India

ਸੁਰਾਂ ਦੀ ਮੱਲਿਕਾ ਲਤਾ ਮੰਗੇਸ਼ਕਰ ਨੂੰ ਅੰਤਿਮ ਵਿਦਾਇਗੀ

ਮੁੰਬਈ – ਭਾਰਤ ਰਤਨ ਅਤੇ ਸੁਰਾਂ ਦੀ ਮੱਲਿਕਾ ਲਤਾ ਮੰਗੇਸ਼ਕਰ ਦਾ ਐਤਵਾਰ ਨੂੰ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ। ਮੁੰਬਈ ਦੇ ਸ਼ਿਵਾਜੀ ਪਾਰਕ ‘ਚ ਪੂਰੇ ਰਾਜਕੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਨੂੰ ਉਨ੍ਹਾਂ ਦੇ ਭਤੀਜੇ ਆਦੀਨਾਥ ਨੇ ਮੁੱਖਾਗਨੀ ਦਿੱਤੀ। ਇਸ ਮੌਕੇ ਲਤਾ ਦੇ ਹਜ਼ਾਰਾਂ ਪ੍ਰਸ਼ੰਸਕ ਅਤੇ ਪਰਿਵਾਰਕ ਮੈਂਬਰ ਮੌਜੂਦ ਸਨ। ਲਤਾ ਦੇ ਅੰਤਿਮ ਸੰਸਕਾਰ ‘ਚ ਫਿਲਮ ਜਗਤ ਤੋਂ ਲੈ ਕੇ ਸਿਆਸੀ ਅਤੇ ਖੇਡ ਜਗਤ ਦੀਆਂ ਮਸ਼ਹੂਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਭੇਟ ਕਰਨ ਮੁੰਬਈ ਪਹੁੰਚੇ। ਸ਼ਾਹਰੁਖ ਖਾਨ ਅਤੇ ਮੁੱਖ ਮੰਤਰੀ ਊਧਵ ਠਾਕਰੇ ਨੇ ਲਤਾ ਨੂੰ ਸ਼ਰਧਾਂਜਲੀ ਦਿੱਤੀ। ਲਤਾ ਮੰਗੇਸ਼ਕਰ ਦੇ ਅੰਤਿਮ ਦਰਸ਼ਨਾਂ ਲਈ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਵੀ ਉੱਥੇ ਪੁੱਜੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਤਾ ਮੰਗੇਸ਼ਕਰ ਦੇ ਅੰਤਿਮ ਸੰਸਕਾਰ ਅਤੇ ਸ਼ਰਧਾਂਜਲੀ ਦੇਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਪੀਐੱਮ ਮੋਦੀ ਨੇ ਸੀ.ਐੱਮ. ਊਧਵ ਨਾਲ ਵੀ ਮੁਲਾਕਾਤ ਕੀਤੀ ਅਤੇ ਫਿਰ ਉਥੋਂ ਚਲੇ ਗਏ।

ਲਤਾ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ‘ਚ ਲੋਕ ਸੜਕਾਂ ‘ਤੇ ਆ ਗਏ ਅਤੇ ਕਾਫ਼ਲਾ ਜਾਰੀ ਰਿਹਾ। ਪੁਲਿਸ ਅਤੇ ਸੈਨਾ ਨੇ ਮੰਗੇਸ਼ਕਰ ਨੂੰ ਰਸਮੀ ਸਲਾਮੀ ਦਿੱਤੀ ਅਤੇ ਇੱਕ ਬੈਂਡ ਨੇ ਰਾਸ਼ਟਰੀ ਗੀਤ ਵਜਾਇਆ। ਇਸ ਤੋਂ ਬਾਅਦ ਮੰਗੇਸ਼ਕਰ ਦੀ ਦੇਹ ਨੂੰ ਫੁੱਲਾਂ ਨਾਲ ਸਜੇ ਟਰੱਕ ‘ਤੇ ਰੱਖਿਆ ਗਿਆ ਅਤੇ ਉਨ੍ਹਾਂ ‘ਚ ਗਾਇਕਾ ਦੀ ਵੱਡੀ ਤਸਵੀਰ ਵੀ ਲਗਾਈ ਗਈ। ਟਰੱਕ ਵਿਚ ਮੰਗੇਸ਼ਕਰ ਦੀ ਭੈਣ ਅਤੇ ਮਸ਼ਹੂਰ ਗਾਇਕਾ ਆਸ਼ਾ ਭੌਂਸਲੇ ਸਣੇ ਉਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰ ਵੀ ਮ੍ਰਿਤਕ ਦੇਹ ਦੇ ਨਾਲ ਸਨ। ਇਸ ਮੌਕੇ ਮਹਾਰਾਸ਼ਟਰ ਦੇ ਮੰਤਰੀ ਆਦਿਤਿਆ ਠਾਕਰੇ ਵੀ ਮੌਜੂਦ ਸਨ।

ਦਰਦ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ – ਮੋਦੀ

ਲਤਾ ਮੰਗੇਸ਼ਕਰ ਦੇ ਦਿਹਾਂਤ ‘ਤੇ ਸੋਗ ਪ੍ਰਗਟ ਕਰਦਿਆਂ ਪੀਐਮ ਮੋਦੀ ਨੇ ਕਿਹਾ, ‘ਮੈਂ ਆਪਣੇ ਦਰਦ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਲਤਾ ਦੀਦੀ ਸਾਨੂੰ ਛੱਡ ਕੇ ਚਲੀ ਗਈ ਹੈ। ਉਹ ਸਾਡੇ ਦੇਸ਼ ਵਿੱਚ ਇੱਕ ਖਾਲੀਪਨ ਛੱਡ ਗਏ ਹਨ,ਜਿਸਨੂੰ ਭਰਿਆ ਨਹੀਂ ਜਾ ਸਕਦਾ। ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਨੂੰ ਭਾਰਤੀ ਸੰਸਕ੍ਰਿਤੀ ਦੇ ਇੱਕ ਦਿਗੱਜ ਵਜੋਂ ਯਾਦ ਰੱਖਣਗੀਆਂ, ਜਿਨ੍ਹਾਂ ਦੀ ਸੁਰੀਲੀ ਆਵਾਜ਼ ਵਿੱਚ ਲੋਕਾਂ ਨੂੰ ਮੰਤਰਮੁਗਧ ਕਰਨ ਦੀ ਬੇਮਿਸਾਲ ਸਮਰੱਥਾ ਸੀ।”

ਪੀਐੱਮ ਮੋਦੀ ਤੋਂ ਇਲਾਵਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਲਤਾ ਮੰਗੇਸ਼ਕਰ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,” ਲਤਾ ਜੀ ਦਾ ਦਿਹਾਂਤ ਮੇਰੇ ਲਈ ਵੀ ਦੁਖਦਾਈ ਹੈ, ਜਿਵੇਂ ਕਿ ਦੁਨੀਆ ਭਰ ਦੇ ਲੱਖਾਂ ਲੋਕਾਂ ਲਈ ਹੈ। ਉਨ੍ਹਾਂ ਦੇ ਗੀਤਾਂ ਦੀ ਵਿਸ਼ਾਲ ਸ਼੍ਰੇਣੀ ਵਿੱਚ, ਭਾਰਤ ਦੇ ਸਾਰ ਤੇ ਸੁੰਦਰਤਾ ਨੂੰ ਪੇਸ਼ ਕਰਦੇ ਹੋਏ, ਪੀੜ੍ਹੀਆਂ ਨੇ ਆਪਣੀਆਂ ਅੰਦਰੂਨੀ ਭਾਵਨਾਵਾਂ ਦਾ ਪ੍ਰਗਟਾਵਾ ਪਾਇਆ । ਉਨ੍ਹਾਂ ਦੀਆਂ ਪ੍ਰਾਪਤੀਆਂ ਬੇਮਿਸਾਲ ਹੋਣਗੀਆਂ।

ਭਾਰਤ ਰਤਨ ਗਾਇਕਾ ਲਤਾ ਮੰਗੇਸ਼ਕਰ ਦਾ ਐਤਵਾਰ ਨੂੰ 92 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ । ਲਤਾ ਮੰਗੇਸ਼ਕਰ ਨੂੰ 8 ਜਨਵਰੀ ਨੂੰ ਕੋਰੋਨਾ ਅਤੇ ਨਿਮੋਨੀਆ ਦੇ ਚੱਲਦਿਆਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ। 92 ਸਾਲਾਂ ਲਤਾ ਜੀ ਨੇ 36 ਭਾਸ਼ਾਵਾਂ ਵਿੱਚ 50 ਹਜ਼ਾਰ ਗੀਤ ਗਾਏ, ਜੋ ਕਿਸੇ ਵੀ ਗਾਇਕ ਲਈ ਇੱਕ ਰਿਕਾਰਡ ਹਨ । ਉਨ੍ਹਾਂ ਨੇ 1000 ਤੋਂ ਵੱਧ ਫਿਲਮਾਂ ਵਿੱਚ ਆਪਣੀ ਆਵਾਜ਼ ਦਿੱਤੀ। 1960 ਤੋਂ 2000 ਤੱਕ ਇੱਕ ਅਜਿਹਾ ਦੌਰ ਸੀ ਜਦੋਂ ਲਤਾ ਮੰਗੇਸ਼ਕਰ ਦੀ ਆਵਾਜ਼ ਤੋਂ ਬਿਨ੍ਹਾਂ ਫ਼ਿਲਮਾਂ ਅਧੂਰੀਆਂ ਮੰਨੀਆਂ ਜਾਂਦੀਆਂ ਸਨ। ਉਨ੍ਹਾਂ ਦੀ ਆਵਾਜ਼ ਗੀਤਾਂ ਦੇ ਹਿੱਟ ਹੋਣ ਦੀ ਗਾਰੰਟੀ ਹੋਇਆ ਕਰਦੀ ਸੀ । 2000 ਤੋਂ ਬਾਅਦ ਉਨ੍ਹਾਂ ਨੇ ਫਿਲਮਾਂ ਵਿੱਚ ਗਾਉਣਾ ਘਟਾ ਦਿੱਤਾ ਅਤੇ ਕੁਝ ਚੋਣਵੀਆਂ ਫਿਲਮਾਂ ਵਿੱਚ ਹੀ ਗਾਇਆ। ਉਨ੍ਹਾਂ ਦਾ ਆਖਰੀ ਗੀਤ 2015 ਦੀ ਫਿਲਮ ਡੁਨੋ ਵਾਯ ਵਿੱਚ ਸੀ। ‘ਭਾਰਤ ਰਤਨ’ ਲਤਾ ਮੰਗੇਸ਼ਕਰ ਦੇ ਦਿਹਾਂਤ ਨਾਲ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਹੈ। ਲਤਾ ਮੰਗੇਸ਼ਕਰ ਦੇ ਦਿਹਾਂਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਨੇ ਸੋਗ ਪ੍ਰਗਟ ਕੀਤਾ ਹੈ।

Related posts

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin

ਸੰਯੁਕਤ ਰਾਸ਼ਟਰ 2025 ਦੀ ਨਹੀਂ, 1945 ਦੀਆਂ ਹਕੀਕਤਾਂ ਨੂੰ ਦਰਸਾਉਂਦਾ ਹੈ: ਐਸ. ਜੈਸ਼ੰਕਰ

admin