ਵਾਸ਼ਿੰਗਟਨ – ਰੂਸ-ਯੂਕਰੇਨ ਦੀ ਜੰਗ ਦਾ ਭਾਰਤ ਉੱਪਰ ਵੀ ਸਾਇਆ ਹੈ। ਇੱਕ ਪਾਸੇ ਭਾਰਤ ਅੰਦਰ ਮਹਿੰਗਾਈ ਵਧ ਰਹੀ ਹੈ ਤੇ ਦੂਜੇ ਪਾਸੇ ਭਾਰਤ ਨੂੰ ਅਮਰੀਕਾ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਵੱਲੋਂ ਨਿਰਪੱਖ ਰਹਿਣ ਦੀ ਰਣਨੀਤੀ ਤੋਂ ਅਮਰੀਕਾ ਕਾਫੀ ਖਫਾ ਹੈ। ਇਸ ਲਈ ਅਮਰੀਕਾ ਜਲਦ ਹੀ ਭਾਰਤ ਨੂੰ ਵੱਡਾ ਝਟਕਾ ਦੇ ਸਕਦਾ ਹੈ।
ਕਾਊਂਟਰਿੰਗ ਅਮਰੀਕਾਜ਼ ਐਡਵਰਸਰੀਜ਼ ਥਰੂ ਸੈਂਕਸ਼ਨ ਐਕਟ (ਸੀਏਏਟੀਐਸਏ) ਤਹਿਤ ਅਮਰੀਕੀ ਪ੍ਰਸ਼ਾਸਨ ਕੋਲ ਇਰਾਨ, ਉੱਤਰੀ ਕੋਰੀਆ ਜਾਂ ਰੂਸ ਨਾਲ ਮਹੱਤਵਪੂਰਨ ਲੈਣ-ਦੇਣ ਵਾਲੇ ਕਿਸੇ ਵੀ ਦੇਸ਼ ਖ਼ਿਲਾਫ਼ ਪਾਬੰਦੀਆਂ ਲਗਾਉਣ ਦਾ ਅਧਿਕਾਰ ਹੈ। ਇਸ ਬਾਰੇ ਅਮਰੀਕੀ ਡਿਪਲੋਮੈਟ ਲੂ ਨੇ ਕਿਹਾ ਕਿ ਬਿਡੇਨ ਪ੍ਰਸ਼ਾਸਨ ‘ਤੇ ਦਬਾਅ ਵਧਿਆ ਹੈ, ਪਰ ਉਨ੍ਹਾਂ ਨੇ ਪਾਬੰਦੀਆਂ ‘ਤੇ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ। ਉਨ੍ਹਾਂ ਕਿਹਾ, ”ਮੈਂ ਸਿਰਫ ਇਹ ਕਹਿ ਸਕਦਾ ਹਾਂ ਕਿ ਭਾਰਤ ਹੁਣ ਸਾਡਾ ਮਹੱਤਵਪੂਰਨ ਸੁਰੱਖਿਆ ਭਾਈਵਾਲ ਹੈ ਤੇ ਅਸੀਂ ਇਸ ਭਾਈਵਾਲੀ ਨਾਲ ਅੱਗੇ ਵਧਣ ਦੀ ਕਦਰ ਕਰਦੇ ਹਾਂ।”
ਦਰਅਸਲ, ਬਿਡੇਨ ਪ੍ਰਸ਼ਾਸਨ ਦੀ ਮੁਸ਼ਕਲ ਇਹ ਹੈ ਕਿ ਚੀਨ ਨੂੰ ਸੰਤੁਲਿਤ ਕਰਨ ਦੇ ਮਾਮਲੇ ਵਿੱਚ ਭਾਰਤ ਤੋਂ ਵੱਡੀ ਕੋਈ ਖੇਤਰੀ ਸ਼ਕਤੀ ਨਹੀਂ। ਇਸ ਕਾਰਨ ਇਹ CATSA ਤਹਿਤ ਪਾਬੰਦੀਆਂ ਦੇ ਫੈਸਲੇ ਨੂੰ ਟਾਲ ਰਿਹਾ ਹੈ। ਰੂਸ ਖਿਲਾਫ ਸੁਰੱਖਿਆ ਪ੍ਰੀਸ਼ਦ ‘ਚ ਲਿਆਂਦੇ ਮਤੇ ‘ਤੇ ਵੋਟਿੰਗ ਤੋਂ ਭਾਰਤ ਦੀ ਦੂਰੀ ਤੋਂ ਅਮਰੀਕਾ ਪ੍ਰੇਸ਼ਾਨ ਹੈ। ਅਮਰੀਕੀ ਸੰਸਦ ‘ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਇੱਕ ਆਵਾਜ਼ ‘ਚ ਭਾਰਤ ਨੂੰ ਵੋਟਿੰਗ ‘ਚ ਹਿੱਸਾ ਨਾ ਲੈਣ ਵਾਲੇ 35 ਦੇਸ਼ਾਂ ‘ਚ ਸ਼ਾਮਲ ਕੀਤੇ ਜਾਣ ‘ਤੇ ਇਤਰਾਜ਼ ਜਤਾਇਆ। ਉਨ੍ਹਾਂ ਨੇ ਸੰਸਦ ਦੀਆਂ ਬਹਿਸਾਂ ਵਿੱਚ ਹਿੱਸਾ ਲੈਂਦੇ ਹੋਏ ਭਾਰਤ-ਅਮਰੀਕਾ ਰੱਖਿਆ ਸੁਰੱਖਿਆ ਸਹਿਯੋਗ ਦਾ ਵਾਰ-ਵਾਰ ਜ਼ਿਕਰ ਕੀਤਾ ਹੈ ਤੇ ਇਹ ਵੀ ਪੁੱਛਿਆ ਹੈ ਕਿ ਕੀ ਹਮਲਾਵਰ ਰੂਸ ‘ਤੇ ਭਾਰਤ ਦਾ ਰੁਖ ਜਾਣਨ ਤੋਂ ਬਾਅਦ ਰੂਸ ਤੋਂ ਐਸ-400 ਟ੍ਰਾਇੰਫ ਮਿਜ਼ਾਈਲ ਰੱਖਿਆ ਪ੍ਰਣਾਲੀ ਖਰੀਦਣ ‘ਤੇ ਕਾਟਸਾ ਪਾਬੰਦੀਆਂ ਲਾਈਆਂ ਜਾਣਗੀਆਂ।