ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੇ ਤਣਾਅ ਤੋਂ ਬਾਅਦ ਇਕ ਵਾਰ ਫਿਰ ਤੀਜੇ ਵਿਸ਼ਵ ਯੁੱਧ ਦਾ ਖ਼ਤਰਾ ਮੰਡਰਾ ਰਿਹਾ ਹੈ। ਜਿਵੇਂ-ਜਿਵੇਂ ਆਲਮੀ ਸਥਿਤੀ ਬਣ ਰਹੀ ਹੈ, ਅਜਿਹਾ ਲੱਗਦਾ ਹੈ ਕਿ ਇਤਿਹਾਸ ਲਗਪਗ 100 ਸਾਲਾਂ ਬਾਅਦ ਇੱਕ ਵਾਰ ਫਿਰ ਆਪਣੇ ਆਪ ਨੂੰ ਦੁਹਰਾ ਰਿਹਾ ਹੈ। ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੇ ਵਿਵਾਦ ਦੇ ਵਿਚਕਾਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਪੂਰਬੀ ਯੂਕਰੇਨ ਦੇ ਵੱਖਵਾਦੀ ਖੇਤਰਾਂ ਨੂੰ ਇੱਕ ਸੁਤੰਤਰ ਦੇਸ਼ ਵਜੋਂ ਮਾਨਤਾ ਦਿੱਤੀ ਤੇ ਇਸ ਦੇ ਜਵਾਬ ’ਚ ਅਮਰੀਕਾ, ਫਰਾਂਸ, ਜਰਮਨੀ ਤੇ ਬ੍ਰਿਟੇਨ ਵਰਗੇ ਕਈ ਸ਼ਕਤੀਸ਼ਾਲੀ ਦੇਸ਼ ਹੁਣ ਇੱਕਜੁੱਟ ਹੋ ਗਏ ਹਨ ਤੇ ਜਵਾਬੀ ਕਾਰਵਾਈ ਦੀ ਤਿਆਰੀ ਕਰ ਰਹੇ ਹਨ।
ਜਿੱਥੇ ਬ੍ਰਿਟੇਨ, ਰੂਸ ’ਤੇ ਸ਼ਕਤੀਸ਼ਾਲੀ ਪਾਬੰਦੀਆਂ ਲਗਾਉਣ ਲਈ ਲਾਬਿੰਗ ਕਰ ਰਿਹਾ ਹੈ ਉਥੇ ਹੀ ਦੂਜੇ ਪਾਸੇ ਫਰਾਂਸ ਵੀ ਰੂਸ ਨੂੰ ਢੁੱਕਵਾਂ ਜਵਾਬ ਦੇਣ ਦੇ ਪੱਖ ’ਚ ਹੈ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਵੀ ਰੂਸ ਦੇ ਇਸ ਫ਼ੈਸਲੇ ਨੂੰ ਯੂਕਰੇਨ ਦੀ ਪ੍ਰਭੂਸੱਤਾ ਤੇ ਅਖੰਡਤਾ ਦੀ ਉਲੰਘਣਾ ਮੰਨਦਾ ਹੈ। ਜੇਕਰ ਰੂਸ ਤੇ ਯੂਕਰੇਨ ਵਿਚਾਲੇ ਚੱਲ ਰਿਹਾ ਵਿਵਾਦ ਜਾਰੀ ਰਿਹਾ ਤੇ ਸ਼ਾਂਤੀ ਵਾਰਤਾ ਰਾਹੀਂ ਕੋਈ ਹੱਲ ਨਾ ਨਿਕਲਿਆ ਤਾਂ ਦੁਨੀਆ ਇਕ ਵਾਰ ਫਿਰ ਤੀਜੇ ਵਿਸ਼ਵ ਯੁੱਧ ਵੱਲ ਵਧ ਸਕਦੀ ਹੈ। ਦਰਅਸਲ ਕਈ ਪੱਛਮੀ ਦੇਸ਼ ਯੂਕਰੇਨ ਦੀ ਮਦਦ ਲਈ ਅੱਗੇ ਆ ਸਕਦੇ ਹਨ। ਇਸ ਦੇ ਨਾਲ ਹੀ ਚੀਨ ਵੀ ਖੁੱਲ੍ਹ ਕੇ ਰੂਸ ਦੇ ਸਮਰਥਨ ’ਚ ਆ ਗਿਆ ਹੈ। ਰੂਸ ਇਕ ਵਾਰ ਫਿਰ ਤੋਂ ਸ਼ਕਤੀਸ਼ਾਲੀ ਅਮਰੀਕਾ ਕਦੇ ਨਹੀਂ ਚਾਹੇਗਾ।
ਲਗਪਗ 100 ਸਾਲ ਪਹਿਲਾਂ ਜਦੋਂ ਪਹਿਲਾ ਵਿਸ਼ਵ ਯੁੱਧ ਚੱਲ ਰਿਹਾ ਸੀ, ਉਸੇ ਸਮੇਂ ਮਾਰੂ ਮਹਾਮਾਰੀ ਸਪੈਨਿਸ਼ ਫਲੂ ਨੇ ਦੁਨੀਆ ’ਚ ਦਸਤਕ ਦਿੱਤੀ ਸੀ ਤੇ ਅੱਜ ਵੀ ਸਥਿਤੀ ਉਹੀ ਹੈ। ਦੁਨੀਆ ਦੇ ਸਾਰੇ ਦੇਸ਼ ਕੋਰੋਨਾ ਮਹਾਮਾਰੀ ਦੇ ਸੰਕਟ ਨਾਲ ਜੂਝ ਰਹੇ ਹਨ ਤੇ ਪਹਿਲੇ ਵਿਸ਼ਵ ਯੁੱਧ ਦੌਰਾਨ ਵੀ ਸਾਰੇ ਸਹਿਯੋਗੀ ਦੇਸ਼ਾਂ ਨੇ ਜਰਮਨੀ ’ਤੇ ਹਮਲਾਵਰ ਹੋ ਕੇ ਹਮਲਾ ਕੀਤਾ ਸੀ। ਸਪੈਨਿਸ਼ ਫਲੂ 1918 ’ਚ ਇੱਕ ਵਿਸ਼ਵਵਿਆਪੀ ਮਹਾਮਾਰੀ ਸੀ ਜਿਸ ਨੂੰ 1918 ਫਲੂ ਮਹਾਮਾਰੀ ਵੀ ਕਿਹਾ ਜਾਂਦਾ ਹੈ। ਸਪੈਨਿਸ਼ ਫਲੂ ਦੀ ਮਹਾਂਮਾਰੀ ਵੀ ਪਹਿਲੀ ਵਾਰ ਜਨਵਰੀ 1918 ’ਚ ਸਾਹਮਣੇ ਆਈ ਸੀ ਤੇ ਦਸੰਬਰ 1920 ਤਕ ਚੱਲੀ ਸੀ। ਉਸ ਸਮੇਂ ਸਪੈਨਿਸ਼ ਫਲੂ ਕਾਰਨ ਦੁਨੀਆ ’ਚ ਲਗਪਗ 50 ਕਰੋੜ ਲੋਕ ਸੰਕਰਮਿਤ ਹੋਏ ਸਨ ਤੇ ਇਹ ਸੰਖਿਆ ਵਿਸ਼ਵ ਦੀ ਆਬਾਦੀ ਦਾ ਇੱਕ ਚੌਥਾਈ ਸੀ। ਇਸ ਮਹਾਮਾਰੀ ਕਾਰਨ ਅੰਦਾਜ਼ਨ 5 ਕਰੋੜ ਲੋਕਾਂ ਦੀ ਮੌਤ ਹੋਈ ਸੀ। ਕੁਝ ਅਨੁਮਾਨਾਂ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ 10 ਕਰੋੜ ਤੋਂ ਵੱਧ ਦੱਸੀ ਜਾਂਦੀ ਹੈ। ਇਹ ਮਨੁੱਖੀ ਇਤਿਹਾਸ ’ਚ ਸਭ ਤੋਂ ਘਾਤਕ ਮਹਾਂਮਾਰੀ ’ਚੋਂ ਇੱਕ ਸੀ। ਉਦੋਂ ਵੀ ਜਰਮਨੀ ਤੇ ਸਹਿਯੋਗੀ ਦੇਸ਼ਾਂ ਦਰਮਿਆਨ ਜੰਗ ਦੀ ਸਥਿਤੀ ਬਣੀ ਹੋਈ ਸੀ ਤੇ 100 ਸਾਲ ਬਾਅਦ ਵੀ ਇਸ ਮਹਾਮਾਰੀ ਦੇ ਦੌਰ ’ਚ ਰੂਸ, ਯੂਕਰੇਨ ਤੇ ਹੋਰ ਪੱਛਮੀ ਦੇਸ਼ਾਂ ਦਰਮਿਆਨ ਤੀਜੇ ਵਿਸ਼ਵ ਯੁੱਧ ਦੀ ਆਵਾਜ਼ ਸੁਣਾਈ ਦੇ ਰਹੀ ਹੈ।