ਸ੍ਰੀਨਗਰ – ਦੱਖਣੀ ਕਸ਼ਮੀਰ ਦੇ ਸ਼ੋਪੀਆਂ ’ਚ ਸੀਆਰਪੀਐੱਫ ਮੁਲਾਜ਼ਮ ਦੀ ਹੱਤਿਆ ਕਰਨ ਵਾਲੇ ਅੱਤਵਾਦੀ ਨੂੰ ਪੁਲਿਸ ਨੇ ਐਤਵਾਰ ਨੂੰ ਫੜ ਲਿਆ। ਹੱਤਿਆ ’ਚ ਇਸਤੇਮਾਲ ਪਿਸਤੌਲ ਵੀ ਬਰਾਮਦ ਕਰ ਲਈ ਗਈ ਹੈ। ਇਸ ਅੱਤਵਾਦੀ ਨਾਲ ਕੰਮ ਕਰਨ ਵਾਲੇ ਇਕ ਓਵਰ ਗਰਾਉਂਡ ਵਰਕਰ (ਓਜੀਡਬਲਯੂ) ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਹੈ। ਇਹ ਹੱਤਿਆ ਲਸ਼ਕਰ-ਇ-ਤਇਬਾ ਦੇ ਕਮਾਂਡਰ ਆਬਿਦ ਰਮਜ਼ਾਨ ਸ਼ੇਖ ਨੇ ਕਰਵਾਈ ਸੀ। ਸ਼ੋਪੀਆਂ ਜ਼ਿਲ੍ਹੇ ਦੇ ਚੱਕ ਚੋਟੀਪਾਰਾ ’ਚ ਛੁੱਟੀ ’ਤੇ ਘਰ ਆਏ ਸੀਆਰਪੀਐੱਫ ਮੁਲਾਜ਼ਮ ਮੁਖਤਾਰ ਅਹਿਮਦ ਡੋਈ ਦੀ ਅੱਤਵਾਦੀਆਂ ਨੇ ਬੀਤੇ ਸ਼ਨਿਚਰਵਾਰ ਸ਼ਾਮ ਨੂੰ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਤੋਂ ਹੀ ਪੁਲਿਸ ਤੇ ਸੁਰੱਖਿਆ ਬਲ ਨੇ ਅੱਤਵਾਦੀਆਂ ਨੂੰ ਫੜਨ ਲਈ ਮੁਹਿੰਮ ਚਲਾਈ ਸੀ। ਸੀਸੀਟੀਵੀ ਕੈਮਰੇ ਦੇ ਫੁਟੇਜ ਵੀ ਖੰਗਾਲੇ ਗਏ। ਘਟਨਾ ਦੇ 12 ਘੰਟੇ ਦੇ ਅੰਦਰ ਪੁਲਿਸ ਨੇ ਅੱਤਵਾਦੀ ਨੂੰ ਗਿ੍ਰਫ਼ਤਾਰ ਕਰ ਲਿਆ। ਕਸਮੀਰ ਦੇ ਆਈਜੀਪੀ ਵਿਜੇ ਕੁਮਾਰ ਨੇ ਅੱਤਵਾਦੀ ਨੂੰ ਫੜੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹੱਤਿਆ ਨੂੰ ਅੰਜਾਮ ਦਿੰਦੇ ਸਮੇਂ ਅੱਤਵਾਦੀ ਨਾਲ ਇਕ ਓਵਰਗਰਾਊਂਡ ਵਰਕਰ ਵੀ ਸੀ, ਉਸ ਨੂੰ ਫੜਿਆ ਗਿਆ ਹੈ। ਬੀਤੇ 12 ਦਿਨਾਂ ’ਚ ਅੱਤਵਾਦੀ ਕਸ਼ਮੀਰ ’ਚ ਤਿੰਨ ਪੰਚਾਇਤ ਨੁਮਾਇੰਦਿਆਂ ਦੀ ਹੱਤਿਆ ਕਰ ਚੁੱਕੇ ਹਨ। ਪੁਲਿਸ ਨੇ ਪੁਲਵਾਮਾ ਜ਼ਿਲ੍ਹੇ ’ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਲਈ ਕੰਮ ਕਰਨ ਵਾਲੇ ਚਾਰ ਮਦਦਗਾਰਾਂ ਨੂੰ ਵੀ ਹਿਰਾਸਤ ’ਚ ਲੈ ਲਿਆ ਹੈ। ਪੁਲਿਸ ਮੁਤਾਬਕ ਪੁਲਵਾਮਾ ਥਾਣੇ ’ਚ ਦੋ ਐੱਫਆਈਆਰ ਦਰਜ ਕੀਤੀਆਂ ਗਈਆਂ ਸਨ। ਇਨ੍ਹਾਂ ਦੇ ਆਧਾਰ ’ਤੇ ਹੀ ਜਾਂਚ ਹੋ ਰਹੀ ਸੀ। ਇਸ ’ਚ ਚਾਰ ਨੌਜਵਾਨਾਂ ਦੇ ਅੱਤਵਾਦੀਆਂ ਦੇ ਮਦਦਗਾਰ ਦੇ ਤੌਰ ’ਤੇ ਕੰਮ ਕਰਨ ਦਾ ਪਤਾ ਲੱਗਿਆ। ਇਹ ਸਾਰੇ ਜੈਸ਼ ਦੀਆਂ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇਣ ਲਈ ਗੱਡੀਆਂ ਦਾ ਪ੍ਰਬੰਧ ਕਰਨ ਤੋਂ ਇਲਾਵਾ ਹੋਰ ਕਈ ਸਾਮਾਨ ਮੁਹਈਆ ਕਰਵਾਉਂਦੇ ਸਨ। ਫੜੇ ਗਏ ਅੱਤਵਾਦੀਆਂ ਦੇ ਮਦਦਗਾਰਾਂ ’ਚ ਇਮਤਿਆਜ਼ ਅਹਿਮਦ ਰਾਥਰ ਨਿਵਾਸੀ ਚੀਵਾਕਲਾਂ, ਨਸੀਰ ਅਹਿਮਦ ਮਲਿਕ ਨਿਵਾਸੀ ਵਸੂਰਾ, ਰਈਸ ਅਹਿਮਦ ਸ਼ੇਖ ਨਿਵਾਸੀ ਖਾਨਪੋਰਾ ਨੇਵਾ ਤੇ ਯਾਵਰ ਰਸ਼ੀਦ ਗਨਈ ਨਿਵਾਸੀ ਗਡੂਰਾ ਪੁਲਵਾਮਾ ਸ਼ਾਮਿਲ ਹਨ। ਇਨ੍ਹਾਂ ’ਚ ਨਸੀਰ ਇਕ ਮਦਰਸੇ ਦਾ ਪ੍ਰਸ਼ਾਸਕ ਹੈ। ਸ਼ਨਿਚਰਵਾਰ ਨੂੰ ਚੀਵਾਕਲਾਂ ’ਚ ਜੈਸ਼ ਦੇ ਦੋ ਅੱਤਵਾਦੀ ਸੁਰੱਖਿਆ ਬਲਾਂ ਨੇ ਢੇਰ ਕਰ ਦਿੱਤੇ ਸਨ। ਇਕ ਅੱਤਵਾਦੀ ਨੂੰ ਫੜਿਆ ਵੀ ਗਿਆ ਸੀ।