ਜਲੰਧਰ – ਮਹਿੰਦਰ ਸਿੰਘ ਕੇਪੀ ਸੂਬਾ ਕਾਂਗਰਸ ‘ਚ ਚੰਗੀ ਪੈਂਠ ਰੱਖਣ ਵਾਲੇ ਆਗੂਆਂ ‘ਚੋਂ ਇਕ ਸਨ, ਪਰ ਵਿਧਾਨ ਸਭਾ ਚੋਣਾਂ ‘ਚ ਟਿਕਟ ਮਿਲਣ ਤੋਂ ਬਾਅਦ ਉਹ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਸਕਦੇ ਹਨ। ਇਸ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ ਅਤੇ ਕੇਪੀ ਨੇ ਖ਼ੁਦ ਇਸ ਬਾਰੇ ਕਿਹਾ ਹੈ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਪਾਰਟੀ ਉਨ੍ਹਾਂ ਦੇ ਪਰਿਵਾਰ ਦੀ ਰਾਜਨੀਤੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ। ਤਿੰਨ ਵਾਰ ਵਿਧਾਇਕ ਅਤੇ ਇਕ ਵਾਰ ਐੱਮਪੀ ਰਹਿ ਚੁੱਕੇ ਕੇਪੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਵੀ ਪਾਰਟੀ ਦੀ ਸੇਵਾ ਕੀਤੀ ਹੈ। ਤਿੰਨ ਵਾਰ ਮੰਤਰੀ ਬਣੇ ਕੇਪੀ ਨੂੰ ਸ਼ਾਂਤ ਸੁਭਾਅ ਦਾ ਨੇਤਾ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਨੂੰ ਚੋਣ ਦੰਗਲ ‘ਚ ਉਤਾਰਨ ਦੀ ਹਾਮੀ ਭਰੀ ਹੈ। ਬਸ ਇਕ ਰਸਮੀ ਐਲਾਨ ਕਰਨਾ ਬਾਕੀ ਹੈ। ਉਮੀਦ ਹੈ ਕਿ ਮੰਗਲਵਾਰ ਨੂੰ ਪਾਰਟੀ ਵੱਲੋਂ ਦਿੱਗਜ ਆਗੂਆਂ ਦੀ ਮੌਜੂਦਗੀ ‘ਚ ਕੇਪੀ ਨੂੰ ਪਾਰਟੀ ਜੁਆਇਨ ਕਰਵਾਈ ਜਾਵੇਗੀ।
ਪੰਜਾਬ ਵਿਚ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਕੇਪੀ ਕਾਂਗਰਸ ‘ਚ ਹੋਰ ਮਜ਼ਬੂਤ ਹੋ ਗਏ ਸਨ। ਕੇਪੀ ਚੰਨੀ ਦਾ ਕਰੀਬੀ ਰਿਸ਼ਤੇਦਾਰ ਹਨ ਤੇ ਚੰਨੀ ਨੇ ਉਨ੍ਹਾਂ ਨੂੰ ਆਦਮਪੁਰ ਜਾਂ ਪੱਛਮੀ ਸੀਟ ਤੋਂ ਚੋਣ ਲੜਾਉਣ ਲਈ ਕਾਫੀ ਕਵਾਇਦ ਵੀ ਕੀਤੀ ਸੀ। ਚੰਨੀ ਨੇ ਆਦਮਪੁਰ ‘ਚ ਕਰੋੜਾਂ ਰੁਪਏ ਦੀ ਗ੍ਰਾਂਟ ਵੰਡ ਕੇ ਕੇਪੀ ਦਾ ਨਵਾਂ ਆਧਾਰ ਤਿਆਰ ਕੀਤਾ ਸੀ ਪਰ ਸੁਖਵਿੰਦਰ ਕੋਟਲੀ ਨੂੰ ਟਿਕਟ ਦੇ ਕੇ ਕਾਂਗਰਸ ਨੇ ਚੰਨੀ ਦੀ ਮਿਹਨਤ ‘ਤੇ ਪਾਣੀ ਫੇਰ ਦਿੱਤਾ ਤੇ ਹੁਣ ਕੇਪੀ ਬਗ਼ਾਵਤ ਕਰਨ ਵਾਲੇ ਆਗੂਆਂ ਦੀ ਕਤਾਰ ‘ਚ ਖੜ੍ਹੇ ਹੋ ਗਏ ਹਨ।