ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੇ ਸੰਸਥਾਪਕ ਮੈਂਬਰ ਰਹੇ ਕੁਮਾਰ ਵਿਸ਼ਵਾਸ ਵੱਲੋਂ ਅਰਵਿੰਦ ਕੇਜਰੀਵਾਲ ‘ਤੇ ਵੱਖਵਾਦੀਆਂ ਦਾ ਸਮਰਥਕ ਹੋਣ ਦੇ ਨਾਤੇ ਲਾਏ ਗੰਭੀਰ ਇਲਜ਼ਾਮਾਂ ਨੇ ਸਿਆਸ਼ਤ ਭਖਾ ਦਿੱਤੀ ਹੈ। ਹੁਣ ਇਸ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨਿਰਪੱਖ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਕੁਮਾਰ ਵਿਸ਼ਵਾਸ਼ ਨੇ ਦੋ ਦਿਨ ਪਹਿਲਾਂ ਦੋਸ਼ ਲਾਇਆ ਸੀ ਕਿ ‘ਕੇਜਰੀਵਾਲ ਨੇ ਕਿਹਾ ਸੀ ਕਿ ਉਹ ਆਜ਼ਾਦ ਪੰਜਾਬ ਦਾ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਣਨਗੇ’। ਕੁਮਾਰ ਵਿਸ਼ਵਾਸ ਵੱਲੋਂ ਦਿੱਲੀ ਦੇ ਸੀ.ਐਮ ਅਰਵਿੰਦ ਕੇਜਰੀਵਾਲ ‘ਤੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਚੰਨੀ ਨੇ ਟਵੀਟ ਕੀਤਾ ਕਿ ‘ਪੰਜਾਬ ਦਾ ਸੀ.ਐਮ ਹੋਣ ਦੇ ਨਾਤੇ ਮੈਂ ਮਾਨਯੋਗ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ ਡਾਕਟਰ ਕੁਮਾਰ ਵਿਸ਼ਵਾਸ ਦੀ ਵੀਡੀਓ ਇੰਟਰਵਿਊ ਦੇ ਮਾਮਲੇ ਦੀ ਨਿਰਪੱਖ ਜਾਂਚ ਦੇ ਆਦੇਸ਼ ਦੇਣ। ਸਿਆਸਤ ਨੂੰ ਪਾਸੇ ਰੱਖ ਕੇ, ਪੰਜਾਬ ਦੇ ਲੋਕਾਂ ਨੇ ਵੱਖਵਾਦ ਨਾਲ ਲੜਨ ਦੀ ਭਾਰੀ ਕੀਮਤ ਚੁਕਾਈ ਹੈ। ਪ੍ਰਧਾਨ ਮੰਤਰੀ ਨੂੰ ਹਰ ਪੰਜਾਬੀ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਲੋੜ ਹੈ।’
ਕੁਮਾਰ ਵਿਸ਼ਵਾਸ਼ ਨੇ ਕਿਹਾ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੱਤਾ ‘ਚ ਬਣੇ ਰਹਿਣ ਲਈ ਕੁਝ ਵੀ ਕਰਨਗੇ। ਪੰਜਾਬ ਚੋਣਾਂ 2022 ਵਿੱਚ ‘ਆਪ’ ਦੀਆਂ ਸੰਭਾਵਨਾਵਾਂ ‘ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ, ਕੇਜਰੀਵਾਲ ਦੇ ਸਾਬਕਾ ਸਹਿਯੋਗੀ ਨੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਕਿ ‘ਆਪ’ ਕਨਵੀਨਰ ਪੰਜਾਬ ਵਿੱਚ ਵੱਖਵਾਦੀਆਂ ਦਾ ਸਮਰਥਨ ਕਰਦਾ ਹੈ। ਵਿਸ਼ਵਾਸ ਨੇ ਏਐਨਆਈ ਨਾਲ ਗੱਲ ਕਰਦਿਆਂ ਕਿਹਾ ਕਿ “ਮੈਂ 2017 ਦੀਆਂ ਪੰਜਾਬ ਚੋਣਾਂ ਦੌਰਾਨ ਕੇਜਰੀਵਾਲ ਨੂੰ ਕਿਹਾ ਸੀ ਕਿ ਖਾਲਿਸਤਾਨੀ ਲਹਿਰ ਨਾਲ ਜੁੜੇ ਅਨਸਰਾਂ, ਵੱਖਵਾਦੀਆਂ ਅਤੇ ਲੋਕਾਂ ਦਾ ਸਮਰਥਨ ਨਾ ਕਰੋ। ਹਾਲਾਂਕਿ, ਉਸਨੇ ਕਿਹਾ, ਚਿੰਤਾ ਨਾ ਕਰੋ ਇਸਨੂੰ ਮੈਨੇਜ ਕੀਤਾ ਜਾਵੇਗਾ। ਘਟਨਾ ਦੇ ਸਿਲਸਿਲੇ ਦਾ ਵਰਣਨ ਕਰਦੇ ਹੋਏ ਜਦੋਂ ਉਸਨੇ ਕੇਜਰੀਵਾਲ ਨੂੰ ਖਾਲਿਸਤਾਨੀਆਂ ਨਾਲ ਦੂਰੀ ਬਣਾਈ ਰੱਖਣ ਦੀ ਚੇਤਾਵਨੀ ਦਿੱਤੀ ਸੀ। ਹਾਲ ਹੀ ‘ਚ ਕਵੀ ਵਿਸ਼ਵਾਸ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ, ‘ਇਕ ਦਿਨ ਉਨ੍ਹਾਂ (ਕੇਜਰੀਵਾਲ) ਨੇ ਮੈਨੂੰ ਕਿਹਾ ਸੀ ਕਿ ਉਹ ਜਾਂ ਤਾਂ (ਪੰਜਾਬ) ਦਾ ਮੁੱਖ ਮੰਤਰੀ… ਜਾਂ ਆਜ਼ਾਦ ਸੂਬੇ (ਖਾਲਿਸਤਾਨ) ਦਾ ਪਹਿਲਾ ਪ੍ਰਧਾਨ ਮੰਤਰੀ ਬਣਨਗੇ।’ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ‘ਤੇ ਵੀ ਵੱਖਵਾਦੀਆਂ ਦੇ ਸਮਰਥਕ ਹੋਣ ਦਾ ਦੋਸ਼ ਲਾਇਆ ਗਿਆ ਸੀ। ਵਿਸ਼ਵਾਸ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਕੇਜਰੀਵਾਲ ਨੂੰ ਵੱਖਵਾਦੀਆਂ ਦਾ ਪੱਖ ਨਾ ਲੈਣ ਦੀ ਸਲਾਹ ਦਿੱਤੀ ਸੀ।
ਅਰਵਿੰਦ ਕੇਜਰੀਵਾਲ ‘ਤੇ ਲੱਗੇ ਦੋਸ਼ਾਂ ਤੋਂ ਬਾਅਦ ਕਵੀ ਕੁਮਾਰ ਵਿਸ਼ਵਾਸ ਨੂੰ ਫੋਨ ਅਤੇ ਵਟਸਐਪ ‘ਤੇ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਇਸ ‘ਤੇ ਕੁਮਾਰ ਵਿਸ਼ਵਾਸ ਨੇ ਕਿਹਾ ਕਿ ਉਹ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ।
ਕੇਂਦਰ ਸਰਕਾਰ ਆਮ ਆਦਮੀ ਪਾਰਟੀ ਦੇ ਸਾਬਕਾ ਨੇਤਾ ਕੁਮਾਰ ਵਿਸ਼ਵਾਸ ਦੀ ਸੁਰੱਖਿਆ ਦੀ ਸਮੀਖਿਆ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਕੇਂਦਰੀ ਏਜੰਸੀ ਰਾਹੀਂ ਸੁਰੱਖਿਆ ਮੁਹੱਈਆ ਕਰਵਾਈ ਜਾ ਸਕਦੀ ਹੈ। ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਸ਼ਵਾਸ ਦੇ ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਦੋਸ਼ਾਂ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਸੂਤਰਾਂ ਨੇ ਕਿਹਾ, ”ਸਰਕਾਰ ਕੁਮਾਰ ਵਿਸ਼ਵਾਸ ਦੀ ਸੁਰੱਖਿਆ ਦੀ ਸਮੀਖਿਆ ਕਰ ਰਹੀ ਹੈ। ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਖਤਰੇ ਦੀ ਸਮੀਖਿਆ ਅਤੇ ਮੁਲਾਂਕਣ ਕਰਨ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਦੇ ਸਕਦੇ ਹਨ। ਸਮੀਖਿਆ ਤੋਂ ਬਾਅਦ ਵਿਸ਼ਵਾਸ ਨੂੰ ਕੇਂਦਰੀ ਸੁਰੱਖਿਆ ਏਜੰਸੀ ਰਾਹੀਂ ਸੁਰੱਖਿਆ ਦਿੱਤੀ ਜਾ ਸਕਦੀ ਹੈ।