ਮੈਲਬੌਰਨ – ਆਸਟ੍ਰੇਲੀਅਨ ਆਲਰਾਊਂਡਰ ਗਲੇਨ ਮੈਕਸਵੈੱਲ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਹਾਲਾਂਕਿ ਮੈਕਸਵੈੱਲ ਨੇ ਹੁਣ ਤੱਕ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਪਰ ਉਨ੍ਹਾਂ ਦੇ ਵਿਆਹ ਦੇ ਕਾਰਡ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਹ ਕਾਰਡ ਪੂਰੀ ਤਰ੍ਹਾਂ ਭਾਰਤੀ ਸਟਾਈਲ ‘ਚ ਬਣਿਆ ਹੈ ਅਤੇ ਇਸ ‘ਚ ਭਗਵਾਨ ਗਣੇਸ਼, ਮਾਂ ਲਕਸ਼ਮੀ ਅਤੇ ਭਗਵਾਨ ਵਿਸ਼ਨੂੰ ਦੀ ਫੋਟੋ ਵੀ ਦਿਖਾਈ ਦੇ ਰਹੀ ਹੈ। ਖਾਸ ਗੱਲ ਇਹ ਹੈ ਕਿ ਪੂਰਾ ਕਾਰਡ ਤਾਮਿਲ ਭਾਸ਼ਾ ਵਿੱਚ ਛਾਪਿਆ ਗਿਆ ਹੈ।
ਅਭਿਨੇਤਰੀ ਕਸਤੂਰੀ ਸ਼ੰਕਰ ਨੇ ਵਿਆਹ ਦੇ ਕਾਰਡ ਦੀ ਫੋਟੋ ਸ਼ੇਅਰ ਕਰਦੇ ਹੋਏ ਕਿਹਾ ਕਿ ਮੈਕਸਵੈੱਲ ਅਤੇ ਵਿਨੀ ਰਮਨ ਦਾ ਵਿਆਹ 27 ਮਾਰਚ ਨੂੰ ਹੋਵੇਗਾ। ਇਹ ਵਿਆਹ ਤਮਿਲ ਬ੍ਰਾਹਮਣਾਂ ਦੇ ਰੀਤੀ-ਰਿਵਾਜਾਂ ਅਨੁਸਾਰ ਹੋਵੇਗਾ। ਕਸਤੂਰੀ ਸ਼ੰਕਰ ਨੇ ਲਿਖਿਆ, “ਗਲੇਨ ਮੈਕਸਵੈੱਲ ਵਿਨੀ ਰਮਨ ਨਾਲ ਵਿਆਹ ਕਰਵਾ ਰਹੇ ਹਨ। ਪਰੰਪਰਾਗਤ ਤਮਿਲ ਮੁਹੂਰਤਾ ਪਤਰਿਕਾ ਦੇ ਮੁਤਾਬਕ, ਅਸੀਂ ਕਹਿ ਸਕਦੇ ਹਾਂ ਕਿ ਇਹ ਵਿਆਹ ਤਮਿਲ ਰੀਤੀ-ਰਿਵਾਜਾਂ ਅਨੁਸਾਰ ਹੋਵੇਗਾ। ਕੀ ਈਸਾਈ ਰੀਤੀ-ਰਿਵਾਜਾਂ ਅਨੁਸਾਰ ਵੀ ਵਿਆਹ ਹੋਵੇਗਾ। ਗਲੇਨ ਤੇ ਵਿਨੀ ਨੂੰ ਵਧਾਈਆਂ।”
ਗਲੇਨ ਮੈਕਸਵੈੱਲ ਆਈਪੀਐਲ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਟੀਮ ਦਾ ਹਿੱਸਾ ਹਨ। ਉਨ੍ਹਾਂ ਨੂੰ ਮੇਗਾ ਨਿਲਾਮੀ ਤੋਂ ਪਹਿਲਾਂ ਆਰਸੀਬੀ ਨੇ ਬਰਕਰਾਰ ਰੱਖਿਆ ਸੀ। ਫਿਲਹਾਲ ਉਹ ਸ਼੍ਰੀਲੰਕਾ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ‘ਚ ਆਸਟ੍ਰੇਲੀਆਈ ਟੀਮ ਲਈ ਖੇਡ ਰਹੇ ਹਨ। ਪਹਿਲੇ ਦੋ ਮੈਚਾਂ ‘ਚ ਉਨ੍ਹਾਂ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ। ਉਨ੍ਹਾਂ ਨੇ ਪਹਿਲੇ ਮੈਚ ਵਿੱਚ ਸੱਤ ਦੌੜਾਂ ਅਤੇ ਦੂਜੇ ਮੈਚ ਵਿੱਚ 15 ਦੌੜਾਂ ਬਣਾਈਆਂ ਸਨ। ਹਾਲਾਂਕਿ ਆਸਟ੍ਰੇਲੀਆਈ ਟੀਮ ਸੀਰੀਜ਼ ‘ਚ 2-0 ਨਾਲ ਅੱਗੇ ਹੈ ਅਤੇ ਤੀਜਾ ਮੈਚ ਜਿੱਤ ਕੇ ਸੀਰੀਜ਼ ‘ਤੇ ਕਬਜ਼ਾ ਕਰ ਲਵੇਗੀ। ਜੇ ਗੱਲ ਕਰੀਏ ਖਿਡਾਰੀ ਦੇ ਕੈਰੀਅਰ ਦੀ ਤਾਂ ਗਲੇਨ ਮੈਕਸਵੈੱਲ ਨੇ ਆਸਟ੍ਰੇਲੀਆ ਲਈ 116 ਵਨਡੇ ਖੇਡੇ ਹਨ ਅਤੇ ਤਿੰਨ ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹਨ। ਇਸ ਦੌਰਾਨ ਮੈਕਸਵੈੱਲ ਦਾ ਸਟਰਾਈਕ ਰੇਟ 125 ਤੋਂ ਵੱਧ ਰਿਹਾ ਹੈ। ਮੈਕਸਵੈੱਲ ਨੇ 81 ਟੀ-20 ਮੈਚਾਂ ‘ਚ 1866 ਦੌੜਾਂ ਬਣਾਈਆਂ ਹਨ। ਇਸ ਫਾਰਮੈਟ ਵਿੱਚ ਮੈਕਸਵੈੱਲ ਸਟ੍ਰਾਈਕ ਰੇਟ 155.37 ਹੈ।