ਬਠਿੰਡਾ – ਅਮਰੀਕਾ ਦਾ ਸਿੱਖ ਡੈਲੀਗੇਸ਼ਨ ਸਿੱਖਾਂ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜਾ। ਤਖ਼ਤ ਸਾਹਿਬ ਦੇ ਮੈਨੇਜਰ ਨੇ ਡੈਲੀਗੇਟ ਵਿਚ ਸ਼ਾਮਲ ਸਿੱਖ ਆਗੂਆਂ ਦਾ ਨਿੱਘਾ ਸਵਾਗਤ ਕੀਤਾ। ਜਿੱਥੇ ਉਨ੍ਹਾਂ ਨੂੰ ਤਖ਼ਤ ਦਮਦਮਾ ਸਾਹਿਬ ਦੀ ਅਹਿਮੀਅਤ ’ਤੇ ਇਤਿਹਾਸ ਤੋਂ ਜਾਣੂ ਕਰਵਾਇਆ, ਉਥੇ ਇਤਿਹਾਸਕ ਸ਼ਸ਼ਤਰਾਂ ਦੇ ਦਰਸ਼ਨ ਕਰਵਾਏ ਤੇ ਜਾਣਕਾਰੀ ਦਿੱਤੀ। ਇਸ ਮਗਰੋਂ ਗੁਰਚਰਨ ਸਿੰਘ ਪ੍ਰਧਾਨ ਵਰਲਡ ਯੂਨਾਈਟਿਡ ਸੰਸਥਾ ਤੇ ਉਨ੍ਹਾਂ ਦੇ ਸਾਥੀਆਂ ਜਿਸ ਵਿਚ ਡਾ. ਸੁਰਿੰਦਰ ਸਿੰਘ ਗਿੱਲ ਸਕੱਤਰ ਸਿੱਖਸ ਆਫ ਯੂਐੱਸਏ, ਰਜਿੰਦਰ ਕੌਰ ਗਿੱਲ ਤੇ ਸਵਰਨਜੀਤ ਸਿੰਘ ਦਿੱਲੀ ਤਖ਼ਤ ਸਾਹਿਬ ਦੇ ਨਾਲ ਨਾਲ ਹੋਰ ਗੁਰੂ ਘਰਾਂ ਵਿਚ ਨਤਮਸਤਕ ਹੋਏ।
ਬੁਰਜ ਬਾਬਾ ਦੀਪ ਸਿੰਘ ਦੇ ਇਤਿਹਾਸ ਦੀ ਜਾਣਕਾਰੀ ਗ੍ਰੰਥੀ ਸਾਹਿਬ ਨੇ ਵਿਸਥਾਰ ਵਿਚ ਦਿੱਤੀ। ਇਸ ਤੋਂ ਬਾਅਦ ਡੈਲੀਗੇਸ਼ਨ ਨੇ ਨੌਂਵੀਂ ਪਾਤਸ਼ਾਹੀ ਦੇ ਗੁਰ ਅਸਥਾਨ ’ਤੇ ਨਤਮਸਤਕ ਹੋਏ, ਜਿੱਥੇ ਨੌਵੇਂ ਪਾਤਿਸ਼ਾਹ ਦੇ ਭੋਰੇ ਦੇ ਦਰਸ਼ਨ ਕੀਤੇ। ਦੂਸਰੇ ਪੜਾਅ ਦੌਰਾਨ ਉਨ੍ਹਾਂ ਗੁਰਦੁਆਰਾ ਮਸਤੂਆਣਾ ਸਾਹਿਬ ਮੱਥਾ ਟੇਕਿਆ, ਜਿੱਥੇ ਬੁੰਗਾ ਮਸਤੂਆਣਾ ਦੇ ਮੁੱਖ ਸੇਵਾਦਾਰ ਭਾਈ ਕਾਕਾ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਆਪਣੇ ਹੱਥੀਂ ਲੰਗਰ ਬਣਾ ਕੇ ਛਕਾਇਆ। ਜਿੱਥੇ ਉਨ੍ਹਾਂ ਵਧੀਆ ਗ੍ਰੰਥੀ ਤੇ ਕੀਰਤਨੀਏ ਮੁਹੱਈਆ ਕਰਵਾਉਣ ਦਾ ਜ਼ਿਕਰ ਕੀਤਾ। ਉੱਥੇ ਵਧੀਆ ਸਕੂਲ ਦਾ ਨਿਰਮਾਣ ਕਰਨ ਦੀ ਗੱਲ ਕੀਤੀ। ਬਾਬਾ ਕਾਕਾ ਸਿੰਘ ਨੇ ਕਿਹਾ ਕਿ ਪਿ੍ਰੰ. ਸੁਰਿੰਦਰ ਸਿੰਘ ਗਿੱਲ ਯੂਐੱਸਏ ਤੋਂ ਵਾਪਸ ਆ ਜਾਣ ਤਾਂ ਅਸੀਂ ਹਰ ਸਹੂਲਤ ਦੇਵਾਂਗੇ ਕਿਉਕਿ ਡਾ. ਗਿੱਲ ਦਾ ਸਿੱਖਿਆ ਖੇਤਰ ਵਿਚ ਬਹੁਤ ਯੋਗਦਾਨ ਹੈ। ਤੀਜੇ ਪੜਾਅ ਵਿਚ ਗੁਰੂ ਸਾਹਿਬ ਦੇ ਚੋਲੇ, ਤੇਗ, ਗੁਰੂ ਗ੍ਰੰਥ ਸਾਹਿਬ ਤੇ ਬਾਜ਼ ਦੀ ਡੋਰ ਦੇ ਦਰਸ਼ਨ ਬਾਬਾ ਡੱਲ ਸਿੰਘ ਦੇ ਕੁਲ ਦੇ ਸੇਵਾਦਾਰਾਂ ਰਾਹੀ ਕੀਤੇ।