ਮਹਿਲ ਕਲਾਂ – ਸੋਮਵਾਰ ਨੂੰ ਉੱਤਰ ਪ੍ਰਦੇਸ਼ ਵਿਧਾਨ ਸਭਾ ਲਈ ਆਖਰੀ ਗੇੜ ਦੀਆਂ ਚੋਣਾਂ ਸਮਾਪਤ ਹੋ ਗਈਆਂ ਹਨ, ਜਿਸ ਕਾਰਨ ਲੋਕਾਂ ’ਚ ਆਮ ਹੀ ਚਰਚਾ ਸੁਣਨ ਨੂੰ ਮਿਲ ਰਹੀ ਹੈ ਕਿ ਅੱਜ ਉੱਤਰ ਪ੍ਰਦੇਸ਼ ’ਚ ਆਖਰੀ ਗੇੜ ਦੀਆਂ ਚੋਣਾਂ ਮੁਕੰਮਲ ਹੋਣ ਉਪਰੰਤ ਕਿਸੇ ਵੀ ਸਮੇਂ ਤੇਲ ਕੀਮਤਾਂ ’ਚ ਭਾਰੀ ਵਾਧਾ ਹੋ ਸਕਦਾ ਹੈ। ਇਨ੍ਹਾਂ ਚਰਚਾਵਾਂ ਦਾ ਇਕ ਕਾਰਨ ਇਹ ਵੀ ਹੈ ਕਿ ਰੂਸ ਤੇ ਯੂਕਰੇਨ ਜੰਗ ਕਾਰਨ ਅੰਤਰਰਾਸ਼ਟਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਪ੍ਰਤੀ ਬੈਰਲ ਦੇ ਹਿਸਾਬ ਨਾਲ 2008 ਤੋਂ ਬਾਅਦ ਸਭ ਤੋਂ ਵੱਧ ਮਹਿੰਗਾ ਹੈ। ਜੇਕਰ ਅੰਤਰਰਾਸ਼ਟਰੀ ਪੱਧਰ ’ਤੇ ਤੇਲ ਕੀਮਤਾਂ ਵੱਧਣ ਦੇ ਬਾਵਜੂਦ ਭਾਰਤ ’ਚ ਤੇਲ ਕੀਮਤਾਂ ਸਥਿਰ ਰਹੀਆਂ ਤਾਂ ਇਸ ਦਾ ਮੁੱਖ ਕਾਰਨ ਪੰਜਾਬ, ਉਤਰ ਪ੍ਰਦੇਸ਼, ਉਤਰਾਖੰਡ, ਮਨੀਪੁਰ ਤੇ ਗੋਆ ’ਚ ਹੋਈਆਂ ਚੋਣਾਂ ਹਨ। ਅੱਜ ਵੋਟਿੰਗ ਦਾ ਕੰਮ ਮੁਕੰਮਲ ਹੋਣ ਤੋਂ ਪਹਿਲਾਂ ਹੀ ਪੈਟਰੋਲ ਪੰਪਾਂ ’ਤੇ ਡਰੰਮਾਂ ’ਚ ਡੀਜ਼ਲ ਲੈਣ ਲਈ ਟਰੈਕਟਰਾਂ ਦੀਆਂ ਕਤਾਰਾਂ ਦੇਖੀਆਂ ਗਈਆਂ। ਇਸ ਮੌਕੇ ਡੀਜ਼ਲ ਭਰਾਉਣ ਵਾਲੇ ਕਿਸਾਨ ਸਿੰਦਰ ਸਿੰਘ, ਬਲਦੇਵ ਸਿੰਘ, ਸੁਰਜੀਤ ਸਿੰਘ ਵਿਰਕ, ਪਰਗਟ ਸਿੰਘ, ਗਗਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਖਬਰ ਮਿਲੀ ਹੈ ਕਿ ਕੇਂਦਰ ਸਰਕਾਰ ਚੋਣਾਂ ਤੋਂ ਬਾਅਦ ਕਿਸੇ ਸਮੇਂ ਵੀ ਤੇਲ ਦੀਆਂ ਕੀਮਤਾਂ ’ਚ ਭਾਰੀ ਵਾਧਾ ਕਰ ਸਕਦੀ ਹੈ। ਜਿਸ ਕਰਕੇ ਉਹ ਅੱਜ ਤੇਲ ਪਵਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ’ਚ ਚਰਚਾ ਹੈ ਕਿ ਕੱਲ੍ਹ ਤਕ ਡੀਜ਼ਲ ਘੱਟੋਂ-ਘੱਟ 25 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਸਕਦਾ ਹੈ। ਭਾਰਤ ਪੈਟਰੋਲੀਅਮ ਮਹਿਲ ਕਲਾਂ ਦੇ ਸੋਨੂੰ ਕੁਮਾਰ ਨੇ ਕਿਹਾ ਕਿ ਅੱਜ ਤੇਲ ਪਹਿਲਾਂ ਮੁਕਾਬਲੇ ਜ਼ਿਆਦਾ ਵਿੱਕ ਰਿਹਾ ਹੈ। ਇਸ ਸਬੰਧੀ ਕੈਰੇ ਪੈਟਰੋਲ ਪੁਆਇੰਟ ਦੇ ਮੈਨੇਜਰ ਗੁਰਪ੍ਰੀਤ ਸਿੰਘ ਸਹਿਜੜਾ ਨੇ ਪੁਸ਼ਟੀ ਕੀਤੀ ਕਿ ਤੇਲ ਦੀ ਵਿੱਕਰੀ ਪਹਿਲਾਂ ਨਾਲੋਂ ਲਗਪਗ ਦੁੱਗਣੀ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਪਿਛਲੇ 124 ਦਿਨਾਂ ਤੋਂ ਦੇਸ਼ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਕੋਈ ਵਾਧਾ ਨਹੀਂ ਹੋਇਆ ਹੈ। ਜਦਕਿ ਇਸ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਜੇਕਰ ਰੂਸ-ਯੂਕਰੇਨ ਯੁੱਧ ਤੇਜ਼ ਹੁੰਦਾ ਹੈ ਤਾਂ ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧਾ ਜਾਰੀ ਰਹਿ ਸਕਦਾ ਹੈ ਤੇ ਇਸਦਾ ਸਿੱਧਾ ਅਸਰ ਆਉਣ ਵਾਲੇ ਕਣਕ ਦੇ ਸੀਜ਼ਨ ’ਤੇ ਲਾਜ਼ਮੀ ਪਵੇਗਾ। ਇਸ ਸਬੰਧੀ ਕਿਸਾਨ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜੰਗ ਹਮੇਸ਼ਾ ਖਤਰਨਾਕ ਹੁੰਦੀ ਹੈ ਤੇ ਰੂਸ-ਯੂਕਰੇਨ ਜੰਗ ਕਾਰਨ ਦੁਨੀਆ ਭਰ ’ਚ ਤੇਲ ਕੀਮਤਾਂ ਸਮੇਤ ਮਹਿੰਗਾਈ ਵਧਣ ਦਾ ਖਦਸ਼ਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਨੂੰ ਡੀਜ਼ਲ ਸਸਤੇ ਭਾਅ ਮੁਹੱਈਆ ਕਰਵਾਏ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਕਿਸਾਨ ਵਰਗ ਮਹਿੰਗਾਈ ਦੇ ਡਰੋਂ ਹੀ ਤੇਲ ਸਟੋਰ ਕਰ ਰਿਹਾ ਹੈ। ਉਨ੍ਹਾਂ ਦੀ ਜਥੇਬੰਦੀ ਪਹਿਲਾਂ ਹੀ ਕਿਸਾਨਾਂ ਲਈ ਸਸਤੇ ਭਾਅ ’ਤੇ ਡੀਜ਼ਲ ਦੀ ਮੰਗ ਕਰ ਰਹੀ ਹੈ। ਜੇਕਰ ਸਰਕਾਰ ਨੇ ਤੇਲ ਦੀਆਂ ਕੀਮਤਾਂ ’ਚ ਵਾਧਾ ਕੀਤਾ ਤਾਂ ਜਥੇਬੰਦੀ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ।