ਨਵੀਂ ਦਿੱਲੀ – ਭਗੌੜੇ ਕਾਰੋਬਾਰੀ ਵਿਜੈ ਮਾਲਿਆ ਦੇ ਖਿਲਾਫ ਮਾਣਹਾਨੀ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 10 ਮਾਰਚ ਨੂੰ ਹੋਵੇਗੀ। ਜਸਟਿਸ ਯੂਯੂ ਲਲਿਤ, ਰਵਿੰਦਰ ਐਸ ਭੱਟ ਅਤੇ ਪੀਐਸ ਨਰਸਿਮਹਾ ਨੇ ਐਮੀਕਸ ਕਿਊਰੀ ਸੀਨੀਅਰ ਐਡਵੋਕੇਟ ਜੈਦੀਪ ਗੁਪਤਾ ਦੀ ਬੇਨਤੀ ‘ਤੇ ਸੁਣਵਾਈ ਮੁਲਤਵੀ ਕਰ ਦਿੱਤੀ। ਸਿਖਰਲੀ ਅਦਾਲਤ ਨੇ ਐਮੀਕਸ ਕਿਊਰੀ ਅਤੇ ਸੀਨੀਅਰ ਵਕੀਲ ਜੈਦੀਪ ਗੁਪਤਾ ਦੀ ਦਲੀਲ ਨੂੰ ਸਵੀਕਾਰ ਕਰ ਲਿਆ ਕਿ ਸਜ਼ਾ ਦੇ ਮੁੱਦੇ ‘ਤੇ ਮਾਲਿਆ ਨੂੰ ਮਾਮਲੇ ‘ਚ ਆਪਣਾ ਪੱਖ ਪੇਸ਼ ਕਰਨ ਦਾ ਆਖਰੀ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਸੁਣਵਾਈ ਦੌਰਾਨ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਸਪੱਸ਼ਟ ਕੀਤਾ ਸੀ ਕਿ ਇਹ ਭਾਰਤ ਸਰਕਾਰ ਦਾ ਸਟੈਂਡ ਨਹੀਂ ਹੈ ਕਿ ਲੰਡਨ ਵਿੱਚ ਇਸ ਮਾਮਲੇ ਵਿੱਚ ਕੁਝ ਗੁਪਤ ਚੱਲ ਰਿਹਾ ਹੈ।ਵਿਜੈ ਮਾਲਿਆ ਨੂੰ 9 ਮਈ 2017 ਨੂੰ ਅਦਾਲਤ ਤੋਂ ਜਾਣਕਾਰੀ ਛੁਪਾਉਣ ਦੇ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਸੀ। ਅਦਾਲਤ ਨੇ ਮਾਲਿਆ ਨੂੰ ਆਪਣੇ ਬੱਚਿਆਂ ਦੇ ਖਾਤਿਆਂ ਵਿੱਚ $40 ਮਿਲੀਅਨ ਟਰਾਂਸਫਰ ਕਰਨ ਅਤੇ ਜਾਇਦਾਦ ਦੇ ਸਹੀ ਵੇਰਵੇ ਦੇਣ ਵਿੱਚ ਅਸਫਲ ਰਹਿਣ ਦੇ ਹੁਕਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ। ਅਦਾਲਤ ਨੇ ਮਾਲਿਆ ਨੂੰ ਕਈ ਵਾਰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ।ਜ਼ਿਕਰਯੋਗ ਹੈ ਕਿ 10 ਫਰਵਰੀ ਨੂੰ ਅਦਾਲਤ ਨੇ ਮਾਲਿਆ ਨੂੰ ਆਪਣੇ ਖਿਲਾਫ ਮਾਣਹਾਨੀ ਦੇ ਮਾਮਲੇ ‘ਚ ਨਿੱਜੀ ਤੌਰ ‘ਤੇ ਜਾਂ ਵਕੀਲ ਰਾਹੀਂ ਪੇਸ਼ ਹੋਣ ਲਈ ਦੋ ਹਫਤਿਆਂ ਦਾ ਸਮਾਂ ਦਿੱਤਾ ਸੀ। ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜੇਕਰ ਮਾਲਿਆ ਆਪਣਾ ਪੱਖ ਪੇਸ਼ ਨਹੀਂ ਕਰਦਾ ਹੈ ਤਾਂ ਅਦਾਲਤ ਮਾਮਲੇ ਨੂੰ ਇਸ ਦੇ ਤਰਕਪੂਰਨ ਸਿੱਟੇ ਤਕ ਲੈ ਕੇ ਜਾਵੇਗੀ। ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਬੈਂਕਾਂ ਨੇ ਹੁਣ ਤਕ ਵਿਜੇੈ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੋਕਸੀ ਤੋਂ 18,000 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੀਐਮਐਲਏ ਤਹਿਤ ਅਦਾਲਤ ਵੱਲੋਂ ਜਾਰੀ ਹੁਕਮਾਂ ਤਹਿਤ ਈਡੀ ਨੇ ਵਿਜੈ ਮਾਲਿਆ, ਨੀਰਵ ਮੋਦੀ ਅਤੇ ਚੋਕਸੀ ਦੀ 18,000 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ।
previous post