ਚੰਡੀਗੜ੍ਹ – ਭਾਰਤੀ ਜਨਤਾ ਪਾਰਟੀ ਦੀ ਸੰਸਦੀ ਕਮੇਟੀ ਦੀ ਬੈਠਕ ਬੁੱਧਵਾਰ ਨੂੰ ਹੋਣ ਜਾ ਰਹੀ ਹੈ। ਜਿਸ ’ਚ ਪੰਜਾਬ ਵਿਧਾਨ ਸਭਾ ਦੀਆਂ ਟਿਕਟਾਂ ਨੂੰ ਲੈ ਕੈ ਫ਼ੈਸਲਾ ਹੋ ਸਕਦਾ ਹੈ। ਕੇਂਦਰੀ ਮੰਤਰੀ ਤੇ ਪੰਜਾਬ ਦੇ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨੇ ਵੀ ਕਿਹਾ ਕਿ ਬੁੱਧਵਾਰ ਸ਼ਾਮ ਤਕ ਟਿਕਟਾਂ ਨੂੰ ਲੈ ਕੇ ਚੰਗੀ ਖ਼ਬਰ ਆ ਸਕਦੀ ਹੈ। ਉੱਥੇ, ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਕੇਂਦਰੀ ਮੰਤਰੀ ਨੇ ਸਪਸ਼ਟ ਕੀਤਾ ਕਿ ਲਗਪਗ ਸਭ ਕੁਝ ਤੈਅ ਹੋ ਚੁੱਕਾ ਹੈ। ਬੁੱਧਵਾਰ ਦੀ ਬੈਠਕ ’ਚ ਇਸ ’ਤੇ ਵੀ ਚਰਚਾ ਹੋਵੇਗੀ।
ਜਾਣਕਾਰੀ ਮੁਤਾਬਕ ਭਾਜਪਾ ਤੇ ਕੈਪਟਨ ਦੀ ਪਾਰਟੀ ’ਚ 4 ਤੋਂ 5 ਸੀਟਾਂ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਜਿਸ ਨੂੰ ਲੈ ਕੇ ਗਜੇਂਦਰ ਸ਼ੇਖਾਵਤ ਨੇ ਮੰਗਲਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਸਥਿਤ ਫਾਰਮ ਹਾਊਸ ’ਤੇ ਬੈਠਕ ਵੀ ਕੀਤੀ। ਜਾਣਕਾਰੀ ਮੁਤਾਬਕ ਇਹ ਉਹ ਸੀਟਾਂ ਹਨ ਜਿੱਥੇ ਭਾਜਪਾ ਵੀ ਚੋਣ ਲੜਨਾ ਚਾਹੁੰਦੀ ਹੈ ਤੇ ਕੈਪਟਨ ਦੀ ਪਾਰਟੀ ਵੀ। ਜਿਸ ਕਾਰਨ ਹੀ ਦੋਵਾਂ: ਆਗੂਆਂ ਨੂੰ ਬੈਠਕ ਕਰਨੀ ਪਈ। ਸੂਤਰਾਂ ਮੁਤਾਬਕ ਦੋਵਾਂ ਆਗੂਆਂ ਨੇ ਇਨ੍ਹਾਂ ਸੀਟਾਂ ਨੂੰ ਲੈ ਕੇ ਇਕ ਰਾਇ ਬਣਾ ਲਈ ਹੈ। ਜਿਸ ਤੋਂ ਬਾਅਦ ਹੀ ਅੱਜ ਹੋਣ ਵਾਲੀ ਸੰਸਦੀ ਕਮੇਟੀ ਦੀ ਬੈਠਕ ’ਚ ਫ਼ੈਸਲਾ ਹੋਵੇਗਾ ਕਿ ਕਿਹੜੀ ਸੀਟ ’ਤੇ ਭਾਜਪਾ ਲੜੇਗੀ ਤੇ ਕਿਸ ਸੀਟ ’ਤੇ ਸਹਿਯੋਗੀ ਦਲ। ਕਿਉਂਕਿ ਭਾਜਪਾ ਤੇ ਪੰਜਾਬ ਲੋਕ ਕਾਂਗਰਸ ਦਰਮਿਆਨ ਹਾਲੇ ਤਕ ਸੀਟਾਂ ਨੂੰ ਲੈ ਕੇ ਆਖ਼ਰੀ ਫ਼ੈਸਲਾ ਨਹੀਂ ਹੋ ਸਕਿਆ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਪਿੱਛੇ ਮੁੱਖ ਕਾਰਨ ਕੈਪਟਨ ਦਾ ਕੋਰੋਨਾ ਪਾਜ਼ੇਟਿਵ ਹੋਣਾ ਵੀ ਸੀ।