ਨਵੀਂ ਦਿੱਲੀ – ਭਾਜਪਾ ਸੰਸਦੀ ਬੋਰਡ ਨੇ ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਉੱਤਰ ਪ੍ਰਦੇਸ਼ ਲਈ ਨਿਗਰਾਨ ਨਿਯੁਕਤ ਕੀਤਾ ਹੈ। ਉਨ੍ਹਾਂ ਦੇ ਨਾਲ ਰਘੁਵਰ ਦਾਸ ਨੂੰ ਵੀ ਯੂਪੀ ਦਾ ਕੋ-ਸੁਪਰਵਾਈਜ਼ਰ ਬਣਾਇਆ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਉੱਤਰਾਖੰਡ ਦੇ ਨਿਗਰਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮੀਨਾਕਸ਼ੀ ਲੇਖੀ ਉੱਤਰਾਖੰਡ ਦੀ ਸਹਿ-ਸੁਪਰਵਾਈਜ਼ਰ ਹੋਵੇਗੀ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਮਣੀਪੁਰ ਦਾ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਕਿਰਨ ਰਿਜਿਜੂ ਮਨੀਪੁਰ ਦੇ ਸਹਿ-ਨਿਗਰਾਨ ਹੋਣਗੇ। ਇਸੇ ਤਰ੍ਹਾਂ ਨਰਿੰਦਰ ਸਿੰਘ ਤੋਮਰ ਨੂੰ ਗੋਆ ਦੇ ਅਬਜ਼ਰਵਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਕੇਂਦਰੀ ਮੰਤਰੀ ਐੱਲ. ਮੁਰੂਗਨ ਗੋਆ ਦੇ ਸਹਿ-ਨਿਗਰਾਨ ਵਜੋਂ ਅਹੁਦਾ ਸੰਭਾਲਣਗੇ। ਨਵੀਂ ਸਰਕਾਰ ਦੇ ਗਠਨ ਵਿੱਚ ਸਾਰੇ ਨਿਗਰਾਨ ਅਹਿਮ ਭੂਮਿਕਾ ਨਿਭਾਉਣਗੇ।ਉਮੀਦ ਕੀਤੀ ਜਾ ਰਹੀ ਹੈ ਕਿ ਹੋਲੀ ਤੋਂ ਬਾਅਦ ਯੂਪੀ ਵਿੱਚ ਸਰਕਾਰ ਬਣੇਗੀ। ਇਸੇ ਸਿਲਸਿਲੇ ‘ਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦਿੱਲੀ ਆਏ ਹਨ। ਉਨ੍ਹਾਂ ਨੇ ਦਿੱਲੀ ‘ਚ ਪ੍ਰਧਾਨ ਮੰਤਰੀ ਮੋਦੀ, ਭਾਜਪਾ ਪ੍ਰਧਾਨ ਨੱਡਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਯੂਪੀ ਵਿੱਚ ਨਵੀਂ ਸਰਕਾਰ ਦੇ ਗਠਨ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਮੰਤਰੀ ਮੰਡਲ ‘ਚ ਕਿਹੜੇ-ਕਿਹੜੇ ਚਿਹਰਿਆਂ ਨੂੰ ਸ਼ਾਮਲ ਕੀਤਾ ਜਾਵੇਗਾ, ਉਨ੍ਹਾਂ ਦੇ ਨਾਵਾਂ ‘ਤੇ ਮੰਥਨ ਕੀਤਾ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਯੂਪੀ ਵਿੱਚ ਭਾਜਪਾ ਨੇ ਸਹਿਯੋਗੀ ਪਾਰਟੀਆਂ ਨਾਲ ਮਿਲ ਕੇ 403 ਵਿਧਾਨ ਸਭਾ ਸੀਟਾਂ ਵਿੱਚੋਂ 273 ਸੀਟਾਂ ਜਿੱਤੀਆਂ ਹਨ ਜਦਕਿ ਸਮਾਜਵਾਦੀ ਪਾਰਟੀ ਨੂੰ 111 ਸੀਟਾਂ ਮਿਲੀਆਂ ਹਨ। ਦੂਜੇ ਪਾਸੇ ਉੱਤਰਾਖੰਡ ਦੀਆਂ 70 ਵਿਧਾਨ ਸਭਾ ਸੀਟਾਂ ‘ਚੋਂ ਭਾਜਪਾ ਨੇ 47 ‘ਤੇ ਜਿੱਤ ਦਰਜ ਕੀਤੀ ਹੈ। ਉੱਤਰਾਖੰਡ ਵਿੱਚ ਕਾਂਗਰਸ ਨੂੰ 19 ਸੀਟਾਂ ਨਾਲ ਸੰਤੁਸ਼ਟ ਹੋਣਾ ਪਿਆ ਹੈ। ਦੂਜੇ ਪਾਸੇ ਗੋਆ ਦੀਆਂ 40 ਵਿਧਾਨ ਸਭਾ ਸੀਟਾਂ ਵਿੱਚੋਂ ਭਾਜਪਾ ਨੂੰ 20 ਸੀਟਾਂ ਮਿਲੀਆਂ ਹਨ। ਭਾਜਪਾ ਨੇ ਮਨੀਪੁਰ ਦੀਆਂ 60 ਵਿਧਾਨ ਸਭਾ ਸੀਟਾਂ ਵਿੱਚੋਂ 32 ਸੀਟਾਂ ਜਿੱਤੀਆਂ ਹਨ।