ਚੰਡੀਗੜ੍ਹ – ਪੰਜਾਬ ‘ਆਪ’ ਦੇ ਪ੍ਰਧਾਨ ਭਗਵੰਤ ਮਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਹੀ ਸਰਗਰਮ ਹੋ ਗਏ ਹਨ। ਉਨ੍ਹਾਂ ਸੂਬੇ ਦੇ ਮੁੱਖ ਸਕੱਤਰ ਅਤੇ ਡੀਜੀਪੀ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਪਹਿਲਾ ਪ੍ਰਸ਼ਾਸਨਿਕ ਹੁਕਮ ਜਾਰੀ ਹੋਇਆ ਅਤੇ ਏ ਵੇਣੂਪ੍ਰਸਾਦ ਨੂੰ ਨਵੇਂ ਮੁੱਖ ਮੰਤਰੀ ਦਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ। ਸੂਬੇ ਦੇ 1991 ਬੈਚ ਦੇ ਆਈਏਐਸ ਅਧਿਕਾਰੀ ਵੇਣੂਪ੍ਰਸਾਦ ਨੂੰ ਭਗਵੰਤ ਮਾਨ ਦਾ ਪ੍ਰਮੁੱਖ ਸਕੱਤਰ ਬਣਾਇਆ ਗਿਆ ਹੈ। ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਦੀ ਥਾਂ ਲੈਣਗੇ। ਵੇਣੂਪ੍ਰਸਾਦ ਮੌਜੂਦਾ ਸਮੇਂ ਟੈਕਸੇਸ਼ਨ ਵਿਭਾਗ ‘ਚ ਅਡੀਸ਼ਨਲ ਪ੍ਰਿੰਸੀਪਲ ਸਕੱਤਰ ਵਜੋਂ ਤਾਇਨਾਤ ਹਨ ਤੇਹ ਹੁਣ ਟੂਰਿਜ਼ਮ ਐਂਡ ਕਲਚਰਲ ਵਿਭਾਗ ਦਾ ਪ੍ਰਿੰਸੀਪਲ ਸਕੱਤਰ ਬਣਾਇਆ ਹੈ। ਪੰਜਾਬ ‘ਚ ਸੱਤਾ ਤਬਦੀਲੀ ਅਤੇ ਭਗਵੰਤ ਮਾਨ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਇਹ ਪਹਿਲਾ ਬਿਊਰੋਕ੍ਰੇਟਿਕ ਹੁਕਮ ਹੈ।
ਭਗਵੰਤ ਮਾਨ ਨੇ ਬੀਤੀ ਰਾਤ ਮੁੱਖ ਸਕੱਤਰ ਅਨਿਰੁਧ ਤਿਵਾੜੀ ਤੇ ਡੀਜੀਪੀ ਵੀਕੇ ਭਾਵਰਾ ਨਾਲ ਅੱਧਾ ਘੰਟਾ ਮੀਟਿੰਗ ਕਰਨ ਤੋਂ ਬਾਅਦ ਨਵੇਂ ਸੀਐਮਓ ‘ਚ ਤਾਇਨਾਤ ਕੀਤੇ ਜਾਣ ਵਾਲੇ ਅਧਿਕਾਰੀਆਂ ਬਾਰੇ ਵੀ ਗੱਲਬਾਤ ਕੀਤੀ ਦੱਸੀ ਜਾਂਦੀ ਹੈ। ਹਾਲਾਂਕਿ ਇਸ ਅਹੁਦੇ ‘ਤੇ ਅਜੇ ਸ਼ਰਮਾ, ਏਕੇ ਸਿਨਹਾ ਤੇ ਕ੍ਰਿਸ਼ਨ ਕੁਮਾਰ ਦੇ ਨਾਂ ਵੀ ਚੱਲ ਰਹੇ ਸਨ ਪਰ ਸੀਨੀਅਰ ਅਧਿਕਾਰੀ ਏ.ਵੇਣੂਪ੍ਰਸਾਦ ‘ਤੇ ਸਹਿਮਤੀ ਬਣ ਗਈ ਹੈ। ਵੇਣੂਪ੍ਰਸਾਦ ਟੈਕਸੇਸ਼ਨ ਦਾ ਚਾਰਜ ਸੰਭਾਲਣ ਦੇ ਨਾਲ-ਨਾਲ ਲੰਬੇ ਸਮੇਂ ਤੋਂ ਪਾਵਰਕੌਮ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਵੀ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਿਆਸੀ ਇਤਿਹਾਸ ’ਚ ਪਹਿਲੀ ਵਾਰੀ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਸੂਬੇ ’ਚ ਕਿਸੇ ਅਜਿਹੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ, ਜਿਸ ਦੀ ਸਿਰਫ਼ ਅੱਠ ਸਾਲ ਪਹਿਲਾਂ ਇੱਥੋਂ ਦੀ ਸਿਆਸਤ ’ਚ ਐਂਟਰੀ ਹੋਈ ਸੀ। ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ 16 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕਡ਼ ਕਲਾਂ (ਨਵਾਂਸ਼ਹਿਰ) ’ਚ 12.30 ਵਜੇ ਪੰਜਾਬ ਦੇ 26ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਵੈਸੇ ਭਗਵੰਤ ਮਾਨ 1966 ’ਚ ਪੰਜਾਬ ਦੇ ਪੁਨਰਗਠਨ ਦੇ ਬਾਅਦ ਸੂਬੇ ਦੇ 19ਵੇਂ ਮੁੱਖ ਮੰਤਰੀ ਹੋਣਗੇ।
ਜਾਣਕਾਰੀ ਮੁਤਾਬਕ ਭਗਵੰਤ ਮਾਨ ਨਾਲ ਨਵੇਂ ਬਣੇ ਵਿਧਾਇਕ ਹਰਪਾਲ ਚੀਮਾ ਦਿੜਬਾ ਤੋਂ, ਅਮਨ ਅਰੋੜਾ ਸੁਨਾਮ ਤੋਂ, ਕੁਲਤਾਰ ਸਿੰਘ ਸੰਧਵਾਂ ਕੋਟਕਪੂਰਾ ਤੋਂ, ਹਰਜੋਤ ਬੈਂਸ ਸ੍ਰੀ ਅਨੰਦਪੁਰ ਸਾਹਿਬ ਤੋਂ, ਨੀਨਾ ਮਿੱਤਲ ਰਾਜਪੁਰੇ ਤੋਂ ਤੇ ਜੀਵਨਜੋਤ ਕੌਰ ਅੰਮ੍ਰਿਤਸਰ ਤੋਂ ਬਤੌਰ ਕੈਬਨਿਟ ਮੰਤਰੀ ਸਹੁੰ ਚੁੱਕਣਗੇ। ਸੂਤਰਾਂ ਮੁਤਾਬਕ ਇਸ ਵਾਰ ਛੋਟੀ ਕੈਬਨਿਟ ਰੱਖੀ ਜਾਵੇਗੀ। ਇਸ ਦਾ ਵਿਸਥਾਰ ਵੀ ਸੰਭਵ ਹੋ ਸਕਦਾ ਹੈ। ਭਾਵੇਂ ਕਿ ਹਾਲੇ ਵਿਭਾਗਾਂ ਦੀ ਵੰਡ ਨੂੰ ਲੈ ਕੇ ਸਥਿਤੀ ਸਪਸ਼ਟ ਨਹੀਂ ਹੈ।