ਓਟਾਵਾ – ਕੈਨੇਡਾ ਦੀ ਰਾਜਧਾਨੀ ਓਟਾਵਾ ’ਚ ਪੁਲਿਸ ਨੇ ਮੁਜ਼ਾਹਰਾਕਾਰੀਆਂ ’ਤੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਹੁਣ ਤਕ ਲਗਪਗ 100 ਮੁਜ਼ਾਹਰਾਕਾਰੀਆਂ ਨੂੁੰ ਗਿ੍ਫ਼ਤਾਰ ਕੀਤਾ ਗਿਆ ਤੇ ਸੜਕਾਂ ਤੋਂ ਟਰੱਕਾਂ ਨੂੰ ਹਟਵਾਇਆ ਗਿਆ। ਦਬਾਅ ’ਚ ਟਰੱਕ ਡਰਾਈਵਰਾਂ ਦਾ ਇਕ ਗੁੱਟ ਪਿੱਛੇ ਹਟ ਗਿਆ ਹੈ। ਇਸ ਕਦਮ ਨਾਲ ਅਧਿਕਾਰੀਆਂ ਨੂੰ ਕੋਰੋਨਾ ਪਾਬੰਦੀਆਂ ਖ਼ਿਲਾਫ਼ ਤਿੰਨ ਹਫ਼ਤੇ ਤੋਂ ਜਾਰੀ ਵਿਰੋਧ ਪ੍ਰਦਰਸ਼ਨ ਦੇ ਖ਼ਤਮ ਹੋਣ ਦੀ ਉਮੀਦ ਹੈ।
ਓਟਾਵਾ ਪੁਲਿਸ ਦੇ ਅੰਤ੍ਰਿਮ ਮੁਖੀ ਸਟੀਵ ਬੈੱਲ ਨੇ ਕਿਹਾ ਕਿ ਸ਼ਹਿਰ ਦੀਆਂ ਮੁੱਖ ਸੜਕਾਂ ’ਚੋਂ ਇਕ ’ਤੇ ਜਾਮ ਲਗਾਉਣ ਵਾਲੇ ਲਗਪਗ ਦੋ ਦਰਜਨ ਵਾਹਨਾਂ ਨੂੰ ਹਟਾਇਆ ਜਾ ਚੁੱਕਾ ਹੈ। ਇਕ ਅਧਿਕਾਰੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਕੋਈ ਮੁਜ਼ਾਹਰਾਕਾਰੀ ਜ਼ਖ਼ਮੀ ਨਹੀਂ ਹੋਇਆ ਹੈ। ਬੈੱਲ ਨੇ ਕਿਹਾ ਕਿ ਪੁਲਿਸ ਸੜਕ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਜਾਰੀ ਰੱਖੇਗੀ। ਉਨ੍ਹਾਂ ਕਿਹਾ, ‘ਅਸੀਂ ਉਦੋਂ ਤਕ ਕੰਮ ਜਾਰੀ ਰੱਖਾਂਗੇ, ਜਦੋਂ ਤਕ ਕਿ ਵਿਰੋਧ ਪ੍ਰਦਰਸ਼ਨ ਪੂਰੀ ਤਰ੍ਹਾਂ ਨਾਲ ਖ਼ਤਮ ਨਹੀਂ ਹੋ ਜਾਂਦਾ।’
ਕੈਨੇਡਾ ’ਚ ਮੌਜੂਦਾ ਸਮੇਂ ਕੋਵਿਡ-19 ਟੀਕਾਕਰਨ ਤੇ ਕੌਮਾਂਤਰੀ ਮਹਾਮਾਰੀ ਸਬੰਧੀ ਪਾਬੰਦੀਆਂ ਖ਼ਿਲਾਫ਼ ਵੱਡੇ ਪੈਮਾਨੇ ’ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਟਰੱਕ ਡਰਾਈਵਰਾਂ ਦੀ ਅਗਵਾਈ ’ਚ ਮੁਜ਼ਾਹਰਾਕਾਰੀਆਂ ਨੇ ਕੈਨੇਡਾ ਦੀ ਰਾਜਧਾਨੀ ਓਟਾਵਾ ’ਚ ਜਾਮ ਲਾ ਦਿੱਤਾ ਹੈ। ਕਈ ਥਾਵਾਂ ’ਤੇ ਅਮਰੀਕਾ ਜਾਣ ਵਾਲੇ ਰਸਤੇ ’ਤੇ ਅੜਿੱਕਾ ਪੈਦਾ ਹੋ ਗਿਆ ਹੈ। ਮੁਜ਼ਾਹਰਾਕਾਰੀਆਂ ਦੀ ਸਹਾਇਤਾ ਲਈ ਲੋਕਾਂ ਨੂੰ ਅੱਗੇ ਆਉਣ ਤੋਂ ਰੋਕਣ ਲਈ ਪੁਲਿਸ ਨੇ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਨੂੰ ਬਾਹਰ ਤੋਂ ਆਉਣ ਵਾਲਿਆਂ ਲਈ ਸੀਲ ਕਰਨਾ ਸ਼ੁਰੂ ਕਰ ਦਿੱਤਾ ਹੈ। ਗਿ੍ਰਫ਼ਤਾਰ ਕੀਤੇ ਗਏ ਲੋਕਾਂ ’ਚ ਮੁਜ਼ਾਹਰਾਕਾਰੀਆਂ ਦੀ ਅਗਵਾਈ ਕਰਨ ਵਾਲੇ ਚਾਰ ਨੇਤਾ ਵੀ ਸ਼ਾਮਲ ਹਨ। ਇਕ ਨੂੰ ਜ਼ਮਾਨਤ ਮਿਲ ਗਈ ਹੈ ਜਦੋਂਕਿ ਹੋਰਨਾਂ ਨੂੰ ਜੇਲ੍ਹ ’ਚ ਬੰਦ ਕਰ ਦਿੱਤਾ ਹੈ। ਸਵੈ-ਐਲਾਨੇ ਆਜ਼ਾਦ ਦਲ ’ਤੇ ਕਾਰਵਾਈ ਸ਼ੁਰੂ ਹੋ ਗਈ ਤੇ ਸੈਂਕੜੇ ਪੁਲਿਸ ਮੁਲਾਜ਼ਮ ਮੁਜ਼ਾਹਰੇ ਵਾਲੀ ਜਗ੍ਹਾ ’ਤੇ ਪੁਹੰਚ ਗਏ। ਪੁਲਿਸ ਮੁਲਾਜ਼ਮਾਂ ’ਚ ਕੁਝ ਦੰਗਾ ਰੋਕੂ ਵਰਦੀ ਤੇ ਕੁਝ ਆਟੋਮੈਟਿਕ ਹਥਿਆਰਾਂ ਨਾਲ ਲੈਸ ਸਨ।