Punjab

ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ

ਸੋਨੀਪਤ – ਪੰਜਾਬੀ ਅਦਾਕਾਰ ਅਤੇ ਕਿਸਾਨ ਅੰਦੋਲਨ ਦੌਰਾਨ ਚਰਚਾ ਵਿੱਚ ਆਏ ਦੀਪ ਸਿੱਧੂ ਦਾ ਮੰਗਲਵਾਰ ਸ਼ਾਮ ਕੁੰਡਲੀ ਮਾਨੇਸਰ (ਕੇ.ਐਮ.ਪੀ.ਐਲ.) ਹਾਈਵੇਅ ‘ਤੇ ਸੜਕ ਹਾਦਸੇ ਵਿਚ  ਦਿਹਾਂਤ ਹੋ ਗਿਆ ਹੈ। ਅਦਾਕਾਰ ਦੀਪ ਸਿੱਧੂ ਆਪਣੇ ਸਾਥੀਆਂ ਨਾਲ ਦਿੱਲੀ ਤੋਂ ਵਾਪਸ ਪੰਜਾਬ ਦੇ ਬਠਿੰਡਾ ਆਪਣੇ ਘਰ ਵੱਲ ਆ ਰਹੇ ਸਨ। ਪੁਲਸ ਦੀ ਸ਼ੁਰੂਆਤੀ ਜਾਂਚ ‘ਚ ਪਤਾ ਚੱਲਿਆ ਹੈ ਕਿ ਸਕਾਰਪੀਓ ਚਲਾਉਂਦੇ ਸਮੇਂ ਅਚਾਨਕ ਦੀਪ ਸਿੱਧੂ ਨੂੰ ਉਥੇ ਟਰਾਲਾ ਖੜ੍ਹਾ ਦਿਖਿਆ। ਉਨ੍ਹਾਂ ਨੇ ਗੱਡੀ ਘੁੰਮਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਟਰਾਲੇ ਨਾਲ ਟੱਕਰ ਨਾ ਹੋਵੇ ਪਰ ਉਨ੍ਹਾਂ ਦੀ ਗੱਡੀ ਡਿਵਾਈਡਰ ਸਾਈਡ ਤੋਂ ਟਰਾਲੇ ਦੇ ਪਿੱਛੇ ਜਾ ਵੱਜੀ। ਦੀਪ ਸਿੱਧੂ ਖੁਦ ਸਕਾਰਪਿਓ ਗੱਡੀ ਚਲਾ ਰਹੇ ਸਨ, ਇਸ ਲਈ ਉਨ੍ਹਾਂ ਦੀ ਹਾਦਸੇ ਦੇ ਸਮੇਂ ਹੀ ਮੌਤ ਹੋ ਗਈ। ਦੀਪ ਸਿੱਧੂ ਦੀ ਮ੍ਰਿਤਕ ਦੇਹ ਨੂੰ ਖਰਖੋਦਾ ਦੇ ਸੀਐੱਸਸੀ ਵਿੱਚ ਲਿਆਂਦਾ ਗਿਆ ਹੈ। ਸੋਨੀਪਤ ਪੁਲਿਸ ਬੁਲਾਰੇ ਜਗਜੀਤ ਸਿੰਘ ਨੇ ਦੀਪ ਸਿੱਧੂ ਦੀ ਹਾਦਸੇ ਵਿੱਚ ਹੋਈ ਮੌਤ ਦੀ ਪੁਸ਼ਟੀ ਕੀਤੀ ਹੈ। ਸੋਨੀਪਤ ਦੇ ਐੱਸਪੀ ਰਾਹੁਲ ਸ਼ਰਮਾ ਨੇ ਦੱਸਿਆ, “ਸਾਨੂੰ ਕਰੀਬ ਰਾਤ 9.30 ਵਜੇ ਪਤਾ ਲਗਿਆ ਕਿ ਕੇਐੱਮਪੀ ਹਾਈਵੇ ਉੱਤੇ ਇੱਕ ਸੜਕ ਹਾਦਸਾ ਹੋਇਆ ਹੈ ਜਿਸ ਵਿੱਚ ਸਵਾਰ ਦੀਪ ਸਿੱਧੂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਇੱਕ ਮਹਿਲਾ ਸਾਥੀ ਵੀ ਸੀ। ਜਦੋਂ ਦੀਪ ਸਿੱਧੂ ਦੀ ਸਕਾਰਪੀਓ (ਪੀਬੀ 10 ਜੀ ਕੇ 7047) ਹਾਦਸੇ ਦਾ ਸ਼ਿਕਾਰ ਹੋਈ ਤਾਂ ਉਸ ਦੇ ਨਾਲ ਉਸ ਦੀ ਮਹਿਲਾ ਦੋਸਤ ਵੀ ਸੀ। ਮਹਿਲਾ ਦੋਸਤ ਦਾ ਨਾਂ ਰੀਨਾ ਹੈ ਅਤੇ ਉਹ ਅਮਰੀਕਾ ਦੀ ਰਹਿਣ ਵਾਲੀ ਹੈ। ਰੀਨਾ ਡਰਾਈਵਰ ਦੇ ਨਾਲ ਵਾਲੀ ਸੀਟ ‘ਤੇ ਬੈਠੀ ਸੀ। ਉਹ ਸਕਾਰਪੀਓ ਗੱਡੀ ਦੀ ਸਾਈਡ ਟਰਾਲੀ ਨਾਲ ਟਕਰਾ ਗਈ, ਜਿਸ ਕਾਰਨ ਉਸ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਰੀਨਾ ਨੂੰ ਸੋਨੀਪਤ ਦੇ ਖਰਖੌਦਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲੀਸ ਨੇ ਉਸ ਕੋਲੋਂ ਘਟਨਾ ਸਬੰਧੀ ਪੁੱਛਗਿੱਛ ਕੀਤੀ। ਹੁਣ ਤੱਕ ਦੀ ਜਾਂਚ ਵਿੱਚ ਇਹ ਆਇਆ ਹੈ ਕਿ ਦੀਪ ਸਿੱਧੂ ਖੁਦ ਹੀ ਗੱਡੀ ਚਲਾ ਰਹੇ ਸਨ। ਉਹ ਸਕਾਰਪਿਓ ਵਿੱਚ ਜਾ ਰਹੇ ਸਨ। ਮੌਕੇ ਉੱਤੇ ਇੱਕ 22 ਟਾਇਰਾ ਟਰੱਕ ਮਿਲਿਆ ਹੈ। ਅਜੇ ਸਾਡੀ ਟੀਮ ਜਾਂਚ ਕਰ ਰਹੀ ਹੈ। ਇਹ ਕਹਿਣਾ ਸੰਭਵ ਨਹੀਂ ਹੈ ਕਿ ਟਰੱਕ ਖੜ੍ਹਾ ਸੀ ਜਾਂ ਚੱਲ ਰਿਹਾ ਸੀ ਪਰ ਇਹ ਸੜਕ ਦੇ ਬਿਲਕੁਲ ਵਿਚਕਾਰ ਹੋਇਆ ਹੈ। ਪੋਸਟਮਾਰਟਮ ਬੁੱਧਵਾਰ ਸਵੇਰੇ ਹੋਵੇਗਾ।”

ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿਚ ਅਪ੍ਰੈਲ 1984 ਵਿਚ ਜਨਮੇ ਦੀਪ ਸਿੱਧੂ ਨੇ ਲਾਅ ਦੀ ਪੜ੍ਹਾਈ ਕੀਤੀ ਹੋਈ ਸੀ ਤੇ ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਦੀਪ ਦੇ ਪਿਤਾ ਸ. ਸੁਰਜੀਤ ਸਿੰਘ ਪੇਸ਼ੇ ਤੋਂ ਵਕੀਲ ਹਨ ਤੇ ਉਨ੍ਹਾਂ ਦੇ ਤਿੰਨ ਪੁੱਤਰ ਹਨ ਜਿਨ੍ਹਾਂ ਵਿਚੋਂ ਨਵਦੀਪ ਸਿੰਘ ਇਸ ਸਮੇਂ ਕੈਨੇਡਾ ਵਿੱਚ ਅਤੇ ਮਨਦੀਪ ਵਕਾਲਤ ਕਰਦਾ ਹੈ ਅਤੇ ਤੀਜੇ ਦੀਪ ਸਿੱਧੂ ਸੀ। ਉਹ ਕਿੰਗਫਿਸ਼ਰ ਮਾਡਲ ਹੰਟ ਦੇ ਜੇਤੂ ਵੀ ਰਹਿ ਚੁੱਕੇ ਸਨ। ਉਹ ਮਿਸਟਰ ਇੰਡੀਆ ਕਾਂਟੈਸਟ ਵਿਚ ਮਿਸਟਰ ਪਰਸਨੈਲਿਟੀ ਦਾ ਖਿਤਾਬ ਵੀ ਜਿੱਤ ਚੁੱਕੇ ਸਨ। ਇਸ ਤੋਂ ਇਲਾਵਾਂ ਦੀਪ ਸਿੱਧੂ ਦੀ ਸਭ ਤੋਂ ਪਹਿਲੀ ਪੰਜਾਬੀ ਫਿਲਮ 2015 ਵਿੱਚ ਰਿਲੀਜ਼ ਹੋਈ ਸੀ। ਦੀਪ ਸਿੱਧੂ ਨੇ ਜੋਰਾ ਦਾਸ ਨੰਬਰੀਆ ਫਿਲਮ ਵਿੱਚ ਗੈਂਗਸਟਰ ਦੀ ਭੂਮਿਕਾ ਕੇ ਪ੍ਰਸਿੱਧੀ ਹਾਸਲ ਕੀਤੀ ਸੀ। ਦੀਪ ਸਿੱਧੂ ਨੇ ਲੋਕ ਸਭਾ ਚੋਣਾਂ ਵਿਚ ਸੰਨੀ ਦਿਓਲ ਨੂੰ ਜਿਤਾਉਣ ਵਿਚ ਦਿਨ ਰਾਤ ਇਕ ਕੀਤਾ ਸੀ। ਦੀਪ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਇਕ ਦਿਨ ਪਹਿਲਾਂ ਵੈਲੇਨਟਾਈਨ ਡੇਅ ‘ਤੇ ਆਪਣੀ ਮਹਿਲਾ ਦੋਸਤ ਨਾਲ ਇਕ ਤਸਵੀਰ ਵੀ ਸਾਂਝੀ ਕੀਤੀ ਸੀ, ਜਿਸ ‘ਤੇ ਹੈਪੀ ਵੈਲੇਨਟਾਈਨ ਡੇਅ ਲਿਖਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਫੇਸਬੁੱਕ ਅਕਾਊਂਟ ‘ਤੇ ਵੀ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ‘ਚ ਉਹ ਆਪਣੀ ਮਹਿਲਾ ਦੋਸਤ ਨਾਲ ਨਜ਼ਰ ਆ ਰਹੇ ਹਨ।

ਕਿਸਾਨ ਅੰਦੋਲਨ ਦੌਰਾਨ ਭਾਰਤੀ ਕਿਸਾਨ ਯੂਨੀਅਨ ਸਿੱਧੂ ਨਾਲ ਮਿਲ ਕੇ ਉਨ੍ਹਾਂ ਨੇ ‘ਦਿੱਲੀ ਚਲੋ’ ਦਾ ਹੋਕਾ ਵੀ ਦਿੱਤਾ ਸੀ। 26 ਜਨਵਰੀ 2021 ਨੂੰ ਲਾਲ ਕਿਲੇ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਉਨ੍ਹਾਂ ’ਤੇ ਵੱਖ-ਵੱਖ ਮਾਮਲਿਆਂ ਵਿੱਚ ਕੇਸ ਦਰਜ ਹੋਇਆ ਸੀ। ਦੀਪ ਸਿੱਧੂ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਹੀਂ ਮੰਨਿਆ ਸੀ। ਦੀਪ ਸਿੱਧੂ ਉਸ ਸਮੇਂ ਸੁਰਖੀਆਂ ਵਿੱਚ ਆਇਆ ਸੀ , ਜਦੋਂ ਪਿਛਲੇ ਸਾਲ ਅੰਦੋਲਨਕਾਰੀ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਕੱਢੀ ਸੀ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਲਾਲ ਕਿਲੇ ‘ਤੇ ਇੱਕ ਕੇਸਰੀ ਝੰਡਾ ਵੀ ਲਹਿਰਾ ਦਿੱਤਾ ਸੀ। ਇਸ ਮਾਮਲੇ ‘ਚ ਦੀਪ ਸਿੱਧੂ ‘ਤੇ ਅੰਦੋਲਨਕਾਰੀਆਂ ਨੂੰ ਭੜਕਾਉਣ ਦੇ ਦੋਸ਼ ਲੱਗੇ ਸਨ। ਗਣਤੰਤਰ ਦਿਵਸ ‘ਤੇ ਹੋਈ ਹਿੰਸਾ ‘ਚ 500 ਤੋਂ ਵੱਧ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਸਨ ਅਤੇ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਸਿੱਧੂ ‘ਤੇ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕਰਨ ਦੇ ਦੋਸ਼ ਲੱਗੇ ਸਨ। ਜਿਸ ਨੂੰ ਉਸਦੀ ਇੱਕ ਮਹਿਲਾ ਦੋਸਤ ਨੇ ਅਪਲੋਡ ਕੀਤਾ ਸੀ। ਦੀਪ ਸਿੱਧੂ ਨੂੰ 9 ਫਰਵਰੀ 2021 ਨੂੰ 26 ਜਨਵਰੀ ਨੂੰ ਹੋਈ ਲਾਲ ਕਿਲੇ ਦੀ ਹਿੰਸਾ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਚਾਰਜ਼ਸ਼ੀਟ ਮੁਤਾਬਕ ਦੀਪ ਸਿੱਧੂ ਸਣੇ ਇਸ ਕੇਸ ਵਿੱਚ ਨਾਮਜ਼ਦ 16 ਮੁਲਜ਼ਮਾਂ ‘ਤੇ ਇਰਾਦਤਨ ਕਤਲ, ਸਰਕਾਰੀ ਮੁਲਾਜ਼ਮ ਦੀ ਡਿਊਟੀ ਵਿੱਚ ਰੁਕਾਵਟ ਪਾਉਣ ਸਣੇ ਕਈ ਇਲਜ਼ਾਮ ਲੱਗੇ ਸਨ। 16 ਅਪ੍ਰੈਲ ਨੂੰ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ ਪਰ ਭਾਰਤੀ ਪੁਰਾਸਰੀ ਵਿਭਾਗ ਵੱਲੋਂ ਦਾਇਰ ਇੱਕ ਸ਼ਿਕਾਇਤ ਦੇ ਆਧਾਰ ‘ਤੇ ਦਰਜ ਹੋਏ ਕੇਸ ਵਿੱਚ ਉਨ੍ਹਾਂ ਨੂੰ ਪੁਲਿਸ ਨੇ ਮੁੜ ਗ੍ਰਿਫ਼ਤਾਰ ਕਰ ਲਿਆ ਸੀ। ਕੁਝ ਹੋਰ ਦਿਨ ਜੇਲ੍ਹ ਵਿੱਚ ਰਹਿਣ ਤੋਂ ਬਾਅਦ 26 ਅਪ੍ਰੈਲ ਨੂੰ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ। ਇਸ ਬਾਰੇ ਦੀਪ ਸਿੱਧੂ ਨੇ ਆਪਣੀ ਸਫ਼ਾਈ ਵਿੱਚ ਕਿਹਾ ਸੀ, “ਮੈਂ ਕਿਸੇ ਨੂੰ ਅੱਗੇ ਲਗਾ ਕੇ ਨਹੀਂ ਲੈ ਕੇ ਗਿਆ ਸੀ। ਇਹ ਸਭ ਕੁਝ ਵਹਿਣ ਵਿੱਚ ਹੋਇਆ, ਕਿਸੇ ਇੱਕ ਦੇ ਭੜਕਾਇਆਂ ਨਹੀਂ ਹੋਇਆ।”

ਦੀਪ ਸਿੱਧੂ ਸਤੰਬਰ 2020 ਵਿੱਚ ਕਿਸਾਨ ਅੰਦੋਲਨ ਨਾਲ ਜੁੜੇ ਅਤੇ ਜਲਦੀ ਹੀ ਸੋਸ਼ਲ ਮੀਡੀਆ ਉੱਪਰ ਬਹੁਤ ਸਾਰਾ ਧਿਆਨ ਖਿੱਚਣ ਵਿੱਚ ਸਫ਼ਲ ਹੋ ਗਏ। ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਦੀਪ ਸਿੱਧੂ ਇਹੀ ਕਹਿ ਰਹੇ ਸਨ ਕਿ ਉਹ ਇਹ ਅੰਦੋਲਨ ਕਿਸਾਨਾਂ ਲਈ ਅਤੇ ਕਿਸਾਨ ਆਗੂਆਂ ਦੀ ਅਗਵਾਈ ਵਿੱਚ ਅਤੇ ਯੂਨੀਅਨਾਂ ਦੇ ਝੰਡੇ ਥੱਲੇ ਲੜ ਰਹੇ ਸਨ। ਕੁਝ ਸਮੇਂ ਬਾਅਦ ਦੀਪ ਸਿੱਧੂ ਨੇ ਕਿਸਾਨ ਆਗੂਆਂ ਦੇ ਫ਼ੈਸਲਿਆਂ ਉੱਪਰ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਅਤੇ ਪੰਜਾਬ-ਹਰਿਆਣਾ ਸਰਹੱਦ ‘ਤੇ ਸ਼ੰਭੂ ਬਾਰਡਰ ਉੱਪਰ ਆਪਣਾ ਵੱਖਰਾ ਸਟੇਜ ਲਗਾ ਲਿਆ ਸੀ। ਖੇਤੀ ਕਾਨੂੰਨਾਂ ਬਾਰੇ ਗੱਲ ਨਾ ਕਰਨ ਕਰ ਕੇ ਕਿਸਾਨ ਸੰਗਠਨਾਂ ਨੇ ਉਨ੍ਹਾਂ ਉੱਪਰ ਸਿੰਘੂ ਬਾਰਡਰ ਦੀ ਮੁੱਖ ਸਟੇਜ ਤੋਂ ਬੋਲਣ ‘ਤੇ ਰੋਕ ਲਗਾ ਦਿੱਤੀ ਸੀ। ਦੀਪ ਸਿੱਧੂ ਆਪਣੇ ਸੋਸ਼ਲ ਮੀਡੀਆ ਉੱਪਰ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਪੋਸਟਾਂ ਕਰਦੇ ਰਹਿੰਦੇ ਸਨ ਜਿਸ ਦੀ ਵਜ੍ਹਾ ਕਰ ਕੇ ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਤੋਂ ਹੋਰ ਦੂਰੀ ਬਣਾ ਲਈ। ਜਦੋਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਬਾਰਡਰਾਂ ਵੱਲ ਵਧਣ ਦਾ ਸੱਦਾ ਦਿੱਤਾ ਗਿਆ ਤਾਂ ਦੀਪ ਸਿੱਧੂ ਨੇ ਲੋਕਾਂ ਨੂੰ ਕਿਹਾ ਕਿ ਉਹ ਵਾਪਸ ਮੁੜ ਜਾਣ ਕਿਉਂਕਿ ਕਿਸਾਨ ਜਥੇਬੰਦੀਆਂ ਉਨ੍ਹਾਂ ਦੀ ਆਪਣੇ ਹਿੱਤਾਂ ਲਈ ਵਰਤੋਂ ਕਰ ਰਹੀਆਂ ਹਨ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੇ ਦੀਪ ਸਿੱਧੂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਿਆ ਕਰਦਿਆਂ ਲਿਖਿਆ, “ਅਦਾਕਾਰ ਅਤੇ ਸਮਾਜਕ ਕਾਰਕੁਨ ਦੀਪ ਸਿੱਧੂ ਦੀ ਮੌਤ ਦੀ ਮੰਦਭਾਗੀ ਖ਼ਬਰ ਸੁਣ ਕੇ ਡੂੰਘਾ ਦੁੱਖ ਲੱਗਾ ਹੈ। ਮੇਰੀ ਅਰਦਾਸਾਂ ਉਨ੍ਹਾਂ ਦੇਸ ਪਰਿਵਾਰ ਤੇ ਪਿਆਰਿਆਂ ਨਾਲ ਹਨ।”

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀਪ ਸਿੱਧੂ ਦੀ ਮੌਤ ਬਾਰੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਬੇਹੱਦ ਮੰਦਭਾਗੀ ਗੱਲ ਹੈ, ਇਸ ਤਰ੍ਹਾਂ ਜਵਾਨ ਉਮਰ ਵਿੱਚ ਜਾਣਾ।

Related posts

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

editor

ਪੰਜਾਬ ਰਾਜ ਸਹਿਕਾਰੀ ਬੈਂਕ ਦੀ ਮਹਿਲਾ ਸਸ਼ਕਤੀਕਰਨ ਵੱਲ ਨਿਵੇਕਲੀ ਪੁਲਾਂਘ

editor

ਮੋਹਿੰਦਰ ਭਗਤ ਵੱਲੋਂ ਸੂਬੇ ਦੀਆਂ ਫਲ ਅਤੇ ਸਬਜ਼ੀਆਂ ਦੀ ਦੂਸਰੇ ਦੇਸ਼ਾਂ ਨੂੰ ਬਰਾਮਦ ਕਰਨ ਦੀ ਦਿਸ਼ਾ ਵਿਚ ਤੇਜ਼ੀ ਨਾਲ ਕੰਮ ਕਰਨ ਦੇ ਹੁਕਮ

editor