ਮਾਨਸਾ – ਵਿਧਾਨ ਸਭਾ ਹਲਕਾ ਮਾਨਸਾ ਤੋਂ ਕਾਂਗਰਸੀ ਉਮੀਦਵਾਰ ਸ਼ੂਭਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਕਾਂਗਰਸੀ ਆਗੂਆਂ ਨਾਲ ਹਲਕੇ ਦੇ ਕਸਬਾ ਭੀਖੀ , ਪਿੰਡ ਮੱਤੀ, ਸਮਾਓ ਸਮੇਤ ਮਾਨਸਾ ਸ਼ਹਿਰ ‘ਚ ਵੱਖ-ਵੱਖ ਥਾਵਾਂ ਉਤੇ ਡੋਰ ਟੂ ਡੋਰ ਜਾ ਕੇ 20 ਫਰਵਰੀ 2022 ਨੂੰ ਕਾਂਗਰਸ ਦੀ ਮੁੜ ਸਰਕਾਰ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨੂੰ ਹਲਕੇ ਦੇ ਲੋਕਾਂ ਨੇ ਆਪ ਮੁਹਾਰੇ 29 ਥਾਵਾਂ ‘ਤੇ ਲੱਡੂਆਂ ਅਤੇ ਫਲਾਂ ਨਾਲ ਤੋਲਿਆ। ਉਨ੍ਹਾਂ ਨੇ ਕਾਂਗਰਸ ਅਤੇ ਸਿੱਧੂ ਮੂਸੇਵਾਲਾ ਦੇ ਹੱਕ ‘ਚ ਜਿੱਤ ਦੇ ਨਾਅਰੇ ਵੀ ਲਾਏ। ਇਸ ਮੌਕੇ ਲੋਕਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਕਾਂਗਰਸ ਦੀ ਚੰਨੀ ਸਰਕਾਰ ਨੇ ਬਹੁਤ ਘੱਟ ਸਮੇ ‘ਚ ਪੰਜਾਬ ਦੇ ਲੋਕਾਂ ਵੱਡੇ ਮਸਲੇ ਹੱਲ ਕਰਕੇ ਲੋਕਾਂ ਦਾ ਮਨ ਜਿੱਤਿਆ ਹੈ। ਇਸ ਕਾਰਨ ਪੰਜਾਬ ਦੇ ਲੋਕ ਮੁੜ ਕਾਂਗਰਸ ਦੀ ਸਰਕਾਰ ਬਨਣ ਜਾ ਰਹੀ ਹੈ। ਉਨ੍ਹਾਂ ਵਿਸਵਾਸ਼ ਦਿੱਤਾ ਕਿ ਹਲਕੇ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਹਨ, ਉਹ ਸਮੇਂ ਸਿਰ ਪੂਰੇ ਕੀਤੇ ਜਾਣਗੇ। ਆਮ ਆਦਮੀ ਪਾਰਟੀ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦਾ ਕੋਈ ਵਜ਼ੂਦ ਨਹੀਂ। ਪਿਛਲੀਆਂ ਵਿਧਾਨ ਸਭਾ ਚੋਣਾਂ ਵਾਂਗ ਇਸ ਵਾਰ ਵੀ ਸੂਬੇ ਦੇ ਲੋਕ ਭਰਮ ਭੁਲੇਖੇ ਦੂਰ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਆਪ ਕਨਵੀਨਰ ਕੇਜਰੀਵਾਲ ਦੀਆਂ ਝੂਠੀਆਂ ਗਰੰਟੀਆਂ ਤੋਂ ਸੁਚੇਤ ਰਹਿ ਕੇ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਜਾਵੇ। ਜਿਸ ਨਾਲ ਪੰਜਾਬ ਅੰਦਰ ਮੁੜ ਚੰਨੀ ਸਰਕਾਰ ਬਣਨ ‘ਤੇ ਵਿਕਾਸ ਦੀ ਰਫਤਾਰ ਹੋਰ ਤੇਜ਼ ਹੋਵੇਗੀ। ਇਸ ਮੌਕੇ ਮਾਨਸਾ ਸ਼ਹਿਰ ਅਤੇ ਪਿੰਡਾਂ ‘ਚ ਲੋਕਾਂ ਨੇ ਕਾਂਗਰਸ ਅਤੇ ਸਿੱਧੂ ਮੂਸੇਵਾਲਾ ਦੀ ਜਿੱਤ ਦੇ ਨਾਅਰੇ ਵੀ ਲਾਏ।
ਮੂਸੇਵਾਲਾ ਖ਼ਿਲਾਫ਼ ਇੱਕ ਹੋਰ ਕੇਸ ਦਰਜ
ਪੰਜਾਬ ਦੇ ਮਾਨਸਾ ਜ਼ਿਲ੍ਹੇ ਤੋਂ ਕਾਂਗਰਸੀ ਉਮੀਦਵਾਰ ਤੇ ਵਿਵਾਦਤ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਇਕ ਵਾਰ ਮੁੜ ਵਿਵਾਦਾਂ ‘ਚ ਘਿਰ ਗਏ ਹਨ। ਦਰਅਸਲ, ਇਸ ਵਾਰ ਸਿੱਧੂ ਮੂਸੇ ਵਾਲਾ ਵਕੀਲਾਂ ਨੂੰ ਲੈ ਕੇ ਵਿਵਾਦਾਂ ‘ਚ ਆਏ ਹਨ।ਐਡਵੋਕੇਟ ਸੁਨੀਲ ਕੁਮਾਰ ਮੱਲ੍ਹਣ ਵੱਲੋਂ ਜ਼ਿਲ੍ਹਾ ਅਦਾਲਤ ‘ਚ ਸਿੱਧੂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ। ਐਡਵੋਕੇਟ ਮੱਲ੍ਹਣ ਦਾ ਕਹਿਣਾ ਹੈ ਕਿ ਸਿੱਧੂ ਮੂਸੇ ਵਾਲਾ ਦੇ ‘ਸੰਜੂ’ ਗੀਤ ‘ਚ ਵਕੀਲਾਂ ਲਈ ਅਪਮਾਨਜਨਕ ਸ਼ਬਦਾਵਲੀ ਵਰਤੀ ਗਈ ਹੈ। ਇਹ ਸਭ ਸਿੱਧੂ ਮੂਸੇ ਵਾਲਾ ਨੇ ਜਾਣਬੁੱਝ ਕੇ ਵਕੀਲਾਂ ਦੇ ਅਕਸ ਨੂੰ ਢਾਹ ਲਾਉਣ ਲਈ ਕੀਤਾ ਹੈ। ਮੂਸੇ ਵਾਲਾ ਨੇ ਇਸ ਗੀਤ ਨੂੰ ਜਾਣਬੁੱਝ ਕੇ ਗਲਤ ਇਰਾਦੇ ਨਾਲ ਰਿਲੀਜ਼ ਕਰਕੇ ਨਿਆਂ ਪ੍ਰਣਾਲੀ ਦਾ ਅਕਸ ਖ਼ਰਾਬ ਕਰਨ ਦਾ ਕੰਮ ਕੀਤਾ ਹੈ। ਸਿੱਧੂ ਆਪਣੀ ਗਾਇਕੀ ਦੇ ਅੰਦਾਜ਼ ਨੂੰ ਲੈ ਕੇ ਵੀ ਕਈ ਵਾਰ ਵਿਵਾਦਾਂ ‘ਚ ਘਿਰ ਚੁੱਕਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਤੋਂ ਪਹਿਲਾਂ ਉਸ ਖਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਕੇਸ ਦਾਇਰ ਕੀਤਾ ਗਿਆ ਹੈ।ਦੱਸ ਦਈਏ ਕਿ ਐਡਵੋਕੇਟ ਮੱਲ੍ਹਣ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਆਪਣੇ ਗੀਤਾਂ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਹਿੰਸਾ ਅਤੇ ਦੰਗਿਆਂ ਲਈ ਪ੍ਰੇਰਿਤ ਕਰ ਰਿਹਾ ਹੈ। ਉਨ੍ਹਾਂ ਸਿੱਧੂ ‘ਤੇ ਗੰਨ ਕਲਚਰ ਨੂੰ ਹੱਲਾਸ਼ੇਰੀ ਦੇਣ ਦੇ ਵੀ ਦੋਸ਼ ਲਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਨੇ ਗੀਤ ‘ਚ ਭੱਦੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਹੈ। ਐਡਵੋਕੇਟ ਨੇ 15 ਜੁਲਾਈ 2021 ਨੂੰ ਸਿੱਧੂ ਮੂਸੇ ਵਾਲਾ ਨੂੰ ਇਸ ਗੀਤ ਬਾਰੇ ਕਾਨੂੰਨੀ ਨੋਟਿਸ ਵੀ ਭੇਜਿਆ ਸੀ, ਜਿਸ ਦਾ ਉਸ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਸੀ। ਸਿੱਧੂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਤੋਂ ਇਲਾਵਾ ‘ਸੰਜੂ’ ਗੀਤ ਤੋਂ ਕਮਾਏ ਪੈਸੇ ਵਕੀਲਾਂ ਨੂੰ ਮੁਆਵਜ਼ੇ ਵਜੋਂ ‘ਬਾਰ ਕੌਂਸਲ ਆਫ਼ ਪੰਜਾਬ ਹਰਿਆਣਾ’ ਦੇ ਐਡਵੋਕੇਟ ਵੈਲਫੇਅਰ ਫੰਡ ‘ਚ ਪਾਉਣ ਦੀ ਮੰਗ ਕੀਤੀ ਗਈ।