ਨਵੀਂ ਦਿੱਲੀ – ਸਾਬਕਾ ਕ੍ਰਿਕਟਰ ਅਤੇ ਮੌਜੂਦਾ ਭਾਜਪਾ ਸੰਸਦ ਗੌਤਮ ਗੰਭੀਰ ਨੇ ਪਿਛਲੇ ਸਾਲ ਸੌਰਵ ਗਾਂਗੁਲੀ ਤੇ ਵਿਰਾਟ ਕੋਹਲੀ ਵਿਚਾਲੇ ਹੋਏ ਵਿਵਾਦ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਮਾਮਲੇ ਨੂੰ ਸ਼ਾਂਤੀਪੂਰਵਕ ਤੇ ਬੰਦ ਦਰਵਾਜ਼ਿਆਂ ਪਿੱਛੇ ਸੁਲਝਾਇਆ ਜਾ ਸਕਦਾ ਸੀ। ਗੌਤਮ ਗੰਭੀਰ ਨੇ ਕਿਹਾ ਕਿ ਮੇਰੇ ਮੁਤਾਬਕ ਇਸ ਮਾਮਲੇ ਨੂੰ ਬੰਦ ਦਰਵਾਜ਼ਿਆਂ ਪਿੱਛੇ ਸੁਲਝਾਉਣਾ ਚਾਹੀਦਾ ਸੀ। ਇਹ ਅੰਦਰੂਨੀ ਮਾਮਲਾ ਸੀ। ਇਹ ਕਈ ਨਿਊਜ਼ ਚੈਨਲਾਂ ਲਈ ਸ਼ਾਨਦਾਰ ਟੀਆਰਪੀ ਵਾਲਾ ਸ਼ੋਅ ਸੀ, ਪਰ ਇਹ ਠੀਕ ਹੈ। ਜੇ ਤੁਸੀਂ ਇਸ ਮਾਮਲੇ ਦੀ ਡੂੰਘਾਈ ਵਿਚ ਜਾਉ, ਤਾਂ ਤੁਸੀਂ ਦੇਖੋਗੇ ਕਿ ਇਸ ਨੂੰ ਆਸਾਨੀ ਨਾਲ ਹੱਲ ਕੀਤਾ ਜਾ ਸਕਦਾ ਸੀ। ਇਹ ਇੰਨਾ ਵੱਡਾ ਵਿਵਾਦ ਨਹੀਂ ਸੀ।
ਇਸ ਦੌਰਾਨ ਗੌਤਮ ਗੰਭੀਰ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਇਸ ਮਾਮਲੇ ਨੂੰ ਪੇਸ਼ ਕੀਤਾ ਗਿਆ, ਮੈਂ ਅਜਿਹਾ ਕੋਈ ਵਿਵਾਦ ਨਹੀਂ ਦੇਖਿਆ। ਗੰਭੀਰ ਨੇ ਕਿਹਾ, ‘ਇਹ ਉਸ ਤਰ੍ਹਾਂ ਦਾ ਵਿਵਾਦ ਨਹੀਂ ਸੀ ਜਿਸ ਤਰ੍ਹਾਂ ਇਹ ਬਣਾਇਆ ਗਿਆ ਸੀ। ਜੇਕਰ ਵਿਰਾਟ ਨੇ ਟੀ-20 ਦੀ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਸੀ ਤਾਂ ਵਨਡੇ ਦੀ ਕਪਤਾਨੀ ਵੀ ਛੱਡ ਦੇਣੀ ਚਾਹੀਦੀ ਸੀ। ਵਾਈਟ-ਬਾਲ ਕ੍ਰਿਕਟ ਦੀ ਕਪਤਾਨੀ ਲਈ ਬੀਸੀਸੀਆਈ ਅਤੇ ਚੋਣਕਾਰਾਂ ਦੀ ਪਹੁੰਚ ਬਿਲਕੁਲ ਸਹੀ ਸੀ। ਮੈਨੂੰ ਲੱਗਦਾ ਹੈ ਕਿ ਵਿਰਾਟ ਨੂੰ ਟੈਸਟ ਟੀਮ ਦੀ ਕਪਤਾਨੀ ਕਰਦੇ ਰਹਿਣਾ ਚਾਹੀਦਾ ਸੀ। ਹਾਲਾਂਕਿ ਇਸ ਨੂੰ ਛੱਡਣਾ ਉਨ੍ਹਾਂ ਦਾ ਨਿੱਜੀ ਫੈਸਲਾ ਸੀ।
ਗੌਰਤਲਬ ਹੈ ਕਿ ਪਿਛਲੇ ਸਾਲ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਹੀ ਵਿਰਾਟ ਨੇ ਸਫੇਦ ਗੇਂਦ ਕ੍ਰਿਕਟ ਦੇ ਇਸ ਸਭ ਤੋਂ ਛੋਟੇ ਫਾਰਮੈਟ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਸੀ। ਟੀ-20 ਵਿਸ਼ਵ ਕਪਤਾਨ ਦੇ ਤੌਰ ‘ਤੇ ਉਨ੍ਹਾਂ ਦਾ ਆਖਰੀ ਟੀ-20 ਟੂਰਨਾਮੈਂਟ ਸੀ। ਇਸ ਤੋਂ ਬਾਅਦ BCCI ਨੇ ਉਨ੍ਹਾਂ ਤੋਂ ਵਨਡੇ ਟੀਮ ਦੀ ਕਪਤਾਨੀ ਖੋਹ ਲਈ। ਇਸ ਦੇ ਪਿੱਛੇ BCCI ਦਾ ਤਰਕ ਸੀ ਕਿ ਟੀ-20 ਅਤੇ ਵਨਡੇ ਵਿੱਚ ਇੱਕ ਹੀ ਕਪਤਾਨ ਹੋਣਾ ਚਾਹੀਦਾ ਹੈ।