ਕੋਸੀਸ – ਰੂਸ ਤੇ ਯੂਕਰੇਨ ਦੇ ਵਿਚਕਾਰ ਯੁੱਧ ਦਾ ਅੱਜ 9ਵਾਂ ਦਿਨ ਹੈ। ਭਾਰਤ ਸਰਕਾਰ ਦੇ ਆਪ੍ਰੇਸ਼ਨ ਗੰਗਾ ਤਹਿਤ ਯੁੱਧ ਖੇਤਰ ’ਚ ਫਸੇ ਭਾਰਤੀਆਂ ਦੀ ਨਿਕਾਸੀ ਲਗਾਤਾਰ ਜਾਰੀ ਹੈ। ਸਰਕਾਰ ਨੇ ਆਪਣੇ ਚਾਰ ਮੰਤਰੀਆਂ ਨੂੰ ਵਿਸ਼ੇਸ਼ ਦੂਤ ਦੀ ਭੂਮਿਕਾ ’ਚ ਯੂਕਰੇਨ ਨਾਲ ਲੱਗੇ ਗੁਆਂਢੀ ਦੇਸ਼ਾਂ ’ਚ ਭੇਜਿਆ ਹੈ ਤਾਂ ਜੋ ਸਮਾਂ ਰਹਿੰਦੇ ਉਥੋਂ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਸੰਭਵ ਹੋ ਸਕੇ।
ਯੂਕਰੇਨ ਵਿਚ ਫਸੇ ਭਾਰਤੀ ਨਾਗਰਿਕਾਂ ਦੀ ਨਿਕਾਸੀ ਪ੍ਰਕਿਰਿਆ ਦੀ ਨਿਗਰਾਨੀ ਲਈ ਬੀਤੇ ਦਿਨੀਂ ਸਲੋਵਾਕੀਆ ਗਏ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਉਹ ਸੰਕਟਗ੍ਰਸਤ ਦੇਸ਼ ਵਿਚੋਂ ਆਖਰੀ ਭਾਰਤੀ ਨਾਗਰਿਕ ਨੂੰ ਸੁਰੱਖਿਅਤ ਬਾਹਰ ਕੱਢਣ ਤੱਕ ਇੱਥੋਂ ਵਾਪਸ ਨਹੀਂ ਜਾਣਗੇ। ਰਿਜਿਜੂ ਓਪਰੇਸ਼ਨ, ਗੰਗਾ ਤਹਿਤ ਯੂਕਰੇਨ ਦੇ ਗੁਆਂਢੀ ਦੇਸ਼ਾਂ ਵਿਚ ਭਾਰਤੀ ਨਾਗਰਿਕਾਂ ਦੀ ਨਿਕਾਸੀ ਪ੍ਰਕਿਰਿਆ ਦੀ ਨਿਗਰਾਨੀ ਕਰਨ ਲਈ ਭਾਰਤ ਸਰਕਾਰ ਵਲੋਂ ਤਾਇਨਾਤ ਕੀਤੇ ਗਏ ਚਾਰ ‘ਵਿਸ਼ੇਸ਼ ਦੂਤਾਂ’ ਵਿਚੋਂ ਇਕ ਹਨ। ਉਹ ਬੁੱਧਵਾਰ ਨੂੰ ਸਲੋਵਾਕੀਆ ਦੇ ਸ਼ਹਿਰ ਕੋਸੀਸ ਪਹੁੰਚੇ।
ਯੂਕਰੇਨ ਦੀ ਸਰਹੱਦ ਪਾਰ ਕਰਕੇ ਕੋਸੀਸ ਪਹੁੰਚੇ ਭਾਰਤੀ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ, “ਸਾਡੀ ਤਰਜੀਹ ਹਰ ਕਿਸੇ ਨੂੰ ਸੁਰੱਖਿਅਤ ਬਾਹਰ ਕੱਢਣਾ ਹੈ। ਅਸੀਂ ਪਹਿਲਾਂ ਹੀ ਸਾਰਿਆਂ ਨੂੰ ਭਰੋਸਾ ਦਿੱਤਾ ਹੈ ਕਿ ਅਸੀਂ ਹਰ ਭਾਰਤੀ ਨੂੰ ਸੁਰੱਖਿਅਤ ਬਾਹਰ ਕੱਢਾਂਗੇ। ਇਹ ਪ੍ਰਧਾਨ ਮੰਤਰੀ ਦਾ ਨਿਰਦੇਸ਼ ਹੈ ਕਿ ਅਸੀਂ ਕਿਸੇ ਨੂੰ ਵੀ ਪਿੱਛੇ ਨਹੀਂ ਛੱਡਾਂਗੇ। ਜੋ ਲੋਕ ਜੰਗੀ ਖੇਤਰ ਵਿਚ ਹਨ ਉੱਥੇ ਕੁਝ ਪਾਬੰਦੀਆਂ ਹਨ। ਸਾਡੇ ਦੂਤਘਰ ਦੇ ਕਰਮਚਾਰੀ ਵੀ ਉੱਥੇ ਨਹੀਂ ਪਹੁੰਚ ਸਕਦੇ ਕਿਉਂਕਿ ਗੋਲੀਬਾਰੀ ਅਤੇ ਬੰਬਾਰੀ ਚੱਲ ਰਹੀ ਹੈ। ਹਾਲਾਤ ਬਹੁਤ ਚੁਣੌਤੀਪੂਰਨ ਹਨ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਰਿਜਿਜੂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਪਿਆਂ ਨੂੰ ਇਹ ਸੰਦੇਸ਼ ਦੇਣ ਕਿ ਭਾਰਤ ਸਰਕਾਰ ਉਹਨਾਂ ਨੂੰ ਸੁਰੱਖਿਅਤ ਘਰ ਪਹੁੰਚਣ ਵਿਚ ਮਦਦ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ, “ਮੈਂ ਇਸ ਜਗ੍ਹਾ ਨੂੰ ਉਦੋਂ ਤੱਕ ਨਹੀਂ ਛੱਡਾਂਗਾ ਜਦੋਂ ਤੱਕ ਆਖਰੀ ਭਾਰਤੀ ਨੂੰ ਯੂਕਰੇਨ ਤੋਂ ਬਾਹਰ ਨਹੀਂ ਕੱਢਿਆ ਜਾਂਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸਾਡੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਅਤੇ ਉਹਨਾਂ ਨੂੰ ਜਲਦ ਤੋਂ ਜਲਦ ਘਰ ਲਿਆਉਣ ਲਈ ਸਪੱਸ਼ਟ ਨਿਰਦੇਸ਼ ਦਿੱਤਾ ਹੈ। ਇਸ ਪੱਧਰ ‘ਤੇ ਬਚਾਅ ਕਾਰਜ ਨੂੰ ਅੰਜਾਮ ਦੇਣ ਵਾਲਾ ਭਾਰਤ ਹੀ ਇਕਲੌਤਾ ਦੇਸ਼ ਹੈ”।