ਅੰਮ੍ਰਿਤਸਰ – ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਮੀਡੀਆ ਨੂੰ ਇਕ ਪ੍ਰੈਸ ਨੋਟ ਜਾਰੀ ਕਰ ਕੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਨੇਕ ਸਲਾਹ ਦਿੰਦਿਆਂ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਿੱਚ ਕੇਜਰੀਵਾਲ ਸਰਕਾਰ ਰੁਕਾਵਟ ਨਾ ਬਣੇ। ਪਿਛਲੇ ਸਮੇਂ ਦੇ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਚੰਗੇ ਕਦਮ ਉਠਾਏ ਹਨ ਜਿਨ੍ਹਾਂ ਵਿਚ ਕੁਝ ਸਿੰਘਾਂ ਦੀਆਂ ਪੈਰੋਲ ਤੇ ਪੱਕੀਆਂ ਰਿਹਾਈਆਂ ਹੋਈਆਂ ਹਨ ਜਿਵੇਂ ਭਾਈ ਦਇਆ ਸਿੰਘ ਲਾਹੌਰੀਆ ਹਰਨੇਕ ਸਿੰਘ ਭੱਪ ਤੇ ਕਈ ਹੋਰ ਸਿੰਘ ਜਿਹੜੇ ਅੱਜ ਆਪਣੇ ਘਰ ਪਰਿਵਾਰਾਂ ‘ਚ ਆ ਕੇ ਸ਼ਾਂਤਮਈ ਜੀਵਨ ਬਤੀਤ ਕਰ ਰਹੇ ਹਨ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੇ ਲੰਬਾ ਸਮਾਂ ਭਾਰਤ ਦੀਆਂ ਜੇਲ੍ਹਾਂ ‘ਚ ਸੰਤਾਪ ਹੰਢਾਇਆ ਹੈ। ਇਸ ਦੌਰਾਨ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਪਰਿਵਾਰ ਬਿਖਰ ਗਿਆ। ਬਹੁਤ ਵੱਡਾ ਸੰਤਾਪ ਪਰਿਵਾਰ ਨੂੰ ਝੱਲਣਾ ਪਿਆ।
ਪ੍ਰੋ. ਭੁੱਲਰ ਦੇ ਸਤਿਕਾਰਯੋਗ ਪਿਤਾ ਨੂੰ ਅਗਵਾ ਕਰ ਕੇ ਕਿੱਥੇ ਸ਼ਹੀਦ ਕਰ ਦਿੱਤਾ। ਪਤਾ ਵੀ ਨਾ ਲੱਗਾ ਤੇ ਮਾਤਾ ਜੀ ਵੀ ਇਸ ਸੰਤਾਪ ਦੇ ਵਿੱਚ ਪਿਛਲੇ ਸਮੇਂ ਅਕਾਲ ਚਲਾਣਾ ਕਰ ਗਏ। ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਸੰਸਾਰ ਵਿਚ ਵੱਸਦੇ ਸਿੱਖਾਂ ਅਤੇ ਅਮਨ ਪਸੰਦ ਲੋਕਾਂ ਵੱਲੋਂ ਲੰਬੇ ਚਿਰਾਂ ਤੋਂ ਕੋਸ਼ਿਸ਼ਾਂ ਜਾਰੀ ਹਨ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਵੀ ਜਲਦ ਉਨ੍ਹਾਂ ਸਿੱਖਾਂ ਦੀ ਰਿਹਾਈ ਦਾ ਫੈਸਲਾ ਲੈ ਸਕਦੀ ਹੈ। ਅਜਿਹੀ ਆਸ ਕੀਤੀ ਜਾ ਰਹੀ ਹੈ। ਅਜਿਹੇ ਸਮੇਂ ਜਦੋਂ 2022 ਪੰਜਾਬ ਵਿਧਾਨ ਸਭਾ ਇਲੈਕਸ਼ਨ ਹੋ ਰਹੀ ਹੈ ਤਾਂ ਸਿੱਖ ਭਾਵਨਾਵਾਂ ਦੀ ਕਦਰ ਕਰਦੇ ਹੋਏ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ‘ਚ ਕੇਜਰੀਵਾਲ ਸਰਕਾਰ ਨੂੰ ਕੋਈ ਰੁਕਾਵਟ ਨਹੀਂ ਖੜ੍ਹੀ ਕਰਨੀ ਚਾਹੀਦੀ ਸਗੋਂ ਰਿਹਾਈ ਦੀ ਫਾਈਲ ‘ਤੇ ਦਸਤਖ਼ਤ ਕਰ ਕੇ ਮਨੁੱਖੀ ਅਧਿਕਾਰਾਂ ਦੀ ਕਦਰ ਕਰਦੇ ਹੋਏ ਅਮਨ ਪਸੰਦ ਲੋਕਾਂ ਤੇ ਸਿੱਖ ਜਗਤ ਦਾ ਵਿਸਵਾਸ਼ ਜਿੱਤਣਾ ਚਾਹੀਦਾ ਹੈ ਨਹੀਂ ਤਾਂ ਕੇਜਰੀਵਾਲ ਸਰਕਾਰ ਵਲੋਂ ਸਿੱਖ ਜਗਤ ਦੇ ਖਿਲਾਫ਼ ਭੁਗਤਣ ਵਾਲੀ ਗੁਸਤਾਖ਼ੀ ਨੂੰ ਸਿੱਖ ਪੰਥ ਕਦੇ ਮਾਫ਼ ਨਹੀਂ ਕਰੇਗਾ।