Punjab

ਗੱਠਜੋੜ ਸਰਕਾਰ ਦੇ ਗਠਨ ਲਈ ਜੋੜ-ਤੋੜ ਵਾਲੇ ਫਾਰਮੂਲੇ ‘ਤੇ ਮੰਥਨ !

ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਦਾ ਅਮਲ ਮੁਕੰਮਲ ਹੋਣ ਤੋਂ ਬਾਅਦ ਸਿਆਸੀ ਪਾਰਟੀਆਂ ਨੂੰ ਚੋਣ ਨਤੀਜਿਆਂ ਦੀ ਉਡੀਕ ਹੈ। ਇਸ ਵਾਰ ਘੱਟ ਵੋਟਾਂ ਭੁਗਤਣ ਤੇ ਕਿਸਾਨ ਅੰਦੋਲਨ ਪਿੱਛੋਂ ਬਣੇ ਮਾਹੌਲ ਕਾਰਨ ਕਾਰਨ ਸਿਆਸੀ ਧਿਰਾਂ ਤੇ ਚੋਣ ਵਿਸ਼ਲੇਸ਼ਕ ਵੀ ਖੁੱਲ੍ਹ ਕੇ ਕੁਝ ਕਹਿਣ ਤੋਂ ਟਲ ਰਹੇ ਹਨ। ਹਾਲਾਂਕਿ ਇਸ ਵਾਰ ਸੂਬੇ ਵਿਚ ਕਿਸੇ ਧਿਰ ਨੂੰ ਬਹੁਮਤ ਦੀ ਥਾਂ ਰਲ-ਮਿਲ ਕੇ ਸਰਕਾਰ ਬਣਨ ਬਾਰੇ ਕਿਆਸਾਂ ਦਾ ਦੌਰ ਇਸ ਸਮੇਂ ਸਿਖਰ ਉਤੇ ਹਨ। ਸਿਆਸੀ ਧਿਰਾਂ ਵੀ ਇਸੇ ਫਾਰਮੂਲੇ ਉਤੇ ਜੋੜ-ਤੋੜ ਲਈ ਜੁਟੀਆਂ ਜਾਪ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲਾ ਗੱਠਜੋੜ ਸਰਕਾਰ ਦੇ ਗਠਨ ਲਈ ਜੋੜ-ਤੋੜ ਵਾਲੇ ਫਾਰਮੂਲੇ ਬਾਰੇ ਸੋਚਣ ਲੱਗੇ ਹੈ। ਮੌਜੂਦਾ ਸਿਆਸੀ ਮਾਹੌਲ ਇਸ਼ਾਰਾ ਕਰ ਰਿਹਾ ਹੈ ਕਿ ਇਸ ਸਮੇਂ ਭਾਜਪਾ ਸਣੇ ਰਵਾਇਤੀ ਧਿਰਾਂ ਦਾ ਮਕਸਦ ਕਿਸੇ ਵੀ ਹੱਦ ਤੱਕ ਜਾ ਕੇ ਸਰਕਾਰ ਬਣਾਉਣ ਦਾ ਹੈ।
ਇਹੀ ਕਾਰਨ ਹੈ ਕਿ ਅਕਾਲੀ ਦਲ-ਭਾਜਪਾ ਦੇ ਮੁੜ ਗੱਠਜੋੜ ਦੀਆਂ ਖਬਰਾਂ ਆਉਣ ਲੱਗੀਆਂ ਹਨ। ਦੋਵੇਂ ਧਿਰਾਂ ਦੇ ਆਗੂ ਲੋੜ ਪੈਣ ਉਤੇ ਮੁੜ ਸਿਆਸੀ ਸਾਂਝ ਦੀ ਹਾਮੀ ਭਰਨ ਲੱਗੇ ਹਨ। ਚੋਣਾਂ ਵਾਲੇ ਦਿਨ ਹੀ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਭਾਜਪਾ ਨਾਲ ਮੁੜ ਸਾਂਝ ਦਾ ਇਸ਼ਾਰਾ ਕਰਨ ਪਿੱਛੋਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਸਰਕਾਰ ਬਣਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਦੇ ਸੰਕੇਤ ਦੇ ਗਏ। ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸੇ ਤਰ੍ਹਾਂ ਦੀ ਹਾਮੀ ਭਰੀ ਹੈ। ਅਸਲ ਵਿਚ, ਚੋਣਾਂ ਤੋਂ ਪਹਿਲਾਂ ਵੱਡੀ ਗਿਣਤੀ ਸਿੱਖ ਆਗੂਆਂ ਨੂੰ ਆਪਣੇ ਹੱਕ ਵਿਚ ਕਰਨ, ਡੇਰਿਆਂ ਤੋਂ ਮਿਲੇ ਕਥਿਤ ਭਰੋਸੇ ਪਿੱਛੋਂ ਭਾਜਪਾ ਵੀ ਆਪਣੇ ਆਪ ਨੂੰ ਚੋਣ ਮੈਦਾਨ ਵਿਚ ਮੁੱਖ ਧਿਰ ਵਜੋਂ ਪੇਸ਼ ਕਰਨ ਲੱਗੀ ਹੈ। ਚੋਣਾਂ ਦੌਰਾਨ ਸੱਤਾਧਾਰੀ ਕਾਂਗਰਸ, ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ, ਭਾਜਪਾ ਦੀ ਅਗਵਾਈ ਵਾਲੇ ਪੰਜਾਬ ਲੋਕ ਕਾਂਗਰਸ ਤੇ ਅਕਾਲੀ ਦਲ (ਸੰਯੁਕਤ) ਦਾ ਗੱਠਜੋੜ ਅਤੇ ਕਿਸਾਨ ਅੰਦੋਲਨ ਲੜ ਕੇ ਆਈ ਇਕ ਧਿਰ ਦੇ ਬਣਾਏ ਸੰਯੁਕਤ ਸਮਾਜ ਮੋਰਚੇ ਦਰਮਿਆਨ ਪੰਜ ਕੋਨੇ ਮੁਕਾਬਲੇ ਦੀ ਚਰਚਾ ਰਹੀ ਹੈ। ਇਸ ਤੋਂ ਇਲਾਵਾ ਪਿਛਲੇ ਦਿਨੀਂ ਸਿਮਰਨਜੀਤ ਸਿੰਘ ਮਾਨ ਨੂੰ ਅਮਰਗੜ੍ਹ ਵਿਧਾਨ ਸਭਾ ਹਲਕੇ ਤੋਂ ਮਿਲਣ ਵਾਲੇ ਸਮਰਥਨ ਤੇ ਅਦਾਕਾਰ ਤੇ ਕਾਰਕੁਨ ਦੀਪ ਸਿੱਧੂ ਦੀ ਮੌਤ ਨਾਲ ਮਾਨ ਦਲ ਦੇ ਉਮੀਦਵਾਰਾਂ ਨੂੰ ਮਿਲੀ ਹਮਦਰਦੀ ਨੂੰ ਅਚਾਨਕ ਉਭਰੇ ਪੱਖ ਵਜੋਂ ਦੇਖਿਆ ਜਾ ਰਿਹਾ ਹੈ।

ਪੰਜਾਬ ਵਿਚ ਬਣੇ ਤਾਜ਼ਾ ਮਾਹੌਲ ਦਾ ਮੁੱਖ ਕਾਰਨ ਕਿਸਾਨ ਅੰਦੋਲਨ ਤੇ ਇਸ ਕਾਰਨ ਰਵਾਇਤੀ ਧਿਰਾਂ (ਕਾਂਗਰਸ-ਅਕਾਲੀ ਦਲ) ਖਿਲਾਫ ਬਣੇ ਬੇਭਰੋਸਗੀ ਵਾਲੇ ਮਾਹੌਲ ਨੂੰ ਮੰਨਿਆ ਜਾ ਰਿਹਾ ਹੈ। ਸੱਤਾਧਾਰੀ ਕਾਂਗਰਸ ਨੂੰ ਵਾਅਦਾਖਿਲਾਫੀ ਤੇ ਆਪਸੀ ਫੁੱਟ ਕਾਰਨ ਸਭ ਤੋਂ ਵੱਧ ਰਗੜਾ ਲੱਗਣ ਦਾ ਖਦਸ਼ਾ ਹੈ। ਅਕਾਲੀ ਦਲ ਜਿਥੇ 7 ਸਾਲ ਪਹਿਲਾਂ ਆਪਣੇ ਖਿਲਾਫ ਬਣੇ ਮਾਹੌਲ ਨੂੰ ਬਦਲਣ ਵਿਚ ਨਾਕਾਮ ਰਿਹਾ ਹੈ, ਉਥੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਚ ਉਸ ਦੀ ਭੂਮਿਕਾ ਬਾਰੇ ਸਵਾਲ ਲਗਾਤਾਰ ਉਠਦੇ ਰਹੇ ਹਨ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin