਰਹੇ। ਉਨ੍ਹਾਂ ਸਾਲ 1969, 1972, 1977, 1980 ਅਤੇ 1985 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਤੇ ਹਰ ਵਾਰ ਕਾਂਗਰਸ ਦੇ ਉਮੀਦਵਾਰਾਂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। 1997 ਤੋਂ ਬਾਦਲ ਲੰਬੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਦੇ ਆ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਕਾਰਨ ਗਿੱਦੜਬਾਹਾ ਵਿਧਾਨ ਸਭਾ ਅਕਾਲੀ ਦਲ ਦਾ ਗੜ੍ਹ ਰਿਹਾ ਹੈ। ਇੱਥੇ ਹੁਣ ਤਕ ਕੁੱਲ 13 ਚੋਣਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਅਕਾਲੀ ਦਲ ਨੇ 9 ਵਾਰ ਅਤੇ ਕਾਂਗਰਸ ਨੇ ਚਾਰ ਵਾਰ ਜਿੱਤ ਹਾਸਲ ਕੀਤੀ ਹੈ। ਕਾਂਗਰਸ ਨੇ ਪਹਿਲੀ ਚੋਣ ਜਿੱਤਣ ਤੋਂ ਬਾਅਦ 1992 ਵਿੱਚ ਦੂਜੀ ਵਾਰ ਚੋਣ ਜਿੱਤੀ ਸੀ ਪਰ ਉਦੋਂ ਅਕਾਲੀ ਦਲ ਨੇ ਸੂਬੇ ਭਰ ਵਿਚ ਚੋਣਾਂ ਦਾ ਬਾਈਕਾਟ ਕੀਤਾ ਹੋਇਆ ਸੀ। ਇਸ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਇੱਥੋਂ ਅਕਾਲੀ ਦਲ ਵੱਲੋਂ ਚੋਣ ਜਿੱਤਦੇ ਆ ਰਹੇ ਹਨ। 1995 ਤੋਂ ਸਾਲ 2007 ਤਕ ਲਗਾਤਾਰ ਇੱਥੋਂ ਅਕਾਲੀ ਦਲ ਤੋਂ ਮਨਪ੍ਰੀਤ ਬਾਦਲ ਨੇ ਜਿੱਤ ਹਾਸਲ ਕੀਤੀ। 2012 ਦੀਆਂ ਚੋਣਾਂ ‘ਚ ਕਾਂਗਰਸ ਨੇ ਇਸ ਹਲਕੇ ‘ਚ ਧਾਕ ਜਮਾਈ ਸੀ। ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਸੀਟ ਤੋਂ ਨਾ ਸਿਰਫ਼ ਪਹਿਲੀ ਵਾਰ ਜਿੱਤੇ ਸਨ, ਸਗੋਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਦੂਜੀ ਵਾਰ ਵੀ ਜਿੱਤ ਹਾਸਲ ਕੀਤੀ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin