ਦੁਬਈ – ਕੋਰੋਨਾ ਦੀ ਰਫ਼ਤਾਰ ਸਾਰੇ ਦੇਸ਼ਾਂ ਵਿੱਚ ਮੱਠੀ ਪੈ ਰਹੀ ਹੈ, ਜਿਸ ਕਰਕੇ ਲਾਈਆਂ ਗਈਆਂ ਪਾਬੰਦੀਆਂ ਵਿੱਚ ਰਾਹਤ ਦਿੱਤੀ ਜਾ ਰਹੀ ਹੈ। ਦੁਬਈ ਨੇ ਵੱਡਾ ਐਲਾਨ ਕਰਦੇ ਹੋਏ ਭਾਰਤੀ ਯਾਤਰੀਆਂ ਲਈ ਯੂਏਈ ਜਾਣ ਤੋਂ ਪਹਿਲਾਂ ਭਾਰਤੀ ਏਅਰਪੋਰਟ ‘ਤੇ ਰੈਪਿਡ ਆਰ ਟੀ ਪੀਸੀਆਰ ਟੈਸਟ ਦੀ ਲੋੜ ਨੂੰ ਹਟਾ ਦਿੱਤਾ ਹੈ। ਦੁਬਈ ਏਅਰਪੋਰਟ ਵੱਲੋਂ ਜਾਰੀ ਕੀਤੀ ਗਈ ਐਡਵਾਇਜ਼ਰੀ ਵਿੱਚ ਭਾਰਤ, ਸ਼੍ਰੀਲੰਕਾ, ਬੰਗਲਾਦੇਸ਼ ਅਤੇ ਪਾਕਿਸਤਾਨ ਦੇ ਯਾਤਰੀਆਂ ਲਈ ਯਾਤਰਾ ਦੀਆਂ ਲੋੜਾਂ ਨੂੰ ਅਪਡੇਟ ਕੀਤਾ ਹੈ।
ਤਾਜ਼ਾ ਐਡਵਾਈਜ਼ਰੀ ਮੁਤਾਬਕ ਭਾਰਤੀ ਨਾਗਰਿਕਾਂ ਨੂੰ ਇੱਕ ਮਾਨਤਾ ਪ੍ਰਾਪਤ ਸਿਹਤ ਸੇਵਾ ਪ੍ਰਦਾਤਾ ਤੋਂ ਦੁਬਈ ਫਲਾਈਟ ਵਿੱਚ ਉਡਾਨ ਭਰਨ ਤੋਂ 48 ਘੰਟੇ ਪਹਿਲਾਂ ਇੱਕ ਨੈਗੇਟਿਵ ਕੋਵਿਡ-19 ਟੈਸਟ ਸਰਟੀਫਿਕੇਟ ਪੇਸ਼ ਕਰਨ ਦੀ ਲੋੜ ਹੈ। ਦੁਬਈ ਪਹੁੰਚਣ ‘ਤੇ ਯਾਤਰੀਆਂ ਨੂੰ ਪੀਸੀਆਰ ਟੈਸਟ ਕਰਵਾਉਣ ਦੀ ਲੋੜ ਹੋਵੇਗੀ। ਟਰਾਂਜ਼ਿਟ ਯਾਤਰੀਆਂ ਲਈ ਅੰਤਿਮ ਮੰਜ਼ਿਲ ‘ਤੇ ਐਂਟਰੀ ਨੂੰ ਨਿਯੰਤਰਿਤ ਕਰਨ ਵਾਲੇ ਨਿਯਮ ਲਾਗੂ ਹੋਣਗੇ। ਯਾਤਰਾ ਦੀਆਂ ਸ਼ਰਤਾਂ ਪੂਰੀਆਂ ਹੋਣ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਏਅਰਲਾਈਨ ਆਪਰੇਟਰਾਂ ਦੀ ਹੋਵੇਗੀ। ਯਾਤਰਾ ਦੀਆਂ ਜ਼ਰੂਰਤਾਂ ਵਿੱਚ ਸੋਧ ਨਾਲ ਵੱਡੀ ਗਿਣਤੀ ਵਿੱਚ ਭਾਰਤੀਆਂ ਨੂੰ ਸੌਖ ਹੋਵੇਗੀ, ਜੋ ਇਥੇ ਰਹਿੰਦੇ ਹਨ ਜਾਂ ਅਕਸਰ ਇਸ ਦੇਸ਼ ਦੀ ਯਾਤਰਾ ਕਰਦੇ ਹਨ।