ਕੈਨਬਰਾ – ਆਸਟ੍ਰੇਲੀਆ ਅਤੇ ਲਿਥੁਆਨੀਆ ਦੇ ਵਿਦੇਸ਼ ਮੰਤਰੀ ਰਣਨੀਤੀ ਚੁਣੌਤੀਆਂ ‘ਤੇ ਸਹਿਯੋਗ ਵਧਾਉਣ ਲਈ ਸਹਿਮਤ ਹੋਏ ਹਨ , ਜਿਸ ਵਿਚ ਖਾਸਤੌਰ ‘ਤੇ ਚੀਨ ਦੇ ਦਬਾਅ ਨਾਲ ਨਜਿੱਠਣਾ ਸ਼ਾਮਲ ਹੈ। ਲਿਥੁਆਨੀਆ ਦੇ ਵਿਦੇਸ਼ ਮੰਤਰੀ ਗੇਬਰੀਏਲੀਆਸ ਲੈਂਡਸਬਰਗਿਸ ਅਤੇ ਉਹਨਾਂ ਦੇ ਆਸਟ੍ਰੇਲੀਅਨ ਹਮਰੁਤਬਾ ਮਾਰਿਸ ਪਾਇਨੇ ਨੇ ਸੰਸਦ ਭਵਨ ਵਿੱਚ ਮੁਲਾਕਾਤ ਕੀਤੀ।
ਬੀਜਿੰਗ ਨਾਲ ਵਿਗੜਦੇ ਰਿਸ਼ਤਿਆਂ ਵਿਚਕਾਰ ਕੋਲਾ, ਸ਼ਰਾਬ, ਗੋਮਾਂਸ, ਕ੍ਰੈਫਿਸ਼ ਅਤੇ ਜੌ ਦੇ ਵਪਾਰ ‘ਤੇ ਚੀਨ ਦੀਆਂ ਰਸਮੀ ਅਤੇ ਗੈਰ ਰਸਮੀ ਪਾਬੰਦੀਆਂ ਤੋਂ ਆਸਟ੍ਰੇਲੀਅਨ ਐਕਸਪੋਰਟਾਂ ਨੂੰ ਅਰਬਾਂ ਡਾਲਰ ਦਾ ਨੁਕਸਾਨ ਝੱਲਣਾ ਪਿਆ ਹੈ। ਉੱਥੇ ਬਾਲਟਿਕ ਖੇਤਰ ਵਿੱਚ ਸਥਿਤ ਲਗਭਗ 28 ਲੱਖ ਆਬਾਦੀ ਵਾਲਾ ਦੇਸ਼ ਲਿਥੁਆਨੀਆ ਬੀਤੇ ਦਿਨੀਂ ਉਸ ਸਮੇਂ ਚੀਨ ਦੇ ਨਿਸ਼ਾਨੇ ‘ਤੇ ਆ ਗਿਆ, ਜਦੋਂ ਉਸਨੇ ਰਾਜਨੀਤਕ ਪਰੰਪਰਾ ਨੂੰ ਤੋੜਦੇ ਹੋਏ ਇਸ ਗੱਲ ਦੀ ਘੋਸ਼ਣਾ ਕੀਤੀ ਕਿ ਰਾਜਧਾਨੀ ਵਿਲਨਿਆਸ ਵਿੱਚ ਮੌਜੂਦ ਤਾਇਵਾਨ ਦੇ ਦਫ਼ਤਰ ‘ਤੇ ‘ਚੀਨੀ ਤਾਈਪੇ’ ਦੀ ਜਗ੍ਹਾ ‘ਤਾਇਵਾਨ’ ਨਾਮ ਲਿਖਿਆ ਜਾਵੇਗਾ।
ਕਈ ਦੇਸ਼ ਚੀਨ ਦੀ ਨਾਰਾਜ਼ਗੀ ਤੋਂ ਬਚਣ ਲਈ ਤਾਇਵਾਨ ਦੀ ਜਗ੍ਹਾ ‘ਚੀਨੀ ਤਾਇਪੇ’ ਨਾਮ ਦੀ ਵਰਤੋਂ ਕਰਦੇ ਹਨ। ਲੈਂਡਸਬਰਿਸ ਨੇ ਕਿਹਾ ਕਿ ਕਾਫੀ ਸਮੇਂ ਤੋਂ ਆਸਟ੍ਰੇਲੀਆ ਉਹਨਾਂ ਪ੍ਰਮੁੱਖ ਦੇਸ਼ਾਂ ਵਿੱਚ ਸ਼ਾਮਲ ਰਿਹਾ ਹੈ, ਜਿੱਥੇ ਚੀਨ ਅਰਥਵਿਵਸਥਾ ਅਤੇ ਵਪਾਰ ਨੂੰ ਇੱਕ ਸਿਆਸੀ ਉਪਕਰਨ ਜਾਂ ਇਹ ਵੀ ਕਹਿ ਸਕਦੇ ਹਾਂ ਕਿ ਇਕ ਇੱਕ ਸਿਆਸੀ ਹਥਿਆਰ ਦੇ ਰੂਪ ਵਿੱਚ ਵਰਤਦਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਹੁਣ ਲਿਥੁਆਨੀਆ ਇਸ ਖਾਸ ਕਲੱਬ ‘ਚ ਸ਼ਾਮਲ ਹੋ ਗਿਆ ਹੈ ਪਰ ਇਹ ਯਕੀਨੀ ਤੌਰ ‘ਤੇ ਸਪੱਸ਼ਟ ਹੈ ਕਿ ਅਸੀਂ ਆਖਰੀ ਦੇਸ਼ ਨਹੀਂ ਹਾਂ। ਪਾਇਨੇ ਨੇ ਕਿਹਾ ਕਿ ਉਹ ਲੈਂਡਸਬਰਿਸ ਦੇ ਇਸ ਵਿਚਾਰ ਨੂੰ ਸਵੀਕਾਰ ਕਰਦੇ ਹਨ ਕਿ ਸਮਾਨ ਵਿਚਾਰਧਾਰਾ ਵਾਲੇ ਦੇਸ਼ਾਂ ਨੂੰ ਇੱਕ ਸਾਂਝੇ ਦ੍ਰਿਸ਼ਟੀਕੋਣ ਨਾਲ ਅੰਤਰਰਾਸ਼ਟਰੀ ਨਿਯਮ-ਆਧਾਰਿਤ ਵਿਵਸਥਾ, ਮੁਕਤ ਅਤੇ ਖੁੱਲ੍ਹਾ ਵਪਾਰ, ਪਾਰਦਰਸ਼ਿਤਾ, ਸੁਰੱਖਿਆ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਮਿਲਕੇ ਕੰਮ ਕਰਨਾ ਚਾਹੀਦਾ ਹੈ। ਪਾਇਨੇ ਨੇ ਕਿਹਾ ਕਿ ਅਜਿਹੇ ਕਈ ਸਹਿਯੋਗੀ ਹਨ, ਜਿਹਨਾਂ ਨਾਲ ਵਿਦੇਸ਼ ਮੰਤਰੀ (ਲੈਂਡਸਬਰਿਸ) ਅਤੇ ਮੈਂ ਇਹਨਾਂ ਮੁੱਦਿਆਂ ‘ਤੇ ਮਿਲ ਕੇ ਕੰਮ ਕਰਦੇ ਹਾਂ। ਮੈਨੂੰ ਲੱਗਦਾ ਹੈ ਕਿ ਇਸ ਦੇ ਜ਼ਰੀਏ ਅਸੀਂ ਦਬਾਅ ਅਤੇ ਨਿਰੰਕੁਸ਼ਤਾ ‘ਤੇ ਸਾਡੀ ਗੈਰ ਸਵੈਕ੍ਰਿਤੀ ਬਾਰੇ ਸਭ ਤੋਂ ਸਪੱਸ਼ਟ ਸੰਦੇਸ਼ ਦੇ ਰਹੇ ਹਾਂ।