International

ਭਾਰੀ ਬੰਬਾਰੀ ਕਾਰਨ ਵਿਗੜੇ ਹਾਲਾਤ, ਰੂਸ ਨੇ ਬਣਾਇਆ ਨਵਾਂ ਕਾਰੀਡੋਰ, ਯੂਕਰੇਨ ਨੇ ਨਕਾਰਿਆ

ਕੀਵ – ਯੂਕਰੇਨ ਦੇ ਵੱਡੇ ਇਲਾਕੇ ’ਚ ਸੋਮਵਾਰ ਨੂੰ ਟੈਂਕ ਸ਼ਾਂਤ ਰਹੇ ਤੇ ਅਸਮਾਨ ’ਚ ਵੀ ਜੰਗੀ ਜਹਾਜ਼ਾਂ ਦੀ ਗੜਗੜਾਹਟ ਸੁਣਾਈ ਨਹੀਂ ਦਿੱਤੀ। ਇਸ ਦੇ ਨਤੀਜੇ ਵਜੋਂ ਸ਼ਹਿਰਾਂ ’ਚ ਹਵਾਈ ਹਮਲਿਆਂ ਤੋਂ ਲੋਕਾਂ ਨੂੰ ਸਾਵਧਾਨ ਕਰਨ ਵਾਲੇ ਸਾਇਰਨ ਦੀ ਕੰਨ ਪਾੜੂ ਆਵਾਜ਼ ਨਾਲ ਵੀ ਲੋਕ ਬੇਚੈਨ ਨਹੀਂ ਹੋਏ। ਪਰ ਇਹ ਸਭ ਅਸਥਾਈ ਸੀ। ਰਾਤ ਪੈਂਦੇ ਹੀ ਸ਼ੰਕੇ ਮੁੜ ਤੋਂ ਸਿਰ ਚੁੱਕਣ ਲੱਗੇ, ਹਾਲਾਂਕਿ ਹਮਲੇ ਦੀਆਂ ਦਹਿਸ਼ਤ ਫੈਲਾਉਣ ਵਾਲੀਆਂ ਸੂਚਨਾਵਾਂ ਹਾਲੇ ਨਹੀਂ ਆਈਆਂ ਹਨ। ਰੂਸ ਨੇ ਸੋਮਵਾਰ ਨੂੰ ਜੰਗੀ ਖੇਤਰ ’ਚ ਫਸੇ ਯੂਕਰੇਨੀ ਲੋਕਾਂ ਨੂੰ ਕੱਢਣ ਲਈ ਨਵਾਂ ਕਾਰੀਡੋਰ ਬਣਾਉਣ ਦਾ ਐਲਾਨ ਕੀਤਾ। ਇਹ ਕਾਰੀਡੋਰ ਯੂਕਰੇਨੀ ਸ਼ਹਿਰਾਂ ਤੋਂ ਰੂਸ ਤੇ ਉਸ ਦੇ ਸਹਿਯੋਗੀ ਦੇਸ਼ ਬੇਲਾਰੂਸ ਤਕ ਲੋਕਾਂ ਨੂੰ ਲੈ ਜਾਵੇਗਾ। ਪਰ ਯੂਕਰੇਨ ਸਰਕਾਰ ਨੇ ਇਸ ਕਾਰੀਡੋਰ ’ਚੋਂ ਲੋਕਾਂ ਨੂੰ ਦੇਸ਼ ਤੋਂ ਬਾਹਰ ਭੇਜਣ ਤੋਂ ਇਨਕਾਰ ਕੀਤਾ ਹੈ। ਯੂਕਰੇਨ ਨੇ ਇਸ ਨੂੰ ਰੂਸ ਦਾ ਅਨੈਤਿਕ ਦਿਖਾਵਾ ਕਰਾਰ ਦਿੱਤਾ ਹੈ। ਰੂਸ ਨੇ ਇਹ ਐਲਾਨ ਲਗਾਤਾਰ ਦੋ ਦਿਨ ਜੰਗਬੰਦੀ ਅਸਫਲ ਹੋਣ ਤੋਂ ਬਾਅਦ ਕੀਤਾ ਸੀ। ਇਸ ਦਰਮਿਆਨ ਬੇਲਾਰੂਸ ’ਚ ਰੂਸ ਤੇ ਯੂਕਰੇਨ ਦੇ ਵਫ਼ਦਾਂ ਵਿਚਕਾਰ ਗੱਲਬਾਤ ਜਾਰੀ ਹੈ। ਯੂਕਰੇਨ ਦੇ ਮਾਰੀਪੋਲ ਸ਼ਹਿਰ ’ਚ ਭੋਜਨ ਤੇ ਪਾਣੀ ਦੀ ਕਿੱਲਤ ਝੱਲਦੇ ਹੋਏ ਪਿਛਲੇ ਕਈ ਦਿਨਾਂ ਤੋਂ ਲੋਕ ਘਰਾਂ ’ਚ ਕੈਦ ਹਨ। ਇੱਥੇ ਹੋ ਰਹੀ ਰੂਸੀ ਗੋਲ਼ਾਬਾਰੀ ਨਾਲ ਲੋਕਾਂ ਦੀ ਹਾਲਤ ਖ਼ਸਤਾ ਹੋ ਗਈ ਹੈ। ਉਹ ਘਰ ਛੱਡ ਕੇ ਜਾਣਾ ਚਾਹੁੰਦੇ ਹਨ ਪਰ ਬਾਹਰ ਹੋ ਰਹੀ ਗੋਲ਼ਾਬਾਰੀ ਕਾਰਨ ਨਿਕਲ ਨਹੀਂ ਪਾ ਰਹੇ। ਸੋਮਵਾਰ ਨੂੰ ਸਵੇਰੇ 10 ਵਜੇ ਜੰਗਬੰਦੀ ਕਰ ਕੇ ਨਵਾਂ ਕਾਰੀਡੋਰ ਖੋਲ੍ਹਿਆ ਗਿਆ। ਇਸ ਰਾਹੀਂ ਰਾਜਧਾਨੀ ਕੀਵ, ਖਾਰਕੀਵ, ਸੂਮੀ ਤੇ ਮਾਰੀਪੋਲ ਦੇ ਲੋਕ ਨਿਕਲ ਸਕਦੇ ਸਨ। ਸੂਮੀ ਉਹੀ ਸ਼ਹਿਰ ਹੈ ਜਿੱਥੇ ਵੱਡੀ ਗਿਣਤੀ ’ਚ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਰੂਸ ਦੀ ਆਰਆਈਏ ਨਿਊਜ਼ ਏਜੰਸੀ ਵੱਲੋਂ ਕਾਰੀਡੋਰ ਦੇ ਜਨਤਕ ਕੀਤੇ ਗਏ ਨਕਸ਼ੇ ਮੁਤਾਬਕ ਕੀਵ ਤੋਂ ਨਿਕਲਣ ਵਾਲੇ ਲੋਕਾਂ ਨੂੰ ਬੇਲਾਰੂਸ ਜਾਣ ਤੇ ਖਾਰਕੀਵ ਦੇ ਲੋਕਾਂ ਨੂੰ ਰੂਸ ਜਾਣ ਦੀ ਇਜਾਜ਼ਤ ਹੈ। ਰੂਸ ਨੇ ਖਾਰਕੀਵ ਦੇ ਲੋਕਾਂ ਨੂੰ ਹਵਾਈ ਜਹਾਜ਼ ਰਾਹੀਂ ਰੂਸੀ ਸ਼ਹਿਰਾਂ ’ਚ ਲਿਜਾਣ ਦੀ ਯੋਜਨਾ ਬਣਾਈ ਹੈ।

ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਦੇ ਤਰਜ਼ਮਾਨ ਨੇ ਰੂਸ ਦੇ ਇਸ ਕਦਮ ਨੂੰ ਪੂਰੀ ਤਰ੍ਹਾਂ ਨਾਲ ਅਨੈਤਿਕ ਕਰਾਰ ਦਿੱਤਾ ਹੈ। ਰੂਸ ਇਨ੍ਹਾਂ ਲੋਕਾਂ ਦੀ ਵਰਤੋਂ ਟੈਲੀਵਿਜ਼ਨ ਨਿਊਜ਼ ਦੇ ਫੁਟੇਜ ’ਚ ਕਰਨਾ ਚਾਹੁੰਦਾ ਹੈ। ਯੂਕਰੇਨ ਦੇ ਲੋਕ ਆਪਣੀ ਇੱਛਾ ਨਾਲ ਕਿੱਥੇ ਜਾਣਾ ਚਾਹੁੰਦੇ ਹਨ, ਇਹ ਤੈਅ ਕਰਨਾ ਉਨ੍ਹਾਂ ਦਾ ਅਧਿਕਾਰ ਹੈ। ਯਾਦ ਰਹੇ ਕਿ ਹੁਣ ਤਕ ਯੂਕਰੇਨ ਤੋਂ 15 ਲੱਖ ਤੋਂ ਵੱਧ ਲੋਕ ਨਿਕਲ ਕੇ ਗੁਆਂਢੀ ਦੇਸ਼ਾਂ ’ਚ ਜਾ ਚੁੱਕੇ ਹਨ। ਸਭ ਤੋਂ ਵੱਧ ਲੋਕ ਪੋਲੈਂਡ ਗਏ ਹਨ। ਇਸ ਦਰਮਿਆਨ ਮੀਕੋਲਈਵ ਸ਼ਹਿਰ ’ਚ ਸੋਮਵਾਰ ਨੂੰ ਭਾਰੀ ਬੰਬਾਰੀ ਹੋਣ ਦੀ ਖ਼ਬਰ ਹੈ। ਰਾਸ਼ਟਰਪਤੀ ਜ਼ੇਲੈਂਸਕੀ ਨੇ ਜਲਦੀ ਹੀ ਤੱਟੀ ਸ਼ਹਿਰ ਓਡੇਸਾ ’ਤੇ ਵੱਡਾ ਹਮਲਾ ਹੋਣ ਦੀ ਸ਼ੰਕਾ ਪ੍ਰਗਟਾਈ ਹੈ।

ਯੂਕਰੇਨ ’ਚ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਅਮਰੀਕਾ ਨੇ ਰੂਸ ’ਤੇ ਹੋਰ ਪਾਬੰਦੀਆਂ ਲਾਉਣ ਦਾ ਸੰਕੇਤ ਦਿੱਤਾ ਹੈ। ਇਹ ਪਾਬੰਦੀਆਂ ਰੂੁਸ ਦੇ ਤੇਲ ਬਰਾਮਦ ’ਤੇ ਹੋ ਸਕਦੀਆਂ ਹਨ। ਇਸ ਕਾਰਨ ਤੇਲ ਦੇ ਕੌਮਾਂਤਰੀ ਮੁੱਲ ’ਚ ਵੱਡਾ ਉਛਾਲ ਦੇਖਿਆ ਗਿਆ ਹੈ। ਤੇਲ ਹੁਣ 132 ਡਾਲਰ ਪ੍ਰਤੀ ਬੈਰਲ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ। ਕੌਮਾਂਤਰੀ ਸਪਲਾਈ ’ਚ ਰੂਸ ਦਾ ਯੋਗਦਾਨ ਸੱਤ ਫ਼ੀਸਦੀ ਦਾ ਹੈ। ਰੂਸੀ ਤੇਲ ਦਾ ਵੱਡਾ ਦਰਾਮਦਕਾਰ ਜਾਪਾਨ ਹੈ। ਬਾਇਡਨ ਦੇ ਸੰਕੇਤ ਤੋਂ ਬਾਅਦ ਜਾਪਾਨ ਨੇ ਬਦਲਾਂ ’ਤੇ ਅਮਰੀਕਾ ਨਾਲ ਗੱਲ ਕੀਤੀ ਹੈ।

ਇਸ ਦਰਮਿਆਨ ਯੂਕਰੇਨ ’ਚ ਫ਼ੌਜਾਂ ਦੇ ਪ੍ਰਮੁੱਖ ਜਨਰਲ ਨੇ ਲੋਕਾਂ ਨੂੰ ਸਾਵਧਾਨ ਕੀਤਾ ਹੈ ਕਿ ਰੂਸੀ ਫ਼ੌਜ ਕੀਵ ’ਤੇ ਵੱਡੇ ਹਮਲੇ ਦੀ ਤਿਆਰੀ ਕਰ ਰਹੀ ਹੈ। ਇਹ ਹਮਲਾ ਸੋਮਵਾਰ ਦੀ ਰਾਤ ਤੇ ਮੰਗਲਵਾਰ ਨੂੰ ਹੋ ਸਕਦਾ ਹੈ। ਇਸ ਦਰਮਿਆਨ ਕੀਵ ਦੇ ਨਜ਼ਦੀਕ ਇਰਪਿਨ ’ਚ ਇਕ ਪਰਿਵਾਰ ਦੇ ਹਿੰਸਾ ਦਾ ਸ਼ਿਕਾਰ ਹੋਣ ਦੀ ਦਰਦਨਾਕ ਤਸਵੀਰ ਸਾਹਮਣੇ ਆਈ ਹੈ। ਕੀਵ ਤੋਂ 60 ਕਿਲੋਮੀਟਰ ਦੂਰ ਸਥਿਤ ਮਾਨਸਿਕ ਰੋਗੀਆਂ ਦੇ ਹਸਪਤਾਲ ’ਚ ਦਵਾ ਤੇ ਪਾਣੀ ਖ਼ਤਮ ਹੋ ਜਾਣ ਦੀ ਸੂਚਨਾ ਹੈ। ਇਸ ਹਸਪਤਾਲ ’ਚ 670 ਮਰੀਜ਼ ਹਨ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਇਸ ਸਥਿਤੀ ’ਚ ਦੇਸ਼ ਨੂੰ ਪਹੁੰਚਾਉਣ ਵਾਲਿਆਂ ਨੂੰ ਸਜ਼ਾ ਦੇਣ ਦਾ ਐਲਾਨ ਕੀਤਾ ਹੈ। ਕਿਹਾ ਹੈ ਕਿ ਉਨ੍ਹਾਂ ਨੂੰ ਕਬਰ ’ਚ ਪਹੁੰਚਾ ਕੇ ਹੀ ਦਮ ਲਵਾਂਗੇ।

ਅਮਰੀਕਾ ਨੇ ਯੂਕਰੇਨ ਨੂੰ ਜੰਗੀ ਜਹਾਜ਼ ਦੇਣ ਦੇ ਸੰਕੇਤ ਤੇ ਰੂਸ ਦੀ ਚਿਤਾਵਨੀ ਤੋਂ ਬਾਅਦ ਇਸ ਮਾਮਲੇ ’ਚ ਪੋਲੈਂਡ ਨੇ ਮਿਲੇ-ਜੁਲੇ ਸੰਕੇਤ ਦਿੱਤੇ ਹਨ। ਪੋਲੈਂਡ ਸਰਕਾਰ ਨੇ ਰਾਜਧਾਨੀ ਵਾਰਸਾ ’ਚ ਕਿਹਾ ਕਿ ਪੋਲੈਂਡ ਰੂੁਸ ਖ਼ਿਲਾਫ਼ ਇਸਤੇਮਾਲ ਲਈ ਯੂਕਰੇਨ ਨੂੰ ਆਪਣੇ ਜਹਾਜ਼ ਨਹੀਂ ਦੇਵੇਗਾ। ਪੋਲੈਂਡ ਦੇ ਉਪ ਵਿਦੇਸ਼ ਮੰਤਰੀ ਮਾਰਸਿਨ ਪ੍ਰਜਿਡੈਕਜ਼ ਨੇ ਇਕ ਇੰਟਰਵਿਊ ’ਚ ਕਿਹਾ, ਅਸੀਂ ਕਿਸੇ ਹੋਰ ਲਈ ਆਪਣੇ ਏਅਰਪੋਰਟ ਨਹੀਂ ਖੋਲ੍ਹਾਂਗੇ ਤੇ ਨਾ ਹੀ ਪੋਲੈਂਡ ਦੇ ਜੰਗੀ ਜਹਾਜ਼ ਯੂਕਰੇਨ ’ਚ ਜਾ ਕੇ ਲੜਨਗੇ। ਪਰ ਸਰਕਾਰ ਦੇ ਤਰਜ਼ਮਾਨ ਪੀਟਰ ਮੂਲਰ ਨੇ ਕਿਹਾ ਹੈ ਕਿ ਯੂਕਰੇਨ ਨੂੰ ਜੰਗੀ ਜਹਾਜ਼ ਦੇਣ ਦੇ ਮਾਮਲੇ ’ਚ ਹਾਲੇ ਆਖ਼ਰੀ ਫ਼ੈਸਲਾ ਨਹੀਂ ਲਿਆ ਗਿਆ।

ਕੂਟਨੀਤਕ ਯਤਨਾਂ ਤਹਿਤ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਤੇ ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ 10 ਮਾਰਚ ਨੂੰ ਤੁਰਕੀ ਦੇ ਅੰਤਾਲਿਆ ਸ਼ਹਿਰ ’ਚ ਮਿਲਣਗੇ। ਦੋਵੇਂ ਵਿਦੇਸ਼ ਮੰਤਰੀ ਰੂਸ ਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਨੂੰ ਖ਼ਤਮ ਕਰਵਾਉਣ ਦੀ ਸੰਭਾਵਨਾ ’ਤੇ ਗੱਲ ਕਰਨਗੇ। ਇਹ ਜਾਣਕਾਰੀ ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਟ ਕਾਵੂਸੋਗੂ ਨੇ ਦਿੱਤੀ ਹੈ।

Related posts

ਕੀ ਅਮਰੀਕਨ ਰਾਸ਼ਟਰਪਤੀ ਟਰੰਪ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਯੂਏਈ ‘ਚ ਮਿਲਣਗੇ ?

admin

ਘਾਨਾ ‘ਚ ‘ਰਾਸ਼ਟਰੀ ਦੁਖਾਂਤ’ : ਰੱਖਿਆ ਤੇ ਵਾਤਾਵਰਣ ਮੰਤਰੀਆਂ ਸਣੇ 8 ਲੋਕਾਂ ਦੀ ਮੌਤ !

admin

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੌਰਾਨ 878 ਪੱਤਰਕਾਰਾਂ ‘ਤੇ ਹਮਲੇ ਹੋਏ !

admin