ਨਵੀਂ ਦਿੱਲੀ – ਯੂਕਰੇਨ ’ਚ ਫਸੇ 16 ਹਜ਼ਾਰ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਭਾਰਤ ਸਰਕਾਰ ਨੇ ਵੱਡੇ ਪੱਧਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਯੋਜਨਾ ਇਹ ਬਣਾਈ ਗਈ ਹੈ ਕਿ ਫਸੇ ਨਾਗਰਿਕਾਂ ਨੂੰ ਪਹਿਲਾਂ ਯੂਕਰੇਨ ਦੀ ਪੱਛਮੀ ਸਰਹੱਦ ਨਾਲ ਲੱਗਦੇ ਦੇਸ਼ਾਂ ਪੋਲੈਂਡ, ਹੰਗਰੀ, ਰੋਮਾਨੀਆ ਲਿਆਂਦਾ ਜਾਵੇ ਅਤੇ ਫਿਰ ਉੱਥੋਂ ਏਅਰ ਇੰਡੀਆ ਦੇ ਚਾਰਟਰਡ ਫਲਾਈਟਾਂ ’ਚ ਇਨ੍ਹਾਂ ਨਾਗਰਿਕਾਂ ਨੂੰ ਭਾਰਤ ਲਿਆਂਦਾ ਜਾਵੇ। ਇਸ ’ਤੇ ਜਿਹੜਾ ਵੀ ਖਰਚ ਹੋਵੇਗਾ, ਉਹ ਸਰਕਾਰ ਚੁੱਕੇਗੀ। ਜੇਕਰ ਸੰਭਵ ਹੋਵੇਗਾ ਤਾਂ ਕੁਝ ਨਾਗਰਿਕਾਂ ਨੂੰ ਗੁਆਂਢੀ ਮੁਲਕਾਂ ਤੋਂ ਦੁਬਈ ਲਿਆ ਕੇ ਉੱਥੋਂ ਆਮ ਫਲਾਈਟ ’ਚ ਭਾਰਤ ਲਿਆਉਣ ’ਚ ਸਹੂਲਤ ਦਿੱਤੀ ਜਾਵੇਗੀ।
ਯੂਕਰੇਨ ’ਤੇ ਰੂਸ ਦੇ ਬੁੱਧਵਾਰ ਨੂੰ ਹਮਲੇ ਦੇ ਕੁਝ ਹੀ ਘੰਟਿਆਂ ਦੇ ਅੰਦਰ ਵਿਦੇਸ਼ ਮੰਤਰਾਲੇ ਨੇ ਹੰਗਰੀ, ਰੋਮਾਨੀਆ ਤੇ ਪੋਲੈਂਡ ਸਥਿਤ ਆਪਣੇ ਦੂੁਤਘਰਾਂ ਤੋਂ ਕੂਟਨੀਤਕਾਂ ਦੀ ਇਕ-ਇਕ ਟੀਮ ਯੂਕਰੇਨ ਦੀ ਸਰਹੱਦ ’ਤੇ ਭੇਜੀ ਹੈ ਜਿੱਥੇ ਭਾਰਤੀ ਨਾਗਰਿਕਾਂ ਨੂੰ ਵਾਪਸੀ ’ਚ ਸਹੂਲਤ ਦਿੱਤੀ ਜਾਵੇਗੀ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਯੂਕਰੇਨ ਦੇ ਲੀਵ ਤੇ ਚੇਰਨਿਵਤਸੀ ਸ਼ਹਿਰ ’ਚ ਦੋ ਕੈਂਪ ਦਫ਼ਤਰ ਸਥਾਪਤ ਕਰ ਦਿੱਤੇ ਗਏ ਹਨ। ਕੀਵ ਸਥਿਤ ਭਾਰਤੀ ਦੂਤਘਰ ਦੇ ਨਜ਼ਦੀਕ ਇਕ ਆਰਜ਼ੀ ਕੈਂਪ ’ਚੋਂ ਸੈਂਕੜੇ ਭਾਰਤੀ ਵਿਦਿਆਰਥੀਆਂ ਦਾ ਇਕ ਦਲ ਚੇਰਨਿਵਸਤੀ ਲਈ ਰਵਾਨਾ ਕੀਤਾ ਗਿਆ ਹੈ। ਉੱਥੋਂ ਰੋਮਾਨੀਆ ਦੇ ਰਸਤੇ ਉਨ੍ਹਾਂ ਨੂੰ ਭਾਰਤ ਭੇਜਣ ਦੀ ਵਿਵਸਥਾ ਕੀਤੀ ਜਾਵੇਗੀ। ਯੂਕਰੇਨ ਸਥਿਤ ਦੂਤਘਰ ਦੇ ਸੂਤਰਾਂ ਨੇ ਕਿਹਾ ਕਿ ਯੂਕਰੇਨ-ਰੋਮਾਨੀਆ ਸਰਹੱਦ ’ਤੇ ਸਥਿਤ ਪੋਰੂਬਨੇ-ਸੀਰੇਤ ਖੇਤਰ ਤੋਂ 470 ਭਾਰਤੀ ਵਿਦਿਆਰਥੀਆਂ ਦਾ ਪਹਿਲਾ ਜਥਾ ਭਾਰਤ ਭੇਜਿਆ ਜਾਵੇਗਾ। ਦੂਜੇ ਦੇਸ਼ਾਂ ਦੀ ਸਰਹੱਦ ’ਤੇ ਵੀ ਭਾਰਤੀ ਵਿਦਿਆਰਥੀਆਂ ਨੂੰ ਲਿਜਾਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਦੂਤਘਰ ਦੇ ਕੋਲ ਲਗਾਤਾਰ ਯੂਕਰੇਨ ਦੇ ਅੰਦਰੂਨੀ ਹਿੱਸਿਆਂ ਤੋਂ ਵਿਦਿਆਰਥੀ ਪੁੱਜ ਰਹੇ ਹਨ, ਜਿਨ੍ਹਾਂ ਦੇ ਰੁਕਣ ਤੇ ਮੁਲਕ ਵਾਪਸ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।