ਦੂਜੇ ਪਾਸੇ ਚਮਕੌਰ ਸਾਹਿਬ ਅਤੇ ਭਦੌੜ ਤੋਂ ਚਰਨਜੀਤ ਸਿੰਘ ਚੰਨੀ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਦੀਆਂ ਸੀਟਾਂ ‘ਤੇ ਕ੍ਰਮਵਾਰ ਲਗਭਗ 70% ਅਤੇ 71.30% ਵੋਟਿੰਗ ਦਰਜ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਕੇਵਲ ਚੰਨੀ 2017 ਵਿੱਚ ਚਮਕੌਰ ਸਾਹਿਬ ਤੋਂ ਜਿੱਤੇ ਸਨ। ਜਦੋਂਕਿ ਭਦੌੜ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਜੇਤੂ ਰਹੇ ਸਨ।
ਇਸ ਵਾਰ ‘ਆਪ’ ਨੂੰ ਪੰਜਾਬ ‘ਚ ਸਰਕਾਰ ਬਣਾਉਣ ਦੀ ਉਮੀਦ ਹੈ। ਉਨ੍ਹਾਂ ਨੇ ਭਗਵੰਤ ਮਾਨ ਨੂੰ ਆਪਣਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਵੀ ਐਲਾਨ ਦਿੱਤਾ ਹੈ। ਪੰਜਾਬ ਦੇ ਮਾਲਵਾ ਖੇਤਰ ਵਿੱਚ ਆਪ ਦਾ ਚੰਗਾ ਖਾਸ ਪ੍ਰਭਾਵ ਮੰਨਿਆ ਜਾਂਦਾ ਹੈ। 2017 ਵਿੱਚ ਪਾਰਟੀ ਨੇ ਇੱਥੋਂ 20 ਸੀਟਾਂ ਜਿੱਤੀਆਂ ਸਨ। ਇਸ ਖੇਤਰ ਵਿੱਚ 69 ਸੀਟਾਂ ਹਨ। ਇਨ੍ਹਾਂ ਸੀਟਾਂ ‘ਤੇ 2017 ‘ਚ 81.1 ਫੀਸਦੀ ਵੋਟਿੰਗ ਹੋਈ ਸੀ। ਪਰ ਇਸ ਵਾਰ 69.33% ਦੇ ਕਰੀਬ ਵੋਟਿੰਗ ਦੇ ਅੰਕੜੇ ਦਰਜ ਕੀਤੇ ਗਏ ਹਨ। ਇੰਨਾ ਹੀ ਨਹੀਂ ਭਗਵੰਤ ਮਾਨ ਦੀ ਧੂਰੀ ਸੀਟ ‘ਤੇ ਵੀ ਵੋਟਿੰਗ 68 ਫੀਸਦੀ ਦੇ ਕਰੀਬ ਰਹੀ ਹੈ।
ਇਹ ਸਥਿਤੀ ਵੀ ਦਿਲਚਸਪ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਅਕਾਲੀ ਦਲ ਪੰਜਾਬ ਵਿੱਚ ਲੰਮੇ ਸਮੇਂ ਤੋਂ ਭਾਈਵਾਲ ਰਿਹਾ ਹੈ। ਹਾਲਾਂਕਿ ਇਸ ਵਾਰ ਦੋਵੇਂ ਵੱਖ-ਵੱਖ ਚੋਣ ਲੜ ਰਹੇ ਹਨ। ਭਾਜਪਾ ਇਸ ਸਮੇਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੈ, ਜੋ ਕਾਂਗਰਸ ਨਾਲੋਂ ਟੁੱਟ ਗਏ ਸਨ।
ਮਾਝਾ ਖੇਤਰ ਵਿੱਚ ਸੁਜਾਨਪੁਰ ਭਾਜਪਾ ਦੇ ਚੰਗੇ ਪ੍ਰਭਾਵ ਵਾਲੀ ਸੀਟ ਮੰਨੀ ਜਾਂਦੀ ਹੈ। ਇੱਥੇ ਇਸ ਵਾਰ 71.5% ਵੋਟਿੰਗ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ-ਸ਼ਹਿਰ ਸੀਟ ‘ਤੇ 62.10 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਜਦਕਿ ਅਕਾਲੀ ਦਲ ਦੇ ਸੁਖਬੀਰ ਬਾਦਲ ਦੀ ਜਲਾਲਾਬਾਦ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਲੰਬੀ ਸੀਟ ‘ਤੇ ਕ੍ਰਮਵਾਰ 77 ਫੀਸਦੀ ਅਤੇ 72.40 ਫੀਸਦੀ ਵੋਟਿੰਗ ਹੋਣ ਦਾ ਖੁਲਾਸਾ ਹੋਇਆ ਹੈ।