ਸਿਡਨੀ – ਸਿਡਨੀ ’ਚ ਲਗਪਗ 60 ਸਾਲਾਂ ’ਚ ਪਹਿਲੀ ਵਾਰ ਸ਼ਾਰਕ ਨੇ ਇਕ ਖ਼ਤਰਨਾਕ ਹਮਲੇ ’ਚ ਤੈਰਾਕ ਨੂੰ ਮਾਰ ਦਿੱਤਾ। ਇਸ ਤੋਂ ਪਹਿਲਾਂ 1963 ’ਚ ਸ਼ਾਰਕ ਨੇ ਸਿਡਨੀ ’ਚ ਘਾਤਕ ਹਮਲਾ ਕੀਤਾ ਸੀ। ਇੱਥੋਂ ਦੇ ਇਕ ਮਸ਼ਹੂਰ ਲਿਟਲ ਬੇਅ ਬੀਚ ਵਿਚ ਇਕ ਵਿਅਕਤੀ ਦੁਪਹਿਰ ਦੇ ਸਮੇਂ ਤੈਰ ਰਿਹਾ ਸੀ। ਇਸ ਦੌਰਾਨ ਅਚਾਨਕ ਇਕ ਵੱਡੀ ਵ੍ਹਾਈਟ ਸ਼ਾਰਕ ਵੱਲੋਂ ਉਸ ‘ਤੇ ਹਮਲਾ ਕਰ ਦਿੱਤਾ ਗਿਆ, ਜਿਸ ਕਾਰਨ ਵਿਅਕਤੀ ਦੀ ਮੌਤ ਹੋ ਗਈ। ਇਸ ਦੌਰਾਨ ਬੀਚ ‘ਤੇ ਖੜ੍ਹੇ ਲੋਕਾਂ ਨੇ ਇਸ ਭਿਆਨਕ ਦ੍ਰਿਸ਼ ਦੀ ਵੀਡੀਓ ਕੈਮਰੇ ‘ਚ ਕੈਦ ਕਰ ਲਈ। ਵੀਡੀਓ ‘ਚ ਇਕ ਵਿਅਕਤੀ ਸਮੁੰਦਰ ‘ਚ ਤੈਰ ਰਿਹਾ ਸੀ, ਉਦੋਂ ਇਕ ਵੱਡੀ ਸ਼ਾਰਕ ਨੇ ਉਸ ‘ਤੇ ਹਮਲਾ ਕਰ ਦਿੱਤਾ। ਇਸ ਵਿਅਕਤੀ ਨੇ ਸ਼ਾਰਕ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਸ ਦੇ ਜਬਾੜੇ ਵਿਚ ਆਉਣ ਤੋਂ ਨਹੀਂ ਬਚ ਸਕਿਆ ਅਤੇ ਵੇਖਦੇ ਹੀ ਵੇਖਦੇ ਸ਼ਾਰਕ ਨੇ ਇਸ ਵਿਅਕਤੀ ਨੂੰ ਜ਼ਿੰਦਾ ਹੀ ਨਿਗਲ ਲਿਆ। ਇਸ ਦੌਰਾਨ ਕਿਸੇ ਨੇ ਸਥਾਨਕ ਪੁਲਸ ਨੂੰ ਸੂਚਨਾ ਦਿੱਤੀ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ।
ਮੌਕੇ ’ਤੇ ਮੌਜੂਦ ਕ੍ਰਿਸ ਲਿੰਟੋ ਨੇ ਦੱਸਿਆ, ‘ਕੁਝ ਨੌਜਵਾਨ ਤੈਰਾਕੀ ਕਰ ਰਹੇ ਸਨ ਕਿ ਇਕ ਸ਼ਾਰਕ ਨੇ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਜਦੋਂ ਅਸੀਂ ਪਲਟੇ ਤਾਂ ਦੇਖਿਆ ਕਿ ਜਿਵੇਂ ਕੋਈ ਕਾਰ ਪਾਣੀ ’ਚ ਡੁੱਬ ਰਹੀ ਹੋਵੇ। ਸ਼ਾਰਕ ਦਾ ਸ਼ਿਕਾਰ ਬਣੇ ਨੌਜਵਾਨ ਦਾ ਖ਼ੂਨ ਚਾਰੇ ਪਾਸੇ ਫੈਲ ਚੁੱਕਾ ਸੀ।’ ਮੌਕੇ ’ਤੇ ਮੌਜੂਦ ਇਕ ਹੋਰ ਵਿਅਕਤੀ ਨੇ ਦੱਸਿਆ ਕਿ ਸ਼ਾਰਕ 4.5 ਮੀਟਰ ਦੀ ਹੋਵੇਗੀ। ਐੱਨਐੱਸਡਬਲਯੂ ਪੁਲਿਸ ਨੇ ਦੱਸਿਆ ਕਿ ਸਿਡਨੀ ਦੇ ਪੂਰਬ ’ਚ ਸਥਿਤ ਬੁਚਾਨ ਪੁਆਇੰਟ (ਮਾਲਾਬਾਰ) ਤੋਂ ਐਮਰਜੈਂਸੀ ਸੇਵਾਵਾਂ ਨੂੰ ਸਥਾਨਕ ਸਮੇਂ ਮੁਤਾਬਕ 4.35 ਵਜੇ ਕਾਲ ਆਈ। ਹਾਲਾਂਕਿ, ਪੁਲਿਸ ਨੇ ਪੀੜਤ ਦੀ ਪਛਾਣ ਜ਼ਾਹਿਰ ਨਹੀਂ ਕੀਤੀ।
1963 ਤੋਂ ਬਾਅਦ ਸਿਡਨੀ ਵਿਚ ਸ਼ਾਰਕ ਦਾ ਇਹ ਦੂਜਾ ਘਾਤਕ ਹਮਲਾ ਹੈ। ਅਦਾਕਾਰਾ ਮਾਰਸੀਆ ਹੈਥਵੇ ਦੀ 1963 ਵਿਚ ਸ਼ਾਰਕ ਦੇ ਹਮਲੇ ਵਿਚ ਮੌਤ ਹੋ ਗਈ ਸੀ। ਨਿਊ ਸਾਊਥ ਵੇਲਸ ਸਰਕਾਰ ਸ਼ਾਰਕ ਦੇ ਹਮਲਿਆਂ ਨੂੰ ਘੱਟ ਕਰਨ ਲੀ ਤਕਨੀਕ ’ਤੇ ਲੱਖਾਂ ਡਾਲਰ ਖਰਚ ਕਰ ਚੁੱਕੀ ਹੈ। ਇਸ ਦੇ ਤਹਿਤ 51 ਸਮੁੰਦਰੀ ਬੀਚਾਂ ’ਚੇ ਜਾਲੀ ਲਗਾਈ ਗਈ ਹੈ ਤੇ ਡ੍ਰੋਨ ਤੇ ਸ਼ਾਰਕ ਲਿਸਨਿੰਗ ਸਟੇਸ਼ਨ ਬਣਾਏ ਗਏ ਹਨ, ਜੋ ਸੈਟੇਲਾਈਟ ਜ਼ਰੀਏ ਇਸ ਵੱਡੀ ਮੱਛੀ ਦੀ ਲੋਕੇਸ਼ਨ ਦਾ ਪਤਾ ਲਗਾ ਕੇ ਅਲਰਟ ਜਾਰੀ ਕਰਦੇ ਹਨ।