International

ਰੂਸ ਵਲੋਂ ਪਰਮਾਣੂ ਪਲਾਂਟ ‘ਤੇ ਹਮਲਾ: ਰੇਡੀਏਸ਼ਨ ਹੋਇਆ ਤਾਂ ਤਬਾਹੀ ਮਚੇਗੀ

ਕੀਵ – ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ਦੇ ਸਭ ਤੋਂ ਵੱਡੇ ਜ਼ਪੋਰਿਜ਼ੀਆ ਪ੍ਰਮਾਣੂ ਪਲਾਂਟ ਨੂੰ ਅੱਗ ਲੱਗ ਗਈ ਹੈ। ਇਹ ਪ੍ਰਮਾਣੂ ਊਰਜਾ ਪਲਾਂਟ ਦੱਖਣੀ ਯੂਕਰੇਨ ਵਿੱਚ ਸਥਿਤ ਹੈ। ਇਸ ਹਮਲੇ ਤੋਂ ਬਾਅਦ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਲਗਾਤਾਰ ਯੂਕਰੇਨ ਦੇ ਸੰਪਰਕ ਵਿੱਚ ਹੈ ਅਤੇ ਸਥਿਤੀ ਦਾ ਜਾਇਜ਼ਾ ਲੈ ਰਹੀ ਹੈ। ਅੰਤਰਰਾਸ਼ਟਰੀ ਪਰਮਾਣੂ ਏਜੰਸੀ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।

ਏਜੰਸੀ ਦੇ ਡਾਇਰੈਕਟਰ ਜਨਰਲ ਰਾਫੇਲ ਮਾਰੀਆਨੋ ਗ੍ਰੋਸੀ ਨੇ ਰੂਸ ਨੂੰ ਤਾਕਤ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਏਜੰਸੀ ਨੇ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਮਾਮੂਲੀ ਜਿਹੀ ਗਲਤੀ ਸਥਿਤੀ ਨੂੰ ਬਹੁਤ ਖਤਰਨਾਕ ਬਣਾ ਸਕਦੀ ਹੈ ਅਤੇ ਰੇਡੀਏਸ਼ਨ ਫੈਲ ਸਕਦੀ ਹੈ। ਇਸ ਪਰਮਾਣੂ ਪਲਾਂਟ ‘ਤੇ ਹਮਲੇ ਤੋਂ ਬਾਅਦ ਰਾਫੇਲ ਨੇ ਯੂਕਰੇਨ ਦੇ ਪ੍ਰਧਾਨ ਮੰਤਰੀ ਡੇਨਿਸ ਸ਼ੇਮਾਗੇਲ ਨਾਲ ਗੱਲ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਯੂਕਰੇਨ ਦੇ ਰੈਗੂਲੇਟਰ ਅਤੇ ਆਪਰੇਟਰਾਂ ਨਾਲ ਵੀ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਇਸ ਦੀ ਗੰਭੀਰਤਾ ਬਾਰੇ ਵੀ ਸੁਚੇਤ ਕੀਤਾ ਹੈ। ਉਸ ਨੇ ਰੂਸੀ ਫੌਜ ਨੂੰ ਅਪੀਲ ਰਾਹੀਂ ਕਿਹਾ ਹੈ ਕਿ ਜੇਕਰ ਰਿਐਕਟਰ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਇਹ ਸਥਿਤੀ ਬਹੁਤ ਗੰਭੀਰ ਹੋ ਜਾਵੇਗੀ। ਇਸ ਦੌਰਾਨ ਯੂਕਰੇਨ ਨੇ ਕਿਹਾ ਕਿ ਜ਼ਪੋਰਿਜ਼ੀਆ ਪ੍ਰਮਾਣੂ ਪਾਵਰ ਪਲਾਂਟ ਵਿੱਚ ਅੱਗ ਲੱਗਣ ਨਾਲ ਜ਼ਰੂਰੀ ਉਪਕਰਣਾਂ ਨੂੰ ਨੁਕਸਾਨ ਨਹੀਂ ਪਹੁੰਚਿਆ। ਯੂਕਰੇਨ ਦੀ ਰੈਗੂਲੇਟਰੀ ਅਥਾਰਟੀ ਨੇ ਵੀ ਇਕ ਪੱਤਰ ਲਿਖ ਕੇ ਕਿਹਾ ਹੈ ਕਿ ਰੂਸੀ ਫੌਜ ਇਸ ਦਿਸ਼ਾ ਵਿੱਚ ਆ ਰਹੀ ਹੈ ਅਤੇ ਸਥਿਤੀ ਵਿਗੜ ਰਹੀ ਹੈ। ਅਥਾਰਟੀ ਨੇ ਅੰਤਰਰਾਸ਼ਟਰੀ ਪ੍ਰਮਾਣੂ ਏਜੰਸੀ ਨੂੰ ਇਕ ਟਵੀਟ ਰਾਹੀਂ ਇਹ ਵੀ ਕਿਹਾ ਹੈ ਕਿ ਫਿਲਹਾਲ ਇੱਥੇ ਰੇਡੀਏਸ਼ਨ ਦੇ ਪੱਧਰ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।

ਯੂਕਰੇਨ ਦੇ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਰੂਸੀ ਬਲ ਪਲਾਂਟ ‘ਤੇ ਚਾਰੇ ਪਾਸਿਓਂ ਹਮਲਾ ਕਰ ਰਹੇ ਹਨ। ਰੂਸ ਤੇ ਯੂਕਰੇਨ ‘ਚ ਜਾਰੀ ਜੰਗ ਕਿਸੇ ਵੀ ਸਮੇਂ ਵੱਡੀ ਤਬਾਹੀ ਦਾ ਕਾਰਨ ਬਣ ਸਕਦੀ ਹੈ। ਰੂਸ ਨੇ ਯੂਕਰੇਨ ਸਥਿਤ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ‘ਤੇ ਬੰਬ ਬਰਸਾਏ ਹਨ। ਇਸ ਬੰਬਾਰੀ ਦੇ ਬਾਅਦ ਇਸ ਦੇ ਇਕ ਹਿੱਸੇ ‘ਚ ਅੱਗ ਲੱਗ ਗਈ ਹੈ ਸ਼ੱਕ ਹੈ ਕਿ ਜੇਕਰ ਇਸ ਅੱਗ ‘ਤੇ ਕਾਬੂ ਨਾ ਕੀਤਾ ਗਿਆ ਤੇ ਰੇਡੀਏਸ਼ਨ ਪੈਦਾ ਹੋ ਗਈ ਤਾਂ ਭਾਰੀ ਤਬਾਹੀ ਹੋ ਸਕਦੀ ਹੈ। ਜੇਕਰ ਅੱਗ ਵਧਦੀ ਹੈ ਤਾਂ ਚਰਨੋਬਲ ਨਾਲੋਂ 10 ਗੁਣਾ ਜ਼ਿਆਦਾ ਰੇਡੀਏਸ਼ਨ ਹੋ ਸਕਦੀ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ‘ਚ ਹੜਕੰਪ ਮਚ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਇਸ ਮਾਮਲੇ ‘ਚ ਫੋਨ ‘ਤੇ ਗੱਲਬਾਤ ਕੀਤੀ ਸੀ।

ਇਸੇ ਦੌਰਾਨ ਅੱਜ ਯੂਕਰੇਨ ਦੀ ਰਾਜਧਾਨੀ ‘ਚ ਰੂਸੀ ਗੋਲਾਬਾਰੀ ‘ਚ ਇੱਕ ਭਾਰਤੀ ਵਿਦਿਆਰਥੀ ਨੂੰ ਗੋਲੀ ਲੱਗਣ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ ਹੈ। ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਜਨਰਲ ਵੀਕੇ ਸਿੰਘ ਨੇ ਇਹ ਜਾਣਕਾਰੀ ਦਿੱਤੀ।

Related posts

HAPPY DIWALI 2025 !

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin